ਗੱਲ ਬੱਸ ਏਨੀ ਹੈ ਕਿ ਜਿਹੜੀ ਗਲਤੀ ਇੰਦਰਾ ਗਾਂਧੀ ਨੇ ਕੀਤੀ ਸੀ, ਮੋਦੀ ਨੇ ਉਹ ਨਹੀਂ ਦੁਹਰਾਈ। ਕਾਂਗਰਸ ਸਾਨੂੰ ਮਾਰ ਮਾਰ ਖਤਮ ਕਰਨ ਦੇ ਰਾਹ ਪਈ ਸੀ ਤੇ ਸੰਘੀ ਜਜ਼ਬ ਕਰਨ ਵਾਲੇ ਪਾਸੇ ਤੁਰੇ ਹਨ। ਸੰਘੀਆਂ ਦਾ ਇਹ ਹੈ ਬਈ ਜਿੱਥੇ ਰੋਕ ਲੱਗ ਜਵੇ, ਪੈਰ ਪਿਛਾਂਹ ਰੱਖ ਲੈੰਦੇ ਹਨ। ਅੜੀ ਬਹੁਤਾ ਚਿਰ ਨੀ ਕਰਦੇ, ਜਿਵੇਂ ਇੰਦਰਾ ਕਰ ਗਈ ਸੀ।

ਬੇਸ਼ੱਕ ਇਹ ਉਨ੍ਹਾਂ ਦੀ ਵਕਤੀ ਬੇਇੱਜ਼ਤੀ ਲੱਗੇ ਪਰ ਅੱਗੇ ਵਧਣ ਲਈ ਕਈ ਵਾਰ ਪਿੱਛੇ ਹਟਣਾ ਪੈੰਦਾ। ਮੋਦੀ ਦਾ ਅਕਸ ਬੇਸ਼ੱਕ ਨਾ ਝੁਕਣ ਵਾਲਾ ਬਣਾਇਆ ਸੀ ਪਰ ਬਣਾਇਆ ਤਾਂ ਕੁਰਸੀ ਲਈ ਹੀ ਸੀ ਤੇ ਜੇ ਕੁਰਸੀ ਹੀ ਚਲੀ ਗਈ, ਅਕਸ ਨੂੰ ਕੀ ਕਰਨਾ? ਸੋ ਸੰਘ ਦੇ ਵਿਦਿਆਰਥੀ ਮੋਦੀ ਨੇ ਅਖੀਰ ਅਕਸ ਨਾਲ਼ੋਂ ਕੁਰਸੀ ਚੁਣੀ, ਬੇਸ਼ੱਕ ਯੂ-ਟਰਨ ਮਾਰਦਿਆਂ ਮਗਰ ਟਰਾਲੀ ਬੈਠੇ ਭਗਤ ਵੱਟਾਂ ‘ਚ ਪਏ ਆਲੂਆਂ ਵਾਂਗ ਖਿਲਾਰ ਦਿੱਤੇ।

ਕਿਸਾਨ-ਮਜ਼ਦੂਰਾਂ ਤੇ ਇਸ ਮੋਰਚੇ ਨਾਲ ਜੁੜੇ ਹਰ ਸ਼ਖ਼ਸ ਦੀ ਇਹ ਜਿੱਤ ਹੈ, ਚਾਹੇ ਉਹ ਕਿੱਥੇ ਵੀ ਬੈਠਾ ਕੁਝ ਕਰ ਰਿਹਾ ਸੀ, ਬੇਸ਼ੱਕ ਜਿੱਤ ਦੀ ਅਰਦਾਸ ਹੀ ਹੋਵੇ। ਮੇਰੀ ਸੋਚ ਮੁਤਾਬਕ ਨਾ ਇਸ ਲਈ ਸਰਕਾਰ ਜਾਂ ਮੋਦੀ ਦਾ ਸਵਾਗਤ ਕਰਨਾ ਬਣਦਾ ਤੇ ਨਾ ਸ਼ੁਕਰਾਨਾ। ਉਸਨੇ ਗਲਤ ਫੈਸਲਾ ਲਿਆ ਸੀ, ਆਪਣੀ ਗਲਤੀ ਸੁਧਾਰਨ ਲੱਗਾ। ਦੇਰ ਆਏ, ਦਰੁਸਤ ਆਏ।

ਇਸਦੇ ਨਾਲ ਹੀ ਆਪਣੀ ਜਿੱਤ ਨੂੰ ਮਨਾਉਂਦਿਆਂ, ਹਾਰੀ ਧਿਰ ਨੂੰ ਜ਼ਲੀਲ ਕਰਨ ਦੀ ਵੀ ਲੋੜ ਨੀ ਹੁੰਦੀ। ਜਿੱਤ ਜਿੱਤ ਹੁੰਦੀ ਹੈ, ਬੱਸ ਜਿੱਤ ਦੇ ਨਸ਼ੇ ਦਾ ਸਰੂਰ ਲਵੋ, ਕਿਸੇ ਨੂੰ ਨੀਵਾਂ ਨਾ ਦਿਖਾਓ।

ਜਿੰਨਾ ਚਿਰ ਬਿੱਲਾਂ ਬਾਰੇ ਸਰਕਾਰੀ ਤੌਰ ‘ਤੇ ਲਿਖਤੀ ਸਾਰੀ ਗੱਲ ਨਹੀਂ ਬਣ ਜਾਂਦੀ ਤਦ ਤੱਕ ਮੋਰਚਾ ਛੱਡਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਬੱਸ ਲਿਖਤ ‘ਚ ਨਾ ਮਾਰ ਖਾਈਏ, ਉਹ ਸਹੀ ਲਿਖੀ ਜਾਵੇ, ਇਸ ਗੱਲ ‘ਤੇ ਪਹਿਰਾ ਦੇਈਏ।

ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ। ਗੁਰਪੁਰਬ ਵਾਲੇ ਦਿਨ ਮੋਦੀ ਨੇ ਇਹ ਐਲਾਨ ਕਰਕੇ ਕੀ ਸੁਨੇਹਾ ਦਿੱਤਾ ਹੈ, ਸਮਝਣ ਵਾਲੇ ਸਮਝ ਗਏ ਹਨ, ਜਿਨ੍ਹਾਂ ਨਹੀਂ ਸਮਝਣਾ, ਉਨ੍ਹਾਂ ਨੂੰ ਸਮਝਾਉਣ ਦੀ ਵੀ ਲੋੜ ਨਹੀਂ।

ਖੁਸ਼ੀ ‘ਚ ਖੀਵੇ ਹੋਏ ਭਾਜਪਾ ਦੀ ਝੋਲੀ ਡਿਗਣ ਤੋਂ ਵੀ ਬਚਣਾ।

ਆਪ ਸਭ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀ ਬਹੁਤ ਬਹੁਤ ਵਧਾਈ, ਜਿਸਨੇ ਸਾਨੂੰ ਅੜਨਾ ਤੇ ਵਿਚਾਰ ਕਰਨਾ ਦੋਵੇਂ ਸਿਖਾਇਆ।