ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਕਾਂਗਰਸ ਦੇ ਨਵੇਂ ਪ੍ਰਧਾਨ ਨਾਲ ਮੁਲਾਕਾਤ ਸਬੰਧੀ ਵੀ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ।
ਇਸ ਦੌਰਾਨ ਪਾਰਟੀ ਤੋਂ ਕੱਢੇ ਗਏ ਸੁਰਜੀਤ ਧੀਮਾਨ ਵੀ ਸਿੱਧੂ ਨਾਲ ਨਜ਼ਰ ਆਏ। ਸਿੱਧੂ ਨੇ ਧੀਮਾਨ ਦਾ ਸਾਥ ਦਿੰਦਿਆਂ ਉਨ੍ਹਾਂ ਦੀ ਪੈਰਵੀ ਵੀ ਕੀਤੀ।ਉਧਰ ਸਿੱਧੂ ਨਾਲ ਮੁਲਾਕਾਤ ਬਾਰੇ ਲੁਧਿਆਣਾ ’ਚ ਰਾਜਾ ਵੜਿੰਗ ਨੇ ਆਪਣੀ ਗੱਲ ਰੱਖੀ।ਬਠਿੰਡਾ ’ਚ ਸਿੱਧੂ ਨੇ ਸੜਕ ਵਿਵਸਥਾ ਲਈ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੀ ਤਾਰੀਫ਼ ਕੀਤੀ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਕਈ ਮੁੱਦਿਆਂ ਉੱਤੇ ਘੇਰਿਆ।

ਅੱਜ ਸ਼ਾਮ ਵੇਲੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਵਲੋਂ ਹਲਕਾ ਜਗਰਾਓਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਕਾਂਗਰਸੀ ਆਗੂ ਅਤੇ ਹਲਕਾ ਜਗਰਾਓਂ ਇੰਚਾਰਜ ਜੱਗਾ ਹਿੱਸੋਵਾਲ , ਦਿਹਾਤੀ ਪ੍ਰਧਾਨ ਸੋਨੀ ਗਾਲਿਬ ਵਲੋਂ ਪ੍ਰਧਾਨਾਂ ਨੂੰ ਜੀ ਆਇਆਂ ਆਖਿਆ ਗਿਆ। ਮੀਟਿੰਗ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਪੂਰੀ ਇਕਜੁਟਤਾ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਰਾਜਾ ਦੇ ਨਾਮ ਦੇ ਜਿੰਦਾਬਾਦ ਦੇ ਨਾਅਰੇ ਲਾਏ ਗਏ।

ਇਸ ਮੌਕੇ ਮੀਟਿੰਗ ਦੀ ਸ਼ੁਰੂਆਤ ਵਿਚ ਜੱਗਾ ਹਿੱਸੋਵਾਲ ਵਲੋਂ ਹਲਕਾ ਜਗਰਾਓਂ ਵਿਚ ਪਾਰਟੀ ਦੀ ਕਾਰਗੁਜਾਰੀ ਸੰਬੰਧੀ ਪ੍ਰਧਾਨ ਰਾਜਾ ਅਤੇ ਆਸ਼ੂ ਨੂੰ ਜਾਣੂੰ ਕਰਵਾਇਆ ਗਿਆ ਅਤੇ ਪਾਰਟੀ ਲਈ ਦਿਨ ਰਾਤ ਇਕ ਕਰਕੇ ਕੰਮ ਦਾ ਵਾਅਦਾ ਕੀਤਾ ਗਿਆ। ਆਪਣੇ ਸੰਬੋਧਨ ਵਿਚ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਲੋਕਤੰਤਰ ਵਿਚ ਹਾਰ ਜਿੱਤ ਚਲਦੀ ਰਹਿੰਦੀ ਹੈ ਅਤੇ ਜੇਕਰ ਹਾਰ ਮਿਲੀ ਹੈ ਤਾਂ ਨਿਰਾਸ਼ ਨਾ ਹੋਵੋ ਅਸੀਂ ਹਮੇਸ਼ਾ ਤੁਹਾਡੇ ਹੱਕਾਂ ਲਈ ਨਾਲ ਖੜੇ ਹਾਂ ਅਤੇ ਰਹਾਂਗੇ। ਓਨਾ ਕਿਹਾ ਕਿ ਜਿਹੜੇ ਲੋਕਾਂ ਵਲੋਂ ਕਾਂਗਰਸ ਪਾਰਟੀ ਵਿਚ ਰਹਿਕੇ ਕਾਂਗਰਸ ਦੀਆਂ ਜੜਾਂ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ ਓਨਾ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ।

ਪ੍ਰਧਾਨ ਵੜਿੰਗ ਨੇ ਵਰਕਰਾਂ ਨੂੰ ਜਨਤਾ ਦੀ ਸੇਵਾ ਵਿਚ ਹਾਜਰ ਰਹਿਣ ਲਈ ਕਿਹਾ ਅਤੇ ਕਿਹਾ ਕਿ ਜੇਕਰ ਜਨਤਾ ਦੇ ਬਣਕੇ ਰਹੋਗੇ ਤਾਂ ਜਨਤਾ ਸਿਰ ‘ਤੇ ਬੈਠਾਵੇਗੀ ਨਹੀਂ ਤਾਂ ਹਾਲ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗਾ ਹੋਵੇਗਾ ਕਿ ਲੋਕ ਹਮੇਸ਼ਾ ਲਈ ਭੁੱਲ ਜਾਣ। ਓਨਾ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਲਈ ਇਕਜੁੱਟ ਹੋਕੇ ਕੰਮ ਕਰੋ ਤਾਂ ਜੋ ਸੂਬੇ ਵਿਚ ਦੋਬਾਰਾ ਪਾਰਟੀ ਨੂੰ ਖੜਾ ਕੀਤਾ ਜਾ ਸਕੇ ਅਤੇ ਜਨਤਾ ਫੇਰ ਅਗਲੀ ਵਾਰ ਸਾਨੂੰ ਸੇਵਾ ਦਾ ਮੌਕਾ ਦੇਵੇ। ਇਸ ਦਿਹਾਤੀ ਪ੍ਰਧਾਨ ਸੋਨੀ ਗਾਲਿਬ ਵਲੋਂ ਪ੍ਰਧਾਨ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਨੂੰ ਇਹ ਵਿਸ਼ਵਾਸ ਦਵਾਇਆ ਕਿ ਪਾਰਟੀ ਲਈ ਪੂਰਾ ਦਿਹਾਤੀ ਏਰੀਆ ਡੱਟਕੇ ਕੰਮ ਕਰੇਗਾ ਅਤੇ ਪਾਰਟੀ ਨੂੰ ਦੋਬਾਰਾ ਸੂਬੇ ਵਿਚ ਖੜਾ ਕੀਤਾ ਜਾਵੇਗਾ।