ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਸਥਿਤ ਘਰ ਪੁੱਜੀ ਪੰਜਾਬ ਪੁਲਿਸ, ਚੋਣਾਂ ਤੋਂ ਪਹਿਲਾਂ ਖ਼ਾਲਿਸਤਾਨ ਨਾਲ ਜੋੜਿਆ ਸੀ ਕੇਜਰੀਵਾਲ ਦਾ ਨਾਂਅ

994

ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਸਥਿਤ ਘਰ ਪੁੱਜੀ ਪੰਜਾਬ ਪੁਲਿਸ, ਚੋਣਾਂ ਤੋਂ ਪਹਿਲਾਂ ਖ਼ਾਲਿਸਤਾਨ ਨਾਲ ਜੋੜਿਆ ਸੀ ਕੇਜਰੀਵਾਲ ਦਾ ਨਾਂਅ

ਚੰਡੀਗੜ੍ਹ, 20 ਅਪ੍ਰੈਲ, 2022:ਹਿੰਦੀ ਦੇ ਮੰਨੇ ਪ੍ਰਮੰਨੇ ਕਵੀ ਅਤੇ ‘ਆਪ’ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੇ ‘ਆਮ ਆਦਮੀ ਪਾਰਟੀ’ ਦੀ ਸ਼ੁਰੂਆਤ ਵੇਲੇ ਦੇ ਸਾਥੀ ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਸਥਿਤ ਘਰ ਵਿਖ਼ੇ ਅੱਜ ਪੰਜਾਬ ਪੁਲਿਸ ਦੀ ਇਕ ਟੀਮ ਪੁੱਜੀ ਜਿਸ ਨੇ ਉਨ੍ਹਾਂ ਖਿਲਾਫ਼ ਦਰਜ ਇਕ ਕੇਸ ਵਿੱਚ ਉਨ੍ਹਾਂ ਨੂੰ ਨੋਟਿਸ ਤਾਮੀਲ ਕਰਵਾਇਆ।

ਇਹ ਜਾਣਕਾਰੀ ਅੱਜ ਖ਼ੁਦ ਕੁਮਾਰ ਵਿਸ਼ਵਾਸ ਨੇ ਟਵੀਟ ਕਰਕੇ ਦਿੱਤੀ। ਹਿੰਦੀ ਵਿੱਚ ਲਿਖ਼ੇ ਟਵੀਟ ਵਿੱਚ ਉਨ੍ਹਾਂ ਨੇ ਕਿਹਾ, ‘ਸਵੇਰੇ ਸਵੇਰੇ ਪੰਜਾਬ ਪੁਲਿਸ ਮੇਰੇ ਘਰ ਪਧਾਰੀ ਹੈ। ਇਕ ਸਮੇਂ ਮੇਰੇ ਵੱਲੋਂ ਹੀ ਪਾਰਟੀ ਵਿੱਚ ਸ਼ਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਮੈਂ ਆਗਾਹ ਕਰ ਰਿਹਾ ਕਿ ਤੁਸੀਂ, ਦਿੱਲੀ ਵਿੱਚ ਬੈਠੇ ਜਿਸ ਆਦਮੀ ਨੂੰ, ਪੰਜਾਬ ਦੇ ਲੋਕਾਂ ਦੀ ਦਿੱਤੀ ਹੋਈ ਤਾਕਤ ਨਾਲ ਖ਼ੇਡਣ ਦੇ ਰਹੇ ਹੋ, ਉਹ ਇਕ ਦਿਨ ਤੁਹਾਨੂੰ ਅਤੇ ਪੰਜਾਬ ਨੂੰ ਵੀ ਧੋਖ਼ਾ ਦੇਵੇਗਾ। ਮੇਰੀ ਚੇਤਾਵਨੀ ਯਾਦ ਰੱਖ਼ਿਉ।

ਜ਼ਿਕਰਯੋਗ ਹੈ ਕਿ ਕੁਮਾਰ ਵਿਸ਼ਵਾਸ ਦੇ ਖ਼ਿਲਾਫ਼ ਇਹ ਮਾਮਲਾ ਰੋਪੜ ਦੇ ਸਦਰ ਥਾਣੇ ਵਿੱਚ ਧਾਰਾ 153, 505, 323, 341, 506 ਅਤੇ 120-ਬੀ ਤਹਿਤ ਉਨ੍ਹਾਂ ਵੱਲੋਂ ਪੰਜਾਬ ਚੋਣਾਂ ਤੋਂ ਚੰਦ ਦਿਨ ਪਹਿਲਾਂ ਦਿੱਤੇ ਬਿਆਨ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ ਜਿਸ ਵਿੱਚ ਕੁਮਾਰ ਵਿਸ਼ਵਾਸ ਨੇ ਦੋਸ਼ ਲਗਾਇਆ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਜਾਂ ਫ਼ਿਰ ਖ਼ਾਲਿਸਤਾਨ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ।

ਇਸ ਬਿਆਨ ਦਾ ਉਸ ਵੇਲੇ ਵੀ ਕਾਫ਼ੀ ਰੌਲਾ ਪਿਆ ਸੀ ਅਤੇ ਇਹ ਸਮਝਿਆ ਗਿਆ ਸੀ ਕਿ ਕੇਜਰੀਵਾਲ ਦੇ ਪੁਰਾਣੇ ਸਾਥੀ ਕੁਮਾਰ ਵਿਸ਼ਵਾਸ ਦਾ ਇਹ ਬਿਆਨ ਪੰਜਾਬ ਚੋਣਾਂ ਵਿੱਚ ‘ਆਪ’ ਨੂੰ ਵੱਡਾ ਨੁਕਸਾਨ ਪੁਚਾਵੇਗਾ, ਪਰ ਇੰਜ ਨਹੀਂ ਹੋਇਆ ਸੀ ਅਤੇ ‘ਆਮ ਆਦਮੀ ਪਾਰਟੀ’ 92 ਸੀਟਾਂ ’ਤੇ ਜਿੱਤ ਪ੍ਰਾਪਤ ਕਰਨ ਵਿੱਚ ਸਫ਼ਲ ਰਹੀ ਸੀ। ਉਸ ਵੇਲੇ ਵੀ ‘ਆਪ’ ਨੇ ਇਹੀ ਕਿਹਾ ਸੀ ਕਿ ਕੁਮਾਰ ਵਿਸ਼ਵਾਸ ਇਸ ਤਰ੍ਹਾਂ ਦੇ ਬਿਆਨ ਸੰਬੰਧੀ ਕੋਈ ਸਬੂਤ ਪੇਸ਼ ਕਰਨ।

ਅੱਜ ਸਵੇਰੇ 7 ਵਜੇ ਰੋਪੜ ਥਾਣੇ ਦੇ ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਹੇਠ ਇਕ ਟੀਮ ਗਾਜ਼ੀਅਬਾਦ ਸਥਿਤ ਕੁਮਾਰ ਵਿਸ਼ਵਾਸ ਦੇ ਘਰ ਪੁੱਜੇ ਜਿੱਥੇ ਉਨ੍ਹਾਂ ਤੋਂ ਨੋਟਿਸ ਰਿਸੀਵ ਕਰਵਾਇਆ ਗਿਆ।


ਇਸ ਮਾਮਲੇ ’ਤੇ ਹੁਣ ਸਿਆਸਤ ਭਖ਼ਦੀ ਨਜ਼ਰ ਆ ਰਹੀ ਹੈ ਅਤੇ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਇਸਨੂੰ ‘ਆਪ’ ਸਰਕਾਰ ਦੀ ਬਦਲਾਖ਼ੋਰੀ ਦੀ ਕਾਰਵਾਈ ਕਰਾਰ ਦਿੱਤਾ ਹੈ ਹਾਲਾਂਕਿ ਕੋਈ ਵੀ ਇਹ ਗੱਲ ਕਰਨ ਨੂੰ ਤਿਆਰ ਨਹੀਂ ਹੈ ਕਿ ਕੁਮਾਰ ਵਿਸ਼ਵਾਸ ਨੂੰ ਆਪਣੇ ਵੱਲੋਂ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਖਿਲਾਫ਼ ਲਾਏ ਗਏ ਦੋਸ਼ਾਂ ਦੇ ਸਬੂਤ ਪੇਸ਼ ਕਰਨੇ ਚਾਹੀਦੇ ਹਨ।

ਪੰਜਾਬ ਪੁਲਿਸ ਨੇ ਅਲਕਾ ਲਾਂਬਾ ਦੇ ਘਰ ਦੇ ਬਾਹਰ ਚਿਪਕਾਇਆ ਨੋਟਿਸ, ਕੁਮਾਰ ਵਿਸ਼ਵਾਸ ਤੋਂ ਬਾਅਦ ਹੁਣ ਅਲਕਾ ਲਾਂਬਾ ਨੂੰ 26 ਅਪ੍ਰੈਲਨੂੰ ਪੇਸ਼ ਹੋਣ ਦੇ ਹੁਕਮ, AAP ‘ਚ ਰਹਿੰਦਿਆਂ ਕੇਜਰੀਵਾਲ ਨਾਲ ਹੋਏ ਸਨ ਮੱਤਭੇਦ