UK ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਫੇਰੀ ਮੌਕੇ ਸਾਬਰਮਤੀ ਆਸ਼ਰਮ ਨੇੜੇ ਝੁੱਗੀਆਂ ਵਾਲੇ ਇਲਾਕੇ ਨੂੰ ਚਿੱਟੇ ਕੱਪੜੇ ਨਾਲ ਢੱਕਿਆ
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਤਸਵੀਰਾਂ

ਅਹਿਮਦਾਬਾਦ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੋ ਦਿਨਾਂ ਦੌਰੇ ‘ਤੇ ਭਾਰਤ ਪਹੁੰਚੇ ਹਨ। ਇਸ ਦੌਰਾਨ ਉਹ ਗੁਜਰਾਤ ਪਹੁੰਚੇ, ਜਿੱਥੇ ਉਹਨਾਂ ਨੇ ਸਾਬਰਮਤੀ ਆਸ਼ਰਮ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਹਨਾਂ ਨੇ ਮਹਾਤਮਾ ਗਾਂਧੀ ਦਾ ਚਰਖਾ ਵੀ ਕੱਤਿਆ। ਬੋਰਿਸ ਜਾਨਸਨ ਦੀ ਗੁਜਰਾਤ ਫੇਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।


ਇਸ ਦੌਰਾਨ ਉਹਨਾਂ ਨੇ ਸਾਬਰਮਤੀ ਆਸ਼ਰਮ ਦੀ ਵਿਜ਼ਟਰਜ਼ ਬੁੱਕ ਵਿਚ, ਲਿਖਿਆ- ‘ਅਜਿਹੇ ਸ਼ਾਨਦਾਰ ਵਿਅਕਤੀ ਦੇ ਆਸ਼ਰਮ ‘ਚ ਆਉਣਾ ਖੁਸ਼ਕਿਸਮਤੀ ਹੈ ਅਤੇ ਇਹ ਸਮਝਣਾ ਕਿ ਕਿਵੇਂ ਉਹਨਾਂ ਨੇ ਦੁਨੀਆ ਨੂੰ ਬਦਲਣ ਲਈ ਸੱਚ ਅਤੇ ਅਹਿੰਸਾ ਵਰਗੇ ਸਧਾਰਨ ਸਿਧਾਂਤਾਂ ਦੀ ਵਰਤੋਂ ਕੀਤੀ।’


ਉਹਨਾਂ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਮੌਜੂਦ ਹਨ। ਸਾਬਰਮਤੀ ਆਸ਼ਰਮ ਵੱਲੋਂ ਉਹਨਾਂ ਨੂੰ ਮਹਾਤਮਾ ਗਾਂਧੀ ਦੀ ਚੇਲਾ ਮੈਡੇਲੀਨ ਸਲੇਡ ਉਰਫ਼ ਮੀਰਾਬੇਨ ਦੀ ਸਵੈ-ਜੀਵਨੀ ‘ਦਿ ਸਪਿਰਿਟ ਪਿਲਗ੍ਰੀਮੇਜ’ ਤੋਹਫ਼ੇ ਵਜੋਂ ਦਿੱਤੀ ਗਈ। ਇਹ ਕਿਤਾਬ ਮਹਾਤਮਾ ਗਾਂਧੀ ਦੀਆਂ ਦੋ ਕਿਤਾਬਾਂ ਵਿੱਚੋਂ ਇੱਕ ਹੈ, ਜੋ ਕਦੇ ਪ੍ਰਕਾਸ਼ਿਤ ਨਹੀਂ ਹੋਈਆਂ ਸਨ। ਇਸ ਤੋਂ ਪਹਿਲਾਂ ਅਹਿਮਦਾਬਾਦ ਪਹੁੰਚਣ ‘ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਆਪਣੀ ਫੇਰੀ ਦੌਰਾਨ ਜਾਨਸਨ ਨੇ ‘ਹਰਿਦਯ ਕੁੰਜ’ ਦਾ ਦੌਰਾ ਕੀਤਾ ਜਿੱਥੇ ਮਹਾਤਮਾ ਗਾਂਧੀ ਰਹਿੰਦੇ ਸਨ।


ਇਹ ਪਹਿਲੀ ਵਾਰ ਹੈ ਜਦੋਂ ਕੋਈ ਬ੍ਰਿਟਿਸ਼ ਪ੍ਰਧਾਨ ਮੰਤਰੀ ਗੁਜਰਾਤ ਦਾ ਦੌਰਾ ਕਰ ਰਿਹਾ ਹੈ। ਗੁਜਰਾਤ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਸਾਂਝੇ ਵਪਾਰ ਦੇ ਕਈ ਮਹੱਤਵਪੂਰਨ ਨਿਵੇਸ਼ ਪ੍ਰਸਤਾਵਾਂ ਦਾ ਐਲਾਨ ਕਰਨਗੇ। ਭਾਰਤ ਅਤੇ ਬ੍ਰਿਟੇਨ ਦੋਵੇਂ ਹੀ ਮੁਕਤ ਵਪਾਰ ਸਮਝੌਤੇ ਪ੍ਰਤੀ ਸਕਾਰਾਤਮਕ ਰਵੱਈਆ ਦਿਖਾ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜਾਨਸਨ ਦੀ ਇਹ ਫੇਰੀ ਇਸ ਦਿਸ਼ਾ ਵਿਚ ਮਹੱਤਵਪੂਰਨ ਤਰੱਕੀ ਕਰੇਗੀ। ਜਾਨਸਨ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।

ਬੋਰਿਸ ਜਾਨਸਨ ਨੇ ਗੌਤਮ ਅਡਾਨੀ ਨਾਲ ਕੀਤੀ ਮੁਲਾਕਾਤ


ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਅਹਿਮਦਾਬਾਦ ਵਿਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨਾਲ ਮੁਲਾਕਾਤ ਕੀਤੀ।ਇਹ ਮੀਟਿੰਗ ਸ਼ਾਂਤੀਗ੍ਰਾਮ ਅਹਿਮਦਾਬਾਦ ਵਿਚ ਸਥਿਤ ਅਡਾਨੀ ਗਲੋਬਲ ਹੈੱਡਕੁਆਰਟਰ ਵਿਚ ਹੋਈ। ਅਡਾਨੀ ਕਾਰਪੋਰੇਟ ਹਾਊਸ ਪਹੁੰਚਣ ‘ਤੇ ਅਡਾਨੀ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਪ੍ਰਤੀਨਿਧੀਆਂ ਦਾ ਰਵਾਇਤੀ ਸਵਾਗਤ ਕੀਤਾ।