ਨਵੀਂ ਦਿੱਲੀ, 22 ਅਪਰੈਲ-ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਦੋ ਦਿਨਾ ਭਾਰਤ ਦੌਰਾ ਅੱਜ ਸਮਾਪਤ ਹੋਣ ਵਾਲਾ ਹੈ। ਉਹ ਦੌਰੇ ਦੇ ਅੱਜ ਆਖਰੀ ਦਿਨ ਨਵੀਂ ਦਿੱਲੀ ਪੁੱਜੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਉਹ ਮੀਡੀਆ ਦੇ ਰੂਬਰੂ ਹੋਏ। ਬੋਰਿਸ ਜੌਹਨਸਨ ਤੋਂ ਜਦੋਂ ਮੀਡੀਆ ਨੇ ਬਰਤਾਨੀਆ ਵਿਚ ਖਾਲਿਸਤਾਨੀਆਂ ਦੀ ਮੌਜੂਦਗੀ ’ਤੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਕੱਟੜਪੰਥੀਆਂ ਜਾਂ ਅਤਿਵਾਦੀਆਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰਨਗੇ। ਇਸ ਮਾਮਲੇ ਦੇ ਹੱਲ ਲਈ ਬਰਤਾਨੀਆ ਨੇ ਐਂਟੀ ਟੈਰੋਰਿਸਟ ਟਾਸਕ ਫੋਰਸ ਬਣਾਈ ਹੈ। ਹਿਊਮਨ ਰਾਈਟਸ ਦੇ ਮੁੱਦੇ ’ਤੇ ਦੋਵੇਂ ਦੇਸ਼ ਇਕ ਦੂਜੇ ਨਾਲ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਭਗੌੜੇ ਨੀਰਵ ਮੋਦੀ ਤੇ ਵਿਜੈ ਮਾਲੀਆ ਨੂੰ ਭਾਰਤ ਹਵਾਲੇ ਕਰਨ ਲਈ ਉਨ੍ਹਾਂ ਦੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਪਰ ਮਾਮਲਾ ਕਾਨੂੰਨੀ ਉਲਝਣਾਂ ਵਿਚ ਫਸਿਆ ਹੋਇਆ ਹੈ।


ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਨੇ ਨਵੀਂ ਭਾਰਤ-ਯੂਕੇ ਰੱਖਿਆ ਭਾਈਵਾਲੀ ਲਈ ਸਹਿਮਤੀ ਦਿੱਤੀ। ਦੋਵਾਂ ਆਗੂਆਂ ਨੇ ਸਾਲ ਦੇ ਅਖੀਰ ਤੱਕ ਮੁਕਤ ਵਪਾਰ ਸਮਝੌਤੇ (ਐੱਫਟੀਏ) ਨੂੰ ਸਹੀਬੰਦ ਕਰਨ ਦਾ ਸੰਕਲਪ ਵੀ ਦੁਹਰਾਇਆ। ਦੋਵਾਂ ਧਿਰਾਂ ਨੇ ਵਣਜ ਤੇ ਅਰਥਚਾਰੇ, ਰੱਖਿਆ ਤੇ ਸੁਰੱਖਿਆ, ਵਾਤਾਵਰਨ ਤਬਦੀਲੀ ਸਣੇ ਹੋਰ ਕਈ ਖੇਤਰਾਂ ਵਿੱਚ ਰਿਸ਼ਤਿਆਂ ਦਾ ਘੇਰਾ ਵਧਾਉਣ ਲਈ 10 ਸਾਲਾ ਰੋਡਮੈਡ ਅਪਣਾਉਣ ਦੀ ਸਹਿਮਤੀ ਦਿੱਤੀ।


ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਕਿਹਾ ਕਿ ਦੁਨੀਆ ਨੂੰ ਤਾਨਾਸ਼ਾਹ ਦੇਸ਼ਾਂ ਤੋਂ ਵਧਦੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਲੋਕਤੰਤਰ ਨੂੰ ਕਮਜ਼ੋਰ ਤੇ ਮੁਕਤ ਵਪਾਰ ਨੂੰ ਖਤਮ ਕਰਨ ਦੇ ਨਾਲ ਨਾਲ ਪ੍ਰਭੂਸੱਤਾ ਨੂੰ ਕੁਚਲਣਾ ਚਾਹੁੰਦੇ ਹਨ। ਅਜਿਹੇ ਮਾਹੌਲ ਵਿੱਚ ਭਾਰਤ ਨਾਲ ਬਰਤਾਨੀਆ ਦੀ ਭਾਈਵਾਲੀ ਸਮੁੰਦਰੀ ਤੂਫਾਨਾਂ ’ਚ ਲਾਈਟ ਹਾਊਸ ਵਰਗੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਪਹਿਲਾਂ ਜੌਹਨਸਨ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਤੋਂ ਲੈ ਕੇ ਊਰਜਾ ਸੁਰੱਖਿਆ ਅਤੇ ਰੱਖਿਆ ਤੱਕ ਦੇ ਮੁੱਦਿਆਂ ‘ਤੇ ਭਾਰਤ ਅਤੇ ਬਰਤਾਨੀਆ ਵਿਚਕਾਰ ਸਾਂਝੇਦਾਰੀ ਮਹੱਤਵਪੂਰਨ ਹੈ ਕਿਉਂਕਿ ਦੋਵੇਂ ਦੇਸ਼ ਭਵਿੱਖ ਵੱਲ ਦੇਖਦੇ ਹਨ। ਬ੍ਰਿਟਿਸ਼ ਹਾਈ ਕਮਿਸ਼ਨ ਨੇ ਕਿਹਾ ਕਿ ਜੌਹਨਸਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਜ਼ਮੀਨੀ, ਸਮੁੰਦਰੀ, ਹਵਾ, ਪੁਲਾੜ ਅਤੇ ਸਾਈਬਰ- ਸੁਰੱਖਿਆ ਭਾਈਵਾਲੀ ਬਾਰੇ ਚਰਚਾ ਕਰਨ ਦੀ ਉਮੀਦ ਹੈ ਕਿਉਂਕਿ ਦੋਵੇਂ ਦੇਸ਼ ਨਵੇਂ ਗੁੰਝਲਦਾਰ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ।