ਗੁੜਗਾਓਂ : ਨਕੋਦਰ ਦੇ ਪਿੰਡ ਨੀਵੀਂ ਮੱਲੀਆਂ ‘ਚ 14 ਮਾਰਚ ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਗੁੜਗਾਓਂ ਦੇ ਸ਼ਾਰਪ ਸ਼ੂਟਰ ਵਿਕਾਸ ਮਾਹਲੇ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸ਼ਾਰਪ ਸ਼ੂਟਰ ਮਾਹਲੇ ਨੂੰ ਜਲੰਧਰ ਅਤੇ ਦਿੱਲੀ ਪੁਲਿਸ ਦੀ ਸਾਂਝੀ ਟੀਮ ਨੇ ਦਿੱਲੀ ਤੋਂ ਜਦਕਿ ਫੌਜੀ ਨੂੰ ਰੁਦਰਪੁਰ ਨੇੜਿਓਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਮਾਹਲੇ ਤੋਂ ਨਾਜਾਇਜ਼ ਹਥਿਆਰਾਂ ਦੀ ਖੇਪ ਵੀ ਬਰਾਮਦ ਹੋਈ ਹੈ। ਜਲੰਧਰ ਦੀ ਪੁਲਿਸ ਟੀਮ ਨੇ ਦਿੱਲੀ ਦੀ ਟੀਮ ਦੇ ਇਨਪੁਟਸ ‘ਤੇ ਮੁਲਜ਼ਮ ਨੂੰ ਕਾਬੂ ਕੀਤਾ ਹੈ।

ਇਸ ਤੋਂ ਪਹਿਲਾਂ ਇਸੇ ਮਾਮਲੇ ਵਿੱਚ ਪੁਲਿਸ ਨੇ ਸੰਗਰੂਰ ਜੇਲ੍ਹ ਵਿੱਚ ਬੰਦ ਹਰਿਆਣਾ ਦੇ ਗੈਂਗਸਟਰ ਕੌਸ਼ਲ ਚੌਧਰੀ, ਫਤਿਹ ਸਿੰਘ ਅਤੇ ਅਮਿਤ ਡਾਗਰ ਅਤੇ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਸਿਮਰਨਜੀਤ ਸਿੰਘ ਉਰਫ਼ ਜੁਝਾਰ ਸਿੰਘ ਵਾਸੀ ਮਾਧੋਪੁਰ (ਯੂ.ਪੀ.) ਨੂੰ ਗ੍ਰਿਫ਼ਤਾਰ ਕੀਤਾ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਕੁਝ ਨਿੱਜੀ ਨੰਬਰ ਮਿਲੇ ਹਨ ਜਿਨ੍ਹਾਂ ਦੀ ਮਦਦ ਨਾਲ ਪੁਲਿਸ ਹੋਰ ਲੋੜੀਂਦੇ ਮੁਲਜ਼ਮਾਂ ਦੀ ਭਾਲ ਵਿੱਚ ਜੁਟੀ ਹੋਈ ਹੈ। ਸੂਤਰਾਂ ਮੁਤਾਬਕ ਗੈਂਗਸਟਰ ਪੁਨੀਤ ਸ਼ਰਮਾ ਦੀ ਲੋਕੇਸ਼ਨ ਪਹਿਲਾਂ ਵੀ ਵਿਕਾਸ ਦੇ ਨਾਲ ਹੀ ਸੀ ਪਰ ਦੋ ਹਫ਼ਤਿਆਂ ਤੋਂ ਲੋਕੇਸ਼ਨ ਦੱਖਣ ਵੱਲ ਆ ਰਹੀ ਸੀ।

ਜਲੰਧਰ ਪੁਲਿਸ ਦੀ ਇੱਕ ਟੀਮ ਪੁਨੀਤ ਦੇ ਪਿੱਛੇ ਲੱਗੀ ਹੋਈ ਹੈ। ਗੈਂਗਸਟਰ ਪੁਨੀਤ ਸ਼ਰਮਾ ਵਾਸੀ ਅਮਨ ਨਗਰ, ਨਰਿੰਦਰ ਸ਼ਾਰਦਾ ਉਰਫ਼ ਲਾਲੀ ਵਾਸੀ ਗੋਬਿੰਦ ਨਗਰ, ਹਰਪ੍ਰੀਤ ਸਿੰਘ, ਹੈਰੀ ਵਾਸੀ ਬਠਿੰਡਾ ਅਤੇ ਹੈਰੀ ਵਾਸੀ ਰਾਜਪੁਰਾ ਦੀ ਭਾਲ ਜਾਰੀ ਹੈ। ਪਤਾ ਲੱਗਾ ਹੈ ਕਿ ਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਅਤੇ ਉਨ੍ਹਾਂ ਦੀ ਟੀਮ ਨੇ ਸ਼ਨੀਵਾਰ ਸਵੇਰੇ ਇੱਕ ਆਪ੍ਰੇਸ਼ਨ ਕਰਕੇ ਵਿਕਾਸ ਮਾਹਲੇ ਅਤੇ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਲੰਧਰ ਪੁਲਿਸ ਮੁਲਜ਼ਮਾਂ ਤੋਂ ਦਿੱਲੀ ਵਿੱਚ ਹੀ ਪੁੱਛਗਿੱਛ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਨਕੋਦਰ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਸੰਦੀਪ ਨੰਗਲ ਅੰਬੀਆ ਨੂੰ ਸਵਿਫਟ ਗੱਡੀ ਵਿਚ ਆਏ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ। ਫਿਲਹਾਲ ਕੁਝ ਦਿਨ ਪਹਿਲਾਂ ਇਹ ਵੀ ਖਬਰ ਸੀ ਕਿ ਸੰਦੀਪ ਦੇ ਭਰਾ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ‘ਤੇ ਵਿਦੇਸ਼ਾਂ ਵਿਚ ਬੈਠੇ ਮੁਲਜ਼ਮਾਂ ਵਲੋਂ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ।