ਅਫ਼ਗ਼ਾਨਿਸਤਾਨ ਤੋਂ ਆਏ ਡ੍ਰਾਈ ਫਰੂਟ ਦੇ ਟਰੱਕ ‘ਚੋਂ ਬਰਾਮਦ ਹੋਈ 50 ਕਿੱਲੋ ਹੈਰੋਇਨ

364

ਅੰਮ੍ਰਿਤਸਰ : ਕਸਟਮ ਵਿਭਾਗ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਅਟਾਰੀ ਸਰਹੱਦ ‘ਤੇ ਵੱਡੀ ਮਾਤਰਾ ਵਿਚ ਹੈਰੋਇਨ ਫੜੀ ਗਈ ਹੈ। ਦੱਸ ਦੇਈਏ ਕਿ ਇਹ ਹੈਰੋਇਨ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਡ੍ਰਾਈ ਫਰੂਟ ਦੇ ਟਰੱਕ ਵਿਚੋਂ ਬਰਾਮਦ ਹੋਈ ਹੈ। ਇਸ ਟਰੱਕ ਵਿਚ ਮਲੱਠੀ ਅਤੇ ਹੋਰ ਸਮਾਨ ਵੀ ਲਿਆਂਦਾ ਜਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਬੀਤੀ 22 ਅਪ੍ਰੈਲ ਨੂੰ ਅਫ਼ਗ਼ਾਨਿਸਤਾਨ ਤੋਂ ਪਾਕਿਸਤਾਨ ਰਸਤੇ ਭਾਰਤ ਪਹੁੰਚੇ ਡ੍ਰਾਈ ਫਰੂਟ ਦੇ ਟਰੱਕ ਭੇਜੇ ਗਏ ਸਨ ਜਿਨ੍ਹਾਂ ਵਿੱਚ ਅਫ਼ਗਾਨਿਸਤਾਨੀ ਮਲੱਠੀ ਤੇ ਹੋਰ ਸਾਮਾਨ ਸੀ।

ਇਹ ਟਰੱਕ ਅਫ਼ਗ਼ਾਨਿਸ੍ਤਾਨੀ ਡਰਾਈਵਰ ਆਪਣੀ ਸਰਹੱਦ ਤੋਂ ਪਾਕਿਸਤਾਨ ਦੇ ਰਸਤੇ ਲੈ ਕੇ ਅਟਾਰੀ ਸਰਹੱਦ ‘ਤੇ ਪਹੁੰਚੇ ਅਤੇ ਉਸ ਰਾਤ ਅਫ਼ਗ਼ਾਨਿਸ੍ਤਾਨੀ ਟਰੱਕ ਵਾਪਸ ਆਪਣੇ ਵਤਨ ਪਰਤ ਗਏ ਸਨ। ਅਗਲੀ ਸਵੇਰ ਜਾਣੀ 23 ਅਪ੍ਰੈਲ ਨੂੰ ਭਾਰਤੀ ਕਸਟਮ ਵਿਭਾਗ ਦੇ ਅਧਿਕਾਰੀਆਂ ਅਫ਼ਗ਼ਾਨਿਸਤਾਨ ਤੋਂ ਆਏ ਡ੍ਰਾਈ ਫਰੂਟ ਦੀ ਰੁਟੀਨ ਵਿਚ ਚੈਕਿੰਗ ਕਰਨੀ ਸ਼ੁਰੂ ਕੀਤੀ ਸੀ ਕਿ ਅਟਾਰੀ ਸਰਹੱਦ ‘ਤੇ ਬਣੀ ਜੁਆਇੰਟ ਚੈੱਕ ਪੋਸਟ ਆਈਸੀਪੀ ਦੇ ਗੁਦਾਮਾਂ ਵਿਚੋਂ ਮੁਲੱਠੀ ਦੀਆਂ ਬੋਰੀਆਂ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਲਗਾਤਾਰ ਇੱਕ-ਇੱਕ ਕਰਦਿਆਂ ਅਧਿਕਾਰੀਆਂ ਨੂੰ ਮਲੱਠੀ ਦੇ ਬੋਰਿਆਂ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਮਿਲੀ, ਜਿਸ ਦੀ ਖ਼ਬਰ ਲਿਖੇ ਜਾਣ ਤਕ ਜਾਂਚ ਚੱਲ ਰਹੀ ਸੀ।

ਅਫ਼ਗ਼ਾਨਿਸਤਾਨ ਦੇ ਮਜ਼ਾਰਸ਼ਰੀਫ ਸ਼ਹਿਰ ਦੀ ਅਲੇਮ ਨਜ਼ੀਰ ਅੰਸਾਨੀ ਕੰਪਨੀ ਨੇ ਟਰੱਕ ਵਿੱਚ 340 ਬੋਰੀਆਂ ਮਲੱਠੀ ਆਈਸੀਪੀ ਨੂੰ ਭੇਜੀ ਹੈ, ਜੋ ਕੰਪਨੀ ਨੂੰ ਨਵੀਂ ਦਿੱਲੀ ਵਿੱਚ ਡਿਲੀਵਰੀ ਕੀਤੀ ਜਾਣੀ ਸੀ। ਅੰਮ੍ਰਿਤਸਰ ਦੇ ਮਜੀਠਾ ਮੰਡੀ ਇਲਾਕੇ ਨਾਲ ਜੁੜੇ ਕਸਟਮ ਹਾਊਸ ਦੇ ਏਜੰਟ ਨੀਰਜ ਵੱਲੋਂ ਆਈਸੀਪੀ ’ਤੇ ਕਲੀਅਰ ਕੀਤਾ ਜਾਣਾ ਸੀ ਪਰ ਇਨ੍ਹਾਂ ਬੋਰੀਆਂ ’ਚੋਂ ਹੈਰੋਇਨ ਬਰਾਮਦ ਹੋਣ ਮਗਰੋਂ ਕਸਟਮ ਨੇ ਸਾਰੀ ਖੇਪ ਆਪਣੇ ਕਬਜ਼ੇ ਵਿੱਚ ਲੈ ਲਈ।

ਸ਼ਨੀਵਾਰ ਦੇਰ ਰਾਤ ਤੱਕ ਕਰੀਬ 50 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ, ਜਦਕਿ ਇਸ ਦੀ ਮਾਤਰਾ ਟਨ ਤੱਕ ਜਾਣ ਦੀ ਉਮੀਦ ਹੈ। ਇਹ ਬੋਰੀਆਂ ਸ਼ਨੀਵਾਰ ਦੁਪਹਿਰ ਆਈਸੀਪੀ ਦੇ ਕਾਰਗੋ ਟਰਮੀਨਲ ਗੋਦਾਮ ਨੰਬਰ 2 ਤੋਂ ਦਿੱਲੀ ਭੇਜੀਆਂ ਜਾਣੀਆਂ ਸਨ। ਇਸ ਤੋਂ ਬਾਅਦ ਕਸਟਮ ਵਿਭਾਗ ਨੇ ਸਾਰੀਆਂ 340 ਬੋਰੀਆਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।