ਦਿੱਲੀ ਤੋਂ ਪੰਜਾਬ ਕੀ ਸਿੱਖ ਸਕਦਾ ਹੈ ?

345

ਭਗਵੰਤ ਮਾਨ ਨੇ ਜੋ ਸਮਝੌਤਾ ਦਿੱਲੀ ਨਾਲ ਕੀਤਾ ਹੈ, ਉਸ ਵਿਚੋਂ ਦਿੱਲੀ ਤੋਂ ਹੇਠ ਲਿਖੀਆਂ ਗੱਲਾਂ ਸਿੱਖੀਆਂ ਜਾ ਸਕਦੀਆਂ ਹਨ। ਸ਼ੀਲਾ ਦੀਕਸ਼ਿਤ ਵਾਂਗ ਹੀ ਪੰਜਾਬ ਦੇ ਭ੍ਰਿਸ਼ਟ ਲੀਡਰਾਂ ਸੁਖਬੀਰ ਤੇ ਕੈਪਟਨ ਵਰਗਿਆਂ ਖਿਲਾਫ ਵੀ ਕੋਈ ਕਾਰਵਾਈ ਨਾ ਕਰਨਾ।ਆਵਦੇ ਰਾਜ ਵਿੱਚ ਪ੍ਰਦੂਸ਼ਣ ਵਾਸਤੇ ਕਿਸਾਨਾਂ ਦੀ ਪਰਾਲੀ ਨੂੰ ਜਿੰਮੇਵਾਰ ਠਹਿਰਾਉਣਾ।

ਕੂੜੇ ਦਾ ਪਹਾੜ ਬਣਾਉਣਾ। ਜਦੋਂ ਅੱਗ ਲੱਗ ਜਾਏ ਤਾਂ ਸਾਰੀ ਜਿੰਮੇਵਾਰੀ ਮਿਉਂਸੀਪਲ ਕਾਰਪੋਰੇਸ਼ਨ ‘ਤੇ ਸੁੱਟ ਦੇਣਾ। ਪੰਜਾਬੀ ਨੂੰ ਸਰਕਾਰੀ ਸਕੂਲਾਂ ‘ਚੋਂ ਖਤਮ ਕਰਨਾ। ਜਦੋਂ ਕਰੋਨਾ ਵਿੱਚ ਸਰਕਾਰੀ ਹਸਪਤਾਲ ਫੇਲ ਹੋ ਜਾਣ ਕਾਰਨ ਤੁਹਾਡੇ ਰਾਜ ਦੇ ਨਿਵਾਸੀ ਪੰਜਾਬ ਵਿੱਚ ਇਲਾਜ ਕਰਵਾਉਣ ਆਉਣ ਤਾਂ ਵੀ ਆਵਦੇ ਸਿਹਤ ਮਾਡਲ ਦਾ ਪਾਟਿਆ ਢੋਲ ਵਜਾਈ ਜਾਣਾ।

ਰਾਸ਼ਟਰਵਾਦ ਦਾ ਜਹਿਰ ਪਿਆਉਣ ਲਈ ਕਰੋੜਾਂ ਰੁਪਏ ਝੰਡੇ ਗੱਡਣ ‘ਤੇ ਲਾ ਦੇਣਾ ਤਾਂ ਕਿ ਲੋਕ ਸਵਾਲ ਨਾ ਪੁੱਛਣ।ਅੰਬੇਦਕਰ ਦਾ ਬੁੱਤ ਲਾਉਣਾ ਪਰ ਜਦੋਂ ਦਲਿਤਾਂ ‘ਤੇ ਹਿੰਦੂਤਵੀ ਭੀੜ ਅੱਤਿਆਚਾਰ ਕਰੇ ਤਾਂ ਕੁਝ ਵੀ ਨਾ ਬੋਲਣਾ। ਕਰੋਨਾ ਦੌਰਾਨ ਯਾਤਰੂਆਂ ਨੂੰ ਰਹਿਣ ਲਈ ਥਾਂ ਦੇਣ ਵਾਸਤੇ ਗੁਰੂਦੁਆਰੇ ‘ਤੇ ਪਰਚਾ ਕਰਨਾ। ਗੁਰਦੁਅਰਿਆਂ ਦਾ ਪਿਆਉ ਢਾਹੁਣਾ।

ਮੁਸਲਮਨਾਂ ‘ਤੇ ਜਦੋਂ ਹਿੰਦੂਤਵੀ ਭੀੜ ਚੜ ਕੇ ਆਵੇ ਤਾਂ ਮੁਸਲਮਾਨਾਂ ਨੂੰ ਹੀ ਦੋਸ਼ ਦੇਣਾ। ਜਿੱਥੇ ਆਵਦੀ ਸਰਕਾਰ ਹੋਵੇ ਉਥੇ ਕੋਈ ਸ਼ਾਂਤੀ ਮਾਰਚ ਨਾ ਕੱਢਣਾ।ਰਾਜੀਵ ਗਾਂਧੀ ਖਿਲਾਫ ਸਿੱਖ ਕਤਲੇਆਮ ਕਰਵਾਉਣ ਵਾਸਤੇ ਪਾਏ ਗਏ ਮਤੇ ਤੋਂ ਮੁੱਕਰ ਜਾਣਾ।ਰਾਜ ਸਭਾ ਦੇ ਮੈਂਬਰ ਚੁਣਨ ਵੇਲੇ ਸਿਰਫ ਅਮੀਰਾਂ ਵਿੱਚ ਕਾਬਲੀਅਤ ਦੇਖਣਾ।

ਸਾਰੀ ਉਮਰ ਜੇਲ ‘ਚ ਕੱਟਣ ਵਾਲੇ ਦੀ ਪੱਕੀ ਰਿਹਾਈ ਉਸ ਦੇ ਸਿੱਖ ਹੋਣ ਕਰਕੇ ਨਾ ਕਰਨਾ।ਪਹਿਲਾਂ ਕਹਿਣਾ ਕਿ ਪਾਰਟੀ ‘ਚ ਲੋਕਤੰਤਰ ਹੋਵੇ, ਫੇਰ ਪਾਰਟੀ ਦਾ ਪ੍ਰਧਾਨ ਵੀ ਆਪ, ਮੁੱਖ ਮੰਤਰੀ ਵੀ ਆਪ, ਤੇ ਬੱਚੇ ਵੀ ਆਵਦੇ ਅੱਗੇ ਰੱਖਣੇ। ਕਿਸੇ ਇਕ ਵੀ ਸਿੱਖ ਨੂੰ ਕੈਬਨਿਟ ਵਿਚ ਥਾਂ ਨਾ ਦੇਣਾ।
#ਮਹਿਕਮਾ_ਪੰਜਾਬੀ

ਕੱਲ੍ਹ ਜਦੋਂ ਇਹ ਖ਼ਬਰ ਪਾਈ ਸੀ ਤਾਂ ਕਈ ਆਪ ਸਮਰਥਕ ਕਹਿ ਰਹੇ ਸਨ ਕਿ ਇਹ ਹੋ ਨਹੀਂ ਸਕਦਾ। ਹੁਣ ਤਾਂ ਭਗਵੰਤ ਮਾਨ ਨੇ ਖ਼ੁਦ ਐਲਾਨ ਕਰ ਦਿੱਤਾ ਕਿ ਦਿੱਲੀ ਤੇ ਪੰਜਾਬ ਦਾ ਜਾਣਕਾਰੀ ਸਾਂਝੀ ਕਰਨ ਬਾਬਤ ਸਮਝੌਤਾ ਹੋ ਗਿਆ ਤੇ ਉਸਨੇ ਇਸ ਕਾਲੇ ਦਿਨ ਨੂੰ ਇਤਿਹਾਸਿਕ ਕਦਮ ਦੱਸਿਆ ਹੈ।

Knowledge sharing agreement ਇੱਕ ਅਜਿਹੀ ਘੁੰਡੀ ਹੈ, ਜਿਸ ਤਹਿਤ ਪੰਜਾਬ ਦੀਆਂ ਸਰਕਾਰੀ ਫਾਇਲਾਂ ਦਿੱਲੀ ਭੇਜਿਆ ਜਾ ਸਕਣਗੀਆਂ ਅਤੇ ਦਿੱਲੀ ਸਰਕਾਰ ਦੇ ਮੰਤਰੀ ਸਿੱਧਾ ਪੰਜਾਬ ਸਰਕਾਰ ਦੇ ਅਫ਼ਸਰਾਂ ਨਾਲ ਵਰਚੂਅਲੀ ਅਤੇ ਦਿੱਲੀ ਬੁਲਾ ਕੇ ਸਿੱਧੀਆਂ ਮੀਟਿੰਗਾਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਲਾਹ ਦੇ ਰੂਪ ਵਿੱਚ ਹੁਕਮ ਦਿਆ ਕਰਨਗੇ। ਪੰਜਾਬ ਦੇ ਲੋਕ ਚੂੰ ਚਾਂ ਕਰਨਗੇ ਤਾਂ ਕਿਹਾ ਜਾਊ ਕਿ ਸਮਝੌਤਾ ਹੋਇਆ ਹੈ।

ਅਜਿਹੇ ਸਮਝੌਤੇ ਕਰਵਾ ਕੇ ਹੀ ਇੰਦਰਾ ਗਾਂਧੀ ਨੇ ਉਦੋਂ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਤੋਂ ਪੰਜਾਬ ਦਿੱਲੀ ਅੱਗੇ ਝੁਕਾਇਆ ਸੀ ਤੇ ਓਸੇ ਰਾਹ ਹੁਣ ਭਗਵੰਤ ਮਾਨ ਹੈ।
ਆਪ ਵਾਲਿਆਂ ਪੰਜਾਬ ਦੇ ਸੂਬਾਈ ਹੱਕਾਂ ਬਾਰੇ ਹੱਥ ਵੱਢ ਕੇ ਦਿੱਲੀ ਨੂੰ ਤਾਂ ਦੇ ਹੀ ਦਿੱਤੇ ਹਨ, ਨਾਲ ਇਹ ਵੀ ਮੰਨ ਲਿਆ ਕਿ ਜਿੱਤੇ 92 ਆਪ ਵਿਧਾਇਕਾਂ ਕੋਲ ਖ਼ੁਦ ਪੰਜਾਬ ਚਲਾਉਣ ਦੀ ਸਮਰੱਥਾ ਨਹੀਂ। ਕੇਜਰੀਵਾਲ ਅੱਜ ਪੰਜਾਬ ਦਾ ਸੁਪਰ ਸੀਐਮ ਬਣ ਗਿਆ।

ਹਾਲੇ ਵੀ ਸਮਾਂ ਹੈ ਕਿ ਪੰਜਾਬ ਦੇ ਵਿਧਾਇਕ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਭਗਵੰਤ ਮਾਨ ਨੂੰ ਜਗਾਉਣ ਅਤੇ ਪੰਜਾਬ ਦੀ ਵਾਗਡੋਰ ਸਿੱਧੀ ਦਿੱਲੀ ਨੂੰ ਦੇਣ ਤੋਂ ਰੋਕ ਲੈਣ। ਸਮਰਥਕ ਵੀ ਮੁੱਦੇ ਦੀ ਗੰਭੀਰਤਾ ਸਮਝਣ। ਅਕਾਲੀ-ਕਾਂਗਰਸੀ ਮਾੜੇ ਸਨ ਪਰ ਹੁਣ ਇਨ੍ਹਾਂ ਉਨ੍ਹਾਂ ਨਾਲ਼ੋਂ ਵੀ ਮਾੜੇ ਬਣਕੇ ਦਿਖਾਉਣਾ?
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ