7 ਸਾਲਾਂ ‘ਚ 8.81 ਲੱਖ ਲੋਕਾਂ ਨੇ ਛੱਡੀ ਭਾਰਤੀ ਨਾਗਰਿਕਤਾ, ਹਰ ਰੋਜ਼ 350 ਭਾਰਤੀ ਛੱਡ ਰਹੇ ਦੇਸ਼

462

ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਸੀ ਕਿ 1 ਜਨਵਰੀ 2015 ਤੋਂ 30 ਸਤੰਬਰ 2021 ਤੱਕ ਲਗਭਗ 9 ਲੱਖ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ।

ਨਵੀਂ ਦਿੱਲੀ: ਭਾਰਤ ਵਿਚ ਹਰ ਰੋਜ਼ 350 ਲੋਕ ਦੇਸ਼ ਦੀ ਨਾਗਰਿਕਤਾ ਛੱਡ ਕੇ ਵਿਦੇਸ਼ ਜਾ ਰਹੇ ਹਨ। ਅਜਿਹਾ ਨਹੀਂ ਹੈ ਕਿ ਸਿਰਫ਼ ਬੇਰੁਜ਼ਗਾਰੀ ਅਤੇ ਗਰੀਬੀ ਤੋਂ ਪ੍ਰੇਸ਼ਾਨ ਲੋਕ ਹੀ ਅਜਿਹਾ ਕਰ ਰਹੇ ਹਨ, ਸਗੋਂ ਮਾਹੌਲ ਅਜਿਹਾ ਹੈ ਕਿ ਅਰਬਪਤੀ ਵੀ ਦੇਸ਼ ਛੱਡ ਕੇ ਭੱਜ ਰਹੇ ਹਨ। ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਸੀ ਕਿ 1 ਜਨਵਰੀ 2015 ਤੋਂ 30 ਸਤੰਬਰ 2021 ਤੱਕ ਲਗਭਗ 9 ਲੱਖ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ।

ਇਸ ਅੰਕੜੇ ਮੁਤਾਬਕ ਹਰ ਰੋਜ਼ ਕਰੀਬ 350 ਭਾਰਤੀ ਆਪਣੀ ਨਾਗਰਿਕਤਾ ਛੱਡ ਰਹੇ ਹਨ। ਰਾਏ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਕੋਲ ਉਪਲਬਧ ਜਾਣਕਾਰੀ ਅਨੁਸਾਰ ਇਸ ਸਮੇਂ ਕੁੱਲ 1,33,83,718 ਭਾਰਤੀ ਨਾਗਰਿਕ ਵਿਦੇਸ਼ਾਂ ਵਿਚ ਰਹਿ ਰਹੇ ਹਨ। ਗ੍ਰਹਿ ਰਾਜ ਮੰਤਰੀ ਨੇ ਇਹ ਵੀ ਦੱਸਿਆ ਸੀ ਕਿ ਸਾਲ 2017 ਵਿਚ 1,33,049 ਭਾਰਤੀਆਂ ਨੇ ਨਾਗਰਿਕਤਾ ਛੱਡੀ ਸੀ। ਜਦਕਿ 2018 ਵਿਚ 1,34,561, 2019 ਵਿਚ 1,44,017, 2020 ਵਿਚ 85,248 ਅਤੇ 30 ਸਤੰਬਰ 2021 ਤੱਕ 1,11,287 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡੀ ਸੀ।


ਭਾਰਤ ਛੱਡਣ ਵਾਲਿਆਂ ਦੀ ਪਹਿਲੀ ਪਸੰਦ ਅਮਰੀਕਾ ਹੈ। ਦੇਸ਼ ਛੱਡਣ ਵਾਲੇ 42 ਫੀਸਦੀ ਲੋਕਾਂ ਨੇ ਅਮਰੀਕੀ ਨਾਗਰਿਕਤਾ ਲੈ ਲਈ ਹੈ। ਦੂਜੀ ਪਸੰਦ ਕੈਨੇਡਾ ਹੈ, ਜਿਥੇ 2017 ਤੋਂ 2021 ਦਰਮਿਆਨ 91 ਹਜ਼ਾਰ ਭਾਰਤੀਆਂ ਨੇ ਨਾਗਰਿਕਤਾ ਹਾਸਲ ਕੀਤੀ ਹੈ। ਆਸਟ੍ਰੇਲੀਆ ਤੀਜੇ ਨੰਬਰ ‘ਤੇ ਰਿਹਾ, ਜਿੱਥੇ 5 ਸਾਲਾਂ ‘ਚ 86,933 ਭਾਰਤੀ ਗਏ। ਉਸ ਤੋਂ ਬਾਅਦ 66,193 ਭਾਰਤੀਆਂ ਨੇ ਇੰਗਲੈਂਡ ਵਿਚ ਅਤੇ 23,490 ਭਾਰਤੀਆਂ ਨੇ ਇਟਾਲੀਅਨ ਨਾਗਰਿਕਤਾ ਹਾਸਲ ਕੀਤੀ। ਹਾਲ ਹੀ ਵਿਚ ਸ਼ਿਵ ਸੈਨਾ ਦੀ ਰਾਜ ਸਭਾ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਸਦਨ ਵਿਚ ਇਸ ਮੁੱਦੇ ਨੂੰ ਉਠਾਇਆ ਸੀ।

ਦੱਸ ਦੇਈਏ ਕਿ ਮੋਰਗਨ ਸਟੈਨਲੇ ਬੈਂਕ ਨੇ ਸਾਲ 2018 ਵਿਚ ਇਕ ਡੇਟਾ ਜਾਰੀ ਕੀਤਾ ਸੀ। ਜਿਸ ਮੁਤਾਬਕ 2014-18 ਦਰਮਿਆਨ 23,000 ਭਾਰਤੀ ਕਰੋੜਪਤੀ ਦੇਸ਼ ਛੱਡ ਕੇ ਚਲੇ ਗਏ। ਇਸ ਦੇ ਨਾਲ ਹੀ ਗਲੋਬਲ ਵੈਲਥ ਮਾਈਗ੍ਰੇਸ਼ਨ ਰਿਵਿਊ ਦੀ ਇਕ ਰਿਪੋਰਟ ਵਿਚ ਪਾਇਆ ਗਿਆ ਕਿ ਲਗਭਗ 5,000 ਭਾਰਤੀ ਕਰੋੜਪਤੀ ਸਾਲ 2020 ਵਿਚ ਭਾਰਤ ਛੱਡ ਕੇ ਵਿਦੇਸ਼ ਚਲੇ ਗਏ। ਦੂਜੇ ਦੇਸ਼ਾਂ ਦੀ ਨਾਗਰਿਕਤਾ ਅਤੇ ਵੀਜ਼ਾ ਪ੍ਰਦਾਨ ਕਰਨ ਵਾਲੀ ਬ੍ਰਿਟੇਨ ਦੀ ਅੰਤਰਰਾਸ਼ਟਰੀ ਕੰਪਨੀ ਹੈਨਲੇ ਐਂਡ ਪਾਰਟਨਰਸ ਦਾ ਕਹਿਣਾ ਹੈ ਕਿ ਗੋਲਡਨ ਵੀਜ਼ਾ ਰਾਹੀਂ ਕਿਸੇ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।