ਚੰਡੀਗੜ੍ਹ, 28 ਅਪਰੈਲ-ਪੰਜਾਬ ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਸਟਾਫ਼ ਦੀ ਭਰਤੀ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਵਿਧਾਨ ਸਭਾ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਕੀਤੀ ਗਈ ਭਰਤੀ ਦੇ ਸਮੁੱਚੇ ਰਿਕਾਰਡ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਜਨਵਰੀ ਵਿਚ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਵਿਚ ਇਹ ਮੁੱਦਾ ਉਠਾਇਆ ਸੀ, ਜਿਸ ਵਿਚ ਭਰਤੀ ਕੀਤੇ ਸਾਰੇ ਲੋਕਾਂ ਅਤੇ ਸੱਤਾਧਾਰੀਆਂ ਦੇ ਵਿਧਾਇਕਾਂ/ਮੰਤਰੀਆਂ ਨਾਲ ਉਨ੍ਹਾਂ ਦੇ ਸਬੰਧਾਂ ਦਾ ਵੇਰਵਾ ਦਿੱਤਾ ਗਿਆ ਸੀ। ਪਾਰਟੀ ਸੂਤਰਾਂ ਨੇ ਕਿਹਾ ਕਿ ਸਿਖ਼ਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਸਾਰੀਆਂ ਭਰਤੀਆਂ ਜਾਂਚ ਅਧੀਨ ਹਨ।

ਪੰਜਾਬ ਵਿਧਾਨ ਸਭਾ ‘ਚ ਭਰਤੀ ਘੁਟਾਲੇ ਦੀ ਜਾਂਚ ਹੋਵੇਗੀ। ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਇਸ ਦੀ ਜਾਂਚ ਕਰਵਾਉਣਗੇ। ਇਸ ਦੇ ਲਈ ਹੁਣ ਮਾਨ ਸਰਕਾਰ ਵਿੱਚ ਮੰਤਰੀ ਬਣੇ ਹਰਜੋਤ ਬੈਂਸ ਦੀ ਸ਼ਿਕਾਇਤ ਨੂੰ ਆਧਾਰ ਬਣਾਇਆ ਜਾਵੇਗਾ। ਬੈਂਸ ਨੇ ਦਸਤਾਵੇਜ਼ਾਂ ਦੀ ਮਦਦ ਨਾਲ ਇਸ ਦਾ ਪਰਦਾਫਾਸ਼ ਕੀਤਾ ਸੀ। ਜਿਸ ਵਿੱਚ ਦੱਸਿਆ ਗਿਆ ਕਿ ਵਿਧਾਨ ਸਭਾ ਵਿੱਚ ਸਾਬਕਾ ਸਪੀਕਰ ਰਾਣਾ ਕੇਪੀ ਸਮੇਤ ਕਾਂਗਰਸੀਆਂ ਦੇ ਕਰੀਬੀ ਅਤੇ ਰਿਸ਼ਤੇਦਾਰ ਭਰਤੀ ਕੀਤੇ ਗਏ ਹਨ। ਹੁਣ ਸਪੀਕਰ ਵੱਲੋਂ ਪਿਛਲੇ 5 ਸਾਲਾਂ ਵਿੱਚ ਕੀਤੀ ਗਈ ਭਰਤੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾ ਰਹੀ ਹੈ।

ਹਰਜੋਤ ਬੈਂਸ ਨੇ ਕਿਹਾ ਸੀ ਕਿ ਵਿਧਾਨ ਸਭਾ ਵਿੱਚ ਜਿਨ੍ਹਾਂ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਸਿਧਾਰਥ ਠਾਕੁਰ ਸਪੀਕਰ ਦੇ ਦੋਸਤ ਦਾ ਪੁੱਤਰ ਹੈ। ਮਨਜਿੰਦਰ ਵਿਧਾਇਕ ਸੁਰਜੀਤ ਧੀਮਾਨ ਦਾ ਭਤੀਜਾ ਹੈ। ਗੌਰਵ ਠਾਕੁਰ ਸਪੀਕਰ ਦੇ ਰਿਸ਼ਤੇਦਾਰ ਦਾ ਪੁੱਤਰ ਹੈ। ਪ੍ਰਵੀਨ ਕੁਮਾਰ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਦਾ ਭਤੀਜਾ ਹੈ। ਰੋਪੜ ਦੇ ਰਹਿਣ ਵਾਲੇ ਗੌਰਵ ਰਾਣਾ ਅਤੇ ਸੌਰਵ ਰਾਣਾ ਯਾਨੀ ਇੱਕੋ ਘਰ ਦੇ 2 ਭਰਾਵਾਂ ਨੂੰ ਨੌਕਰੀ ਦਿੱਤੀ ਗਈ।

ਮਾਰਕੀਟ ਕਮੇਟੀ ਆਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਦੇ ਪੁੱਤਰ ਰਾਕੇਸ਼ ਕੁਮਾਰ ਨੂੰ ਵੀ ਨੌਕਰੀ ਦਿੱਤੀ ਗਈ। ਜੋ ਕੰਮ ਡੀਸੀ ਦਫਤਰ ਰੋਪੜ ਵਿੱਚ ਹੁੰਦਾ ਹੈ। ਬਠਿੰਡਾ ਦਾ ਅਜੈ ਕੁਮਾਰ ਮਨਪ੍ਰੀਤ ਬਾਦਲ ਦੇ ਕਰੀਬੀ ਦਾ ਪੁੱਤਰ ਹੈ ਅਤੇ ਉਸ ਨਾਲ ਕੰਮ ਕਰਦਾ ਹੈ। ਅਵਤਾਰ ਸਿੰਘ ਸਾਬਕਾ ਕਾਂਗਰਸੀ ਸੰਸਦ ਮੈਂਬਰ ਪਵਨ ਬਾਂਸਲ ਦੇ ਡਰਾਈਵਰ ਦਾ ਪੁੱਤਰ ਹੈ।