ਟਵਿੱਟਰ ਖਰੀਦਣ ਤੋਂ ਬਾਅਦ ਹੁਣ ਐਲਨ ਮਸਕ ਦਾ ਇਹ ਟਵੀਟ ਹੋ ਰਿਹਾ ਵਾਇਰਲ

616

ਨਵੀਂ ਦਿੱਲੀ, 28 ਅਪ੍ਰੈਲ : ਟੇਸਲਾ ਦੇ ਸੀਈਓ ਏਲੋਨ ਮਸਕ ਦੀ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ ਹੁਣ ਕੋਕਾ ਕੋਲਾ ’ਤੇ ਨਜ਼ਰ ਹੈ। ਜੀ ਹਾਂ, ਏਲੋਨ ਮਸਕ ਦਾ ਇਕ ਨਵਾਂ ਟਵੀਟ ਕਾਫੀ ਚਰਚਾ ਵਿਚ ਹੈ। ਏਲੋਨ ਮਸਕ ਨੇ ਵੀਰਵਾਰ ਸਵੇਰੇ ਟਵੀਟ ਕਰਕੇ ਕੋਕਾ ਕੋਲਾ ਖ਼ਰੀਦਣ ਦੀ ਗੱਲ ਕਹੀ। ਮਸਕ ਨੇ ਟਵੀਟ ਕੀਤਾ ਕਿ ਹੁਣ ਮੈਂ ਕੋਕਾ ਕੋਲਾ ਖ਼ਰੀਦਣ ਜਾ ਰਿਹਾ ਹਾਂ ਤਾਂ ਜੋ ਮੈਂ ਇਸ ਵਿਚ ਕੋਕੀਨ ਪਾ ਸਕਾਂ। ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ਸੁਣੋ, ਮੈਂ ਚਮਤਕਾਰ ਨਹੀਂ ਕਰ ਸਕਦਾ। ਮਸਕ ਦੁਆਰਾ ਸ਼ੇਅਰ ਕੀਤੇ ਗਏ ਸਕਰੀਨ ਸ਼ਾਟ ਵਿਚ ਲਿਖਿਆ ਗਿਆ ਹੈ ਕਿ ਹੁਣ ਮੈਂ ਮੈਕਡੋਨਾਲਡ ਅਤੇ ਸਾਰੀਆਂ ਆਈਸ ਕਰੀਮ ਮਸ਼ੀਨਾਂ ਖ਼ਰੀਦਣ ਜਾ ਰਿਹਾ ਹਾਂ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਨੇ ਸੋਮਵਾਰ ਨੂੰ ਟਵਿੱਟਰ ਨੂੰ 44 ਬਿਲੀਅਨ ਵਿੱਚ ਖ਼ਰੀਦਿਆ, ਇਸ ਤਰ੍ਹਾਂ ਉਨ੍ਹਾਂ ਨੂੰ 217 ਮਿਲੀਅਨ ਉਪਭੋਗਤਾਵਾਂ ਦੇ ਨਾਲ ਪਲੇਟਫਾਰਮ ਦਾ ਕੰਟਰੋਲ ਮਿਲ ਗਿਆ। ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ ਏਲੋਨ ਮਸਕ ਨੇ ਕਿਹਾ ਕਿ ਪਹਿਲਾ ਟਵੀਟ ਸੁਤੰਤਰ ਸਪੀਚ ਬਾਰੇ ਸੀ, ਜਿਸ ਵਿਚ ਉਨ੍ਹਾਂ ਨੇ ਸੰਕੇਤ ਦਿਤਾ ਸੀ ਕਿ ਇੱਥੇ ਹਰ ਕਿਸੇ ਨੂੰ ਬੋਲਣ ਅਤੇ ਆਪਣੀ ਗੱਲ ਰੱਖਣ ਦੀ ਆਜ਼ਾਦੀ ਹੋਵੇਗੀ।

ਸੰਸਾਰ ਪੱਧਰ ਉੱਤੇ ਹੀ ਸਰਮਾਏਦਾਰ ਮੀਡੀਆ ਹਮੇਸ਼ਾ ਅਜਿਹੇ ‘ਨਾਇਕਾਂ’ ਦੀ ਭਾਲ਼ ਵਿਚ ਰਹਿੰਦਾ ਹੈ ਜਿਨ੍ਹਾਂ ਨੂੰ ਨੌਜਵਾਨਾਂ ਅੱਗੇ ਪੇਸ਼ ਕਰਕੇ ਉਨ੍ਹਾਂ ਨੂੰ ਇਨ੍ਹਾਂ ਆਦਰਸ਼ਾਂ ਨੂੰ ਹਾਸਲ ਕਰਨ ਦੇ ਗਲ਼ਵੱਢ ਮੁਕਾਬਲੇ ਵਿਚ ਝੋਕਿਆ ਜਾ ਸਕੇ। ਇਨ੍ਹਾਂ ਧਨਾਢ ‘ਨਾਇਕਾਂ’ ਦੀ ਕੁੱਲ ਜ਼ਿੰਦਗੀ ਹੀ ਇੰਝ ਬਣਾ ਕੇ ਪੇਸ਼ ਕੀਤੀ ਜਾਂਦੀ ਹੈ ਕਿ ਕਿਵੇਂ ਇਹ ਗੁਰਬਤ ਭਰੀ ਜਾਂ ਆਮ ਜ਼ਿੰਦਗੀ ਤੋਂ ਸ਼ੁਰੂਆਤ ਕਰਦੇ ਹੋਏ ਸਿਰਫ ਆਪਣੀ ਲਿਆਕਤ ਤੇ ਮਿਹਨਤ ਦੇ ਸਿਰ ਉੱਤੇ ਇਹ ਪ੍ਰਾਪਤੀਆਂ ਹਾਸਲ ਕਰਨ ਦੇ ਯੋਗ ਬਣੇ। 2010ਵਿਆਂ ਦੀ ਸ਼ੁਰੂਆਤ ਬਿਲ ਗੇਟਸ, ਵਾਰੇਨ ਬਫੇ ਨੂੰ ਆਦਰਸ਼ ਵਾਂਗ ਪ੍ਰਚਾਰਨ ਤੋਂ ਹੋਈ, ਫੇਰ ਹਾਕਮਾਂ ਦੇ ਚਹੇਤੇ ਮੀਡੀਆ ਨੂੰ ਮਾਰਕ ਜ਼ੁਕਰਬਰਗ ਤੇ ਸਟੀਵ ਜੌਬਸ ਅਜਿਹੇ ਪ੍ਰਚਾਰ ਲਈ ਵਧੇਰੇ ਯੋਗ ਲੱਗੇ ਤੇ ਅਖ਼ਬਾਰ, ਰਸਾਲੇ, ਸੋਸ਼ਲ ਮੀਡੀਆ ਇਨ੍ਹਾਂ ਦੀਆਂ ‘ਸਫਲਤਾਵਾਂ’ ਦੀਆਂ ਕਹਾਣੀਆਂ ਨਾਲ਼ ਨੱਕੋ-ਨੱਕ ਭਰ ਗਏ। ਨੌਜਵਾਨਾਂ ਦਾ ਧਿਆਨ ਇਸ ਸਮਾਜਿਕ ਪ੍ਰਬੰਧ ਦੇ ਵਿਗਾੜਾਂ ਤੋਂ ਹਟਾ ਕੇ ਬਿਲ ਗੇਟਸ, ਜੌਬਸ, ਜ਼ੁਕਰਬਰਗ ਜਿਹੇ ਧਨਾਢ ਬਣਨ ਵੱਲ ਲਾਉਣ ਵਿਚ, ਸਮਾਜ ਵਿਚ ਫੈਲੀ ਗਰੀਬੀ, ਬੇਰੁਜ਼ਗਾਰੀ ਪਿੱਛੇ ਅਸਲ ਕਾਰਨ ਪੜਤਾਲਣ ਦੀ ਥਾਵੇਂ ਇਨ੍ਹਾਂ ਦੇ ਕਾਰਨ ਨਿੱਜੀ ਕਮਜ਼ੋਰੀਆਂ ਵਿਚ ਦੇਖਣ ਵਿਚ ਅਜਿਹੇ ਪ੍ਰਚਾਰ ਦਾ ਵੱਡਾ ਹੱਥ ਹੈ। ਅੱਜ ਕੱਲ ਸੰਸਾਰ ਸਰਮਾਏਦਾਰਾ ਪ੍ਰਬੰਧ ਨੂੰ ਨਵਾਂ ਆਦਰਸ਼ ਨਾਇਕ ਲੱਭ ਗਿਆ ਹੈ ਜੋ ਮੁੱਖਧਾਰਾ ਮੀਡੀਆ ਦੇ ਵੱਡੇ ਹਿੱਸੇ ਵਿਚ ਕਾਫੀ ਮਕਬੂਲ ਹੈ। ਇਹ ਹੈ ਟੈਸਲਾ ਤੇ ਸਪੇਸ ਐਕਸ ਕੰਪਨੀਆਂ ਦਾ ਬਾਨੀ ਏਲੋਨ ਮਸਕ ਜੋ ‘ਫੋਰਬਸ’ ਅਨੁਸਾਰ ਸੰਸਾਰ ਦਾ ਸਭ ਤੋਂ ਅਮੀਰ ਬੰਦਾ ਹੈ। ‘ਟਾਈਮ’ ਰਸਾਲੇ ਨੇ ਇਸ ਸਾਲ ਮਸਕ ਨੂੰ 2021 ਦਾ ਸਰਵੋਤਮ ਮਨੁੱਖ ਵੀ ਐਲਾਨਿਆ ਹੈ।

ਆਪਣੇ ਨਵੇਂ ਚਹੇਤੇ ਨਾਇਕ ਦੀ ਤਸਵੀਰ ਸਰਮਾਏਦਾਰਾ ਮੀਡੀਆ ਨੇ ਬਹੁਤ ਹੀ ਮਿਹਨਤ ਨਾਲ਼ ਝੂਠਾਂ, ਫਰੇਬਾਂ ਤੇ ਅਤਿਕਥਨੀਆਂ ਨਾਲ਼ ਸਿਰਜੀ ਹੈ। ਅਮਰੀਕਾ ਦੇ ਮੁੱਖਧਾਰਾ ਮੀਡੀਆ ਦੀ ਗੱਲ ਮੰਨੀਏ ਤਾਂ ਏਲੋਨ ਮਸਕ ਬਹੁਤ ਆਮ ਜਿਹੇ ਘਰ ਵਿਚ, ਅਫਰੀਕਾ ਵਿਚ ਪੈਦਾ ਹੋਇਆ ਤੇ ਆਪਣੀ ਮਿਹਨਤ ਤੇ ਅਕਲ ਸਦਕਾ ਉਹਨੇ ਇੰਨਾ ਵੱਡਾ ਸਾਮਰਾਜ ਸਿਰਜ ਲਿਆ ਹੈ। ਮਸਕ ਦੀ ਤਰੀਫ ਦੇ ਹੋਰ ਪੁਲ ਬੰਨ੍ਹਦਿਆਂ ‘ਟਾਈਮ’ ਦਾ ਕਹਿਣਾ ਹੈ ਕਿ ਮਸਕ ਵਿਗਿਆਨ ਦੇ ਸਿਧਾਂਤ ਅਤੇ ਅਮਲ ਦੀ ਬਹੁਤ ਡੂੰਘੀ ਜਾਣਕਾਰੀ ਰੱਖਦਾ ਹੈ (ਕੁਝ ਲੋਕ ਤਾਂ ਮਸਕ ਨੂੰ ਆਇੰਸਟਾਈਨ ਤੱਕ ਦਾ ਵਾਰਿਸ ਗਰਦਾਨਣ ਤੱਕ ਚਲੇ ਜਾਂਦੇ ਹਨ) ਤੇ ਉਸ ਦੀ ਸਫਲਤਾ ਤੇ ਮੁਨਾਫਿਆਂ ਦਾ ਮੁੱਖ ਸੋਮਾ ਉਸ ਦੀ ਵਿਗਿਆਨ ਬਾਰੇ ਡੂੰਘੀ ਸਮਝ ਹੈ। ਇਸ ਤੋਂ ਵੀ ਅੱਗੇ ਨਾ ਸਿਰਫ ਮੀਡੀਆ ਸਗੋਂ ਮਸਕ ਦਾ ਖੁਦ ਦਾ ਮੰਨਣਾ ਹੈ ਕਿ ਉਹ ਮਜ਼ਦੂਰ ਪੱਖੀ ਸਰਮਾਏਦਾਰ ਹੈ ਤੇ ਇਸ ਲਈ ਉਸ ਨੇ ਆਪਣੀਆਂ ਫੈਕਟਰੀਆਂ ਵਿਚ ਇੰਨੀਆਂ ਆਧੁਨਿਕ ਮਸ਼ੀਨਾਂ ਰੱਖੀਆਂ ਹਨ ਕਿ ਉੱਥੇ ਕੰਮ ਕਰਨਾ ਬਹੁਤ ਅਸਾਨ ਹੈ। ਅਮਰੀਕੀ ਮੀਡੀਆ ਦਾ ਇੱਕ ਛੋਟਾ ਹਿੱਸਾ ਇਹ ਵੀ ਮੰਨਦਾ ਹੈ ਕਿ ਮਸਕ ਦੀ ਕੰਪਨੀ ਸਪੇਸ ਐਕਸ ਹੀ ਉਹ ਕੰਪਨੀ ਹੈ ਜੋ ਮਨੁੱਖ ਦਾ ਧਰਤੀ ਨੂੰ ਛੱਡ ਕੇ ਹੋਰ ਗ੍ਰਹਿ ਉੱਤੇ ਜਿਊਣਾ ਸੰਭਵ ਬਣਾਵੇਗੀ। ਇਹ ਹੈ ਏਲੋਨ ਮਸਕ ਦੀ ਤਸਵੀਰ ਜੋ ਪੱਛਮੀ ਮੀਡੀਆ ਤੇ ਖਾਸ ਕਰ ਅਮਰੀਕਾ ਦਾ ਮੀਡੀਆ ਉਸਾਰਦਾ ਹੈ। ਨੌਜਵਾਨਾਂ ਨੂੰ ਇਹਦੇ ਰਾਹੀਂ ਸਾਫ ਸੁਨੇਹਾ ਇਹ ਹੈ ਕਿ ਇਸ ਢਾਂਚੇ ਵਿਚਲੀਆਂ ਊਣਤਾਈਆਂ ਦਾ ਹੱਲ ਲੱਭਣਾ ਛੱਡੋ ਤੇ ਮਸਕ ਵਰਗੇ ਬਣੋ, ਸਿਰਫ ਇੰਝ ਹੀ ਆਪਣਾ ਤੇ ਹੋਰ ਲੋਕਾਂ ਦਾ ਭਲਾ ਕੀਤਾ ਜਾ ਸਕਦਾ ਹੈ।

ਆਓ ਹੁਣ ਏਲੋਨ ਮਸਕ ਪੱਖੀ ਕੀਤੇ ਜਾਂਦੇ ਪ੍ਰਚਾਰ ਨੂੰ ਤੱਥਾਂ ਦੀ ਕਸੌਟੀ ਉੱਤੇ ਪਰਖੀਏ ਤੇ ਦੇਖੀਏ ਕਿ ਏਲੋਨ ਮਸਕ ਦੀ ਜੋ ਤਸਵੀਰ ਸੰਸਾਰ ਅੱਗੇ ਪੇਸ਼ ਕੀਤੀ ਜਾ ਰਹੀ ਹੈ, ਉਸ ਵਿਚ ਕਿੰਨੀ ਕੁ ਸੱਚਾਈ ਹੈ। ਇਹ ਅਕਸਰ ਕਿਹਾ ਜਾਂਦਾ ਹੈ ਕਿ ਏਲੋਨ ਮਸਕ ਆਮ ਜਿਹੇ ਪਰਿਵਾਰ ਵਿਚ ਹੀ ਪੈਦਾ ਹੋਇਆ ਸੀ ਪਰ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਏਲੋਨ ਦਾ ਬਾਪ ਐਰੋਲ ਮਸਕ ਉਸ ਦੇ ਬਚਪਨ ਸਮੇਂ ਜ਼ਾਮਬੀਆ ਵਿਚ ਇੱਕ ਖਾਣ ਮਾਲਕ ਸੀ। ਮੀਡੀਆ ਨਾਲ਼ ਇੰਟਰਵਿਊ ਵਿਚ ਐਰੋਲ ਮਸਕ ਨੇ ਮਖੌਲ ਵਿਚ ਇਹ ਵੀ ਕਿਹਾ ਸੀ ਕਿ ਸਾਡੇ ਪਰਿਵਾਰ ਕੋਲ਼ ਇੰਨਾ ਧਨ ਹੁੰਦਾ ਸੀ ਕਿ ਸਾਡੇ ਲਈ ਤਿਜੋਰੀ ਬੰਦ ਕਰਨੀ ਔਖੀ ਹੋ ਜਾਂਦੀ ਸੀ। ਇਹ ਹੈ ਉਹ ਗਰੀਬੀ ਜਿਸ ਤੋਂ ਏਲੋਨ ਮਸਕ ਉੱਠ ਕੇ ਅਮੀਰ ਬਣਿਆ ਹੈ।

ਇਸ ਤੋਂ ਅੱਗੇ ਮਸਕ ਦੇ ਮੁਨਾਫੇ ਦੇ ਸਰੋਤਾਂ ਦੀ ਗੱਲ ਕਰਦੇ ਹਾਂ। ਬਾਕੀ ਸਭ ਸਰਮਾਏਦਾਰਾਂ ਵਾਂਗ ਮਸਕ ਦੇ ਮੁਨਾਫਿਆਂ ਦਾ ਮੂਲ ਸਰੋਤ ਵੀ ਮਜ਼ਦੂਰਾਂ ਦੀ ਲੁੱਟ ਹੀ ਹੈ ਨਾ ਕਿ ਅਮਰੀਕੀ ਮੀਡੀਆ ਤੇ ਪ੍ਰਚਾਰ ਵਾਂਗ ਉਸ ਦੀ ਤਕਨੀਕ ਤੇ ਵਿਗਿਆਨ ਬਾਰੇ ਜਾਣਕਾਰੀ। ਅਸਲ ਵਿਚ ਮਸਕ ਦੀਆਂ ਟੈਸਲਾ ਫੈਕਟਰੀਆਂ ਵਿਚ ਮਜ਼ਦੂਰ ਭਿਅੰਕਰ ਲੁੱਟ ਦਾ ਸ਼ਿਕਾਰ ਹਨ। 2017 ਵਿਚ ਟੈਸਲਾ ਦੇ ਇੱਕ ਮਜ਼ਦੂਰ ਨੇ ‘ਦਿ ਗਾਰਜੀਅਨ’ ਨਾਲ ਗੱਲ ਕਰਦੇ ਹੋਏ ਦੱਸਿਆ ਸੀ ਕਿ 2014 ਤੋਂ ਲੈ ਕੇ 2017 ਤੱਕ ਉਹ ਜਿਸ ਫੈਕਟਰੀ ਵਿਚ ਕੰਮ ਕਰਦਾ ਸੀ, ਉੱਥੇ ਘੱਟੋ-ਘੱਟ 100 ਵਾਰ ਐਂਬੂਲੈਂਸ ਨੂੰ ਸਿਰਫ ਇਸ ਲਈ ਆਉਣਾ ਪਿਆ ਕਿਉਂਕਿ ਮਜ਼ਦੂਰਾਂ ਨੂੰ ਚੱਕਰ ਆ ਰਹੇ ਸਨ ਜਾਂ ਸਾਹ ਦੀ ਸਮੱਸਿਆ ਆ ਰਹੀ ਸੀ ਤੇ ਜਾਂ ਛਾਤੀ ਆਦਿ ਵਿਚ ਭਿਅੰਕਰ ਦਰਦ ਹੋ ਰਿਹਾ ਸੀ । ਇਸ ਤੋਂ ਬਿਨਾਂ ਸੈਂਕੜਿਆਂ ਵਾਰੀ ਐਂਬੂਲੈਂਸ ਨੂੰ ਹੋਰ ਸਿਹਤ ਸਬੰਧੀ ਸਮੱਸਿਆਵਾਂ ਨਾਲ਼ ਨਜਿੱਠਣ ਲਈ ਆਉਣਾ ਪਿਆ ਸੀ। ਇਸ ਦਾ ਕਾਰਨ ਇਹ ਸੀ ਕਿ ਟੈਸਲਾ ਦੀ ਫੈਕਟਰੀ ਵਿਚ ਮਜ਼ਦੂਰਾਂ ਨੂੰ ਬਿਨਾਂ ਆਰਾਮ ਦਿੱਤੇ ਕੰਮ ਕਰਵਾਇਆ ਜਾ ਰਿਹਾ ਸੀ ਤੇ ਅਜਿਹੇ ਹੱਡ ਤੋੜਵੇਂ ਕੰਮ ਕਾਰਨ ਅਕਸਰ ਹੀ ਮਜ਼ਦੂਰ ਗਸ਼ ਖਾ ਕੇ ਡਿੱਗ ਪੈਂਦੇ ਸਨ ਤੇ ਮਜ਼ਦੂਰਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਸਨ। ਉਸ ਮਜ਼ਦੂਰ ਨੇ ਅੱਗੇ ਇਹ ਵੀ ਦੱਸਿਆ ਕਿ ਟੈਸਲਾ ਵਿਚ ਕੰਮ ਦਾ ਮਾਹੌਲ ਇੰਨਾ ਅਣਮਨੁੱਖੀ ਸੀ ਕਿ ਜੇਕਰ ਕੋਈ ਮਜ਼ਦੂਰ ਗਸ਼ ਖਾ ਕੇ ਡਿੱਗ ਜਾਂਦਾ ਸੀ ਤਾਂ ਬਿਨਾਂ ਉਸ ਮਜ਼ਦੂਰ ਨੂੰ ਚੁੱਕਿਆਂ ਹੀ ਅਗਲੇ ਮਜ਼ਦੂਰ ਨੂੰ ਉਸ ਦੀ ਥਾਵੇਂ ਕੰਮ ਲਈ ਲਾ ਦਿੱਤਾ ਜਾਂਦਾ ਸੀ। ਇੱਕ ਹੋਰ ਮਜ਼ਦੂਰ ਦਾ ਕਹਿਣਾ ਸੀ ਕਿ ਏਲੋਨ ਮਸਕ ਦੁਨੀਆ ਅੱਗੇ ਪੈਦਾਵਾਰ ਵਧਾਉਣ ਦੇ ਵੱਡੇ ਵੱਡੇ ਵਾਅਦੇ ਕਰਦਾ ਹੈ ਤੇ ਇੰਝ ਦਿਖਾਉਂਦਾ ਹੈ ਜਿਵੇਂ ਸਿਰਫ ਬਿਹਤਰ ਤਕਨੀਕ ਦੇ ਸਹਾਰੇ ਹੀ ਇਹ ਕੰਮ ਕਰ ਲਿਆ ਜਾਵੇਗਾ ਪਰ ਅਸਲ ਵਿਚ ਇਹ ਟੀਚੇ ਪੂਰੇ ਕਰਨ ਲਈ ਮਜ਼ਦੂਰਾਂ ਤੋਂ ਖੱਚਰਾਂ ਵਾਂਗ ਕੰਮ ਲਿਆ ਜਾਂਦਾ ਹੈ। ਹੋਰ ਮਜ਼ਦੂਰਾਂ ਦਾ ਕਹਿਣਾ ਸੀ ਕਿ ਟੈਸਲਾ ਦੀਆਂ ਫੈਕਟਰੀਆਂ ਵਿਚ ਜੋ ਮਸ਼ੀਨੀਕਰਨ ਟੀਵੀ ਉੱਤੇ ਦੇਖ ਕੇ ਆਮ ਲੋਕ ਪ੍ਰਭਾਵਿਤ ਹੁੰਦੇ ਹਨ, ਅਸਲ ਵਿਚ ਉਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਕੇ ਮਜ਼ਦੂਰਾਂ ਤੋਂ ਇੰਨੀ ਤੇਜੀ ਨਾਲ਼ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨਾਲ਼ ਕਈ ਤਰ੍ਹਾਂ ਦਾ ਨੁਕਸਾਨ ਮਜ਼ਦੂਰਾਂ ਦੀ ਸਿਹਤ ਉੱਤੇ ਪੈਂਦਾ ਹੈ ਤੇ ਡਿਸਕ, ਰੀੜ੍ਹ ਦੀ ਹੱਡੀ ਨਾਲ਼ ਜੁੜੀਆਂ ਸਮੱਸਿਆਵਾਂ, ਸਰਵਾਈਕਲ ਆਦਿ ਨਾਲ਼ ਕਈ ਮਜ਼ਦੂਰ ਪ੍ਰਭਾਵਿਤ ਹਨ। ਇਸ ਤੋਂ ਬਿਨਾਂ ਹੋਰ ਵੀ ਕਈ ਵੇਰਵੇ ਇਸ ਸੰਬੰਧੀ ਦਿੱਤੇ ਜਾ ਸਕਦੇ ਹਨ ਕਿ ਕਿਵੇਂ ਏਲੋਨ ਮਸਕ ਦਾ ਕਾਰੋਬਾਰ ਮਜ਼ਦੂਰਾਂ ਦੀ ਭਿਅੰਕਰ ਲੁੱਟ ਦੇ ਸਹਾਰੇ ਖੜ੍ਹਾ ਹੈ।

ਜੇ ਗੱਲ ਕਰੀਏ ਟੈਸਲਾ, ਸਪੇਸ ਐਕਸ ਆਦਿ ਵਿਚ ਜੋ ਵਿਗਿਆਨਕ ਲੱਭਤਾਂ ਜਾਂ ਆਧੁਨਿਕ ਤਕਨੀਕ ਵਰਤੀ ਜਾਂਦੀ ਹੈ, ਉਹ ਵੀ ਮਸਕ ਦੀ ਕੋਈ ਮੌਲਿਕ ਖੋਜ ਨਹੀਂ ਜਿਵੇਂ ਅਮਰੀਕੀ ਮੀਡੀਆ ਵੱਲੋਂ ਪੇਸ਼ ਕੀਤਾ ਜਾਂਦਾ ਹੈ। ਖੁਦ ਏਲੋਨ ਮਸਕ ਦੀ ਵਿਗਿਆਨ ਦੀ ਸਮਝ ਕਾਫੀ ਅਪ੍ਰਪੱਕ ਹੈ ਜੋ ਸੋਸ਼ਲ ਮੀਡੀਆ ਉੱਤੇ ਉਹਦੀਆਂ ਵਿਗਿਆਨ ਸੰਬੰਧੀ ਪੋਸਟਾਂ ਰਾਹੀਂ ਦੇਖਿਆ ਜਾ ਸਕਦਾ ਹੈ। ਮਸਕ ਦੀ ਕੰਪਨੀ ਸਪੇਸ ਐਕਸ ਦੀ ਗੱਲ ਕਰੀਏ ਤਾਂ ਇੱਥੇ ਵੀ ਏਲੋਨ ਮਸਕ ਦਾ ਕੋਈ ਟੀਚਾ ਮਨੁੱਖਤਾ ਦੀ ਸੇਵਾ ਨਹੀਂ ਤੇ ਨਾ ਹੀ ਮਸਕ ਕਿਸੇ ਦੂਜੇ ਗ੍ਰਹਿ ਉੱਤੇ ਮਨੁੱਖ ਲਈ ਨਵਾਂ ਬਸੇਰਾ ਲੱਭਣ ਦੇ ਨੇੜੇ ਹੈ। ਅਸਲ ਵਿਚ ਇਹ ਮੁਨਾਫੇ ਕਮਾਉਣ ਦਾ ਹੀ ਇੱਕ ਹੋਰ ਤਰੀਕਾ ਹੈ ਤੇ ਅੱਜ ਜਦੋਂ ਕੁੱਲ ਸੰਸਾਰ ਅਰਥਚਾਰਾ ਹੀ ਸੰਕਟਗ੍ਰਸਤ ਹੈ ਤਾਂ ਮਸਕ ਜਹੇ ਸਰਮਾਏਦਾਰ ਹਰ ਹੀਲੇ ਕਿਸੇ ਵੀ ਚੀਜ਼ ਤੋਂ ਮੁਨਾਫਾ ਕਮਾਉਣ ਲਈ ਕਾਹਲੇ ਹਨ। ਅਸਲੀਅਤ ਤਾਂ ਇਹ ਹੈ ਕਿ ਏਲੋਨ ਮਸਕ ਦੀ ਦੌਲਤ ਦਾ ਵੱਡਾ ਹਿੱਸਾ ਅਸਲ ਵਿਚ ਇੱਕ ਬੁਲਬੁਲਾ ਹੀ ਹੈ, ਮਤਲਬ ਸ਼ੇਅਰ ਬਜ਼ਾਰ ਵਿਚ ਏਲੋਨ ਮਸਕ ਦੀਆਂ ਕੰਪਨੀਆਂ ਦੀ ਜਿੰਨੀ ਕੁੱਲ ਦੌਲਤ ਦੱਸੀ ਜਾਂਦੀ ਹੈ, ਉਸ ਦਾ ਅਸਲ ਪੈਦਾਵਾਰ ਤੇ ਇਨ੍ਹਾਂ ਕੰਪਨੀਆਂ ਦੇ ਮੌਜੂਦਾ ਮੁਨਾਫਿਆਂ ਨਾਲ਼ ਕੋਈ ਮੇਲ ਨਹੀਂ। ਇਸ ਦਾ ਕਾਰਨ ਇਹ ਹੈ ਕਿ ਅਸਲ ਖੇਤਰ ਵਿਚ ਏਲੋਨ ਮਸਕ ਦੀਆਂ ਦੋਹੇ ਕੰਪਨੀਆਂ ਕੁੱਲ ਮਿਲ਼ਾ ਕੇ ਪਿਛਲੇ ਸਾਲਾਂ ਵਿਚ ਘਾਟੇ ਵਿਚ ਹੀ ਚੱਲ ਰਹੀਆਂ ਹਨ ਪਰ ਸੱਟੇਬਾਜ਼ਾਂ ਨੂੰ ਇਹ ਆਸ ਹੈ ਕਿ ਅੱਗੇ ਇਹ ਕੰਪਨੀਆਂ ਮੰਡੀ ਵਿਚ ਆਪਣੀ ਥਾਂ ਬਣਾ ਕੇ ਵਧੇਰੇ ਮੁਨਾਫੇ ਕਮਾਉਣਗੀਆਂ। ਏਲੋਨ ਮਸਕ ਉਨ੍ਹਾਂ ਸਰਮਾਏਦਾਰਾਂ ਵਿਚ ਸ਼ੁਮਾਰ ਹੈ ਜਿਨ੍ਹਾਂ ਦੀ ਦੌਲਤ ਵਿਚ ਅਥਾਹ ਵਾਧਾ ਕਰੋਨਾ ਪੂਰਨਬੰਦੀਆਂ ਸਮੇਂ ਹੋਇਆ। ਪੈਦਾਵਾਰ ਠੱਪ ਹੋਣ ਕਰਕੇ ਤੇ ਫੈਡਰਲ ਰਿਜ਼ਰਵ ਦੀ ਮੁਦਰਕ ਨੀਤੀ ਸਦਕਾ ਸ਼ੇਅਰ ਬਾਜ਼ਾਰ ਅੰਦਰ ਨਿਵੇਸ਼ ਕਰਨ ਵਾਲ਼ਿਆਂ ਵਿਚ ਭਾਰੀ ਵਾਧਾ ਦਰਜ ਹੋਇਆ ਤੇ ਇਸ ਨੇ ਇੱਕ ਤਰ੍ਹਾਂ ਦਾ ਬੁਲਬੁਲਾ ਪੈਦਾ ਕੀਤਾ ਜਿੱਥੇ ਸ਼ੇਅਰ ਬਾਜ਼ਾਰ ਉੱਤੇ ਕਈ ਕੰਪਨੀਆਂ ਦੀ ਕੁੱਲ ਦੌਲਤ ਵਿਚ ਵੱਡਾ ਇਜ਼ਾਫਾ ਹੋਇਆ।