ਪਟਿਆਲਾ: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭੁੱਨਰਹੇੜੀ ਬਲਾਕ ਦੇ ਪਿੰਡ ਨੈਣ ਖੁਰਦ ਵਿਖੇ ਪੁੱਜੇ ਅਤੇ ਪਿਛਲੇ ਦਿਨੀਂ ਆਪਣੀ ਸਹਿਮਤੀ ਨਾਲ ਜੰਗਲਾਤ ਵਿਭਾਗ ਦੀ ਕਰੀਬ 43 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੱਡਣ ਵਾਲੇ ਪਰਿਵਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫ਼ੋਂ ਮਾਤਾ ਪਰਮਿੰਦਰ ਕੌਰ ਦੀ ਝੋਲੀ ਕਣਕ ਦੇ ਦਾਣੇ ਪਾ ਕੇ ਰਵਾਇਤੀ ਢੰਗ ਨਾਲ ਧੰਨਵਾਦ ਕੀਤਾ।

ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਰਵਾਇਤੀ ਢੰਗ ਨਾਲ ਪਰਿਵਾਰ ਦੀ ਬਜ਼ੁਰਗ ਔਰਤ ਦੀ ਝੋਲੀ ‘ਚ ਕਣਕ ਪਾ ਕੇ ਪਰਮਾਤਮਾ ਕੋਲ ਪਰਿਵਾਰ ਦੇ ਰਿਜਕ ‘ਚ ਵਾਧੇ ਦੀ ਅਰਦਾਸ ਵੀ ਕੀਤੀ।ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ, ”ਇਸ ਪਰਿਵਾਰ ਨੇ ਸਰਕਾਰ ਦੇ ਰਿਜਕ ‘ਚ ਵਾਧੇ ਲਈ ਇਸ ਜ਼ਮੀਨ ਨੂੰ ਛੱਡਿਆ ਹੈ, ਇਸ ਲਈ ਪੰਜਾਬ ਸਰਕਾਰ ਵੱਲੋਂ ਉਹ ਪਰਿਵਾਰ ਦੇ ਰਿਜਕ ‘ਚ ਵਾਧੇ ਦੀ ਅਰਦਾਸ ਕਰਦੇ ਹੋਏ ਕਣਕ ਦੇ ਦਾਣੇ ਲੈ ਕੇ ਆਏ ਹਨ।”

ਇਸ ਤੋਂ ਮਗਰੋਂ ਕੁਲਦੀਪ ਧਾਲੀਵਾਲ ਨੇ ਉਜ ਜ਼ਮੀਨ ਦਾ ਵੀ ਦੌਰਾ ਕੀਤਾ, ਜਿਥੋਂ ਦਹਾਕਿਆਂ ਪੁਰਾਣਾ ਨਜਾਇਜ਼ ਕਬਜ਼ਾ ਵੀ ਛੁਡਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਤੇ ਛੱਪੜਾਂ ਤੋਂ ਕਬਜ਼ੇ ਛੁਡਵਾਉਣ ਦੀ ਮੁਹਿੰਮ ਨੂੰ ਰਾਜ ਭਰ ‘ਚ ਵੱਡਾ ਹੁੰਗਾਰਾ ਮਿਲਿਆ ਹੈ।

ਉਨ੍ਹਾਂ ਦੱਸਿਆ ਕਿ ਸਰਕਾਰੀ ਜ਼ਮੀਨਾਂ ‘ਤੇ ਕੁਝ ਕਬਜ਼ੇ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਹੋਏ, ਕੁਝ ਵੋਟਾਂ ਦੀ ਗੰਧਲੀ ਸਿਆਸਤ ਕਰਕੇ ਅਤੇ ਬਾਕੀ ਸੀਨਾਜ਼ੋਰੀ ਨਾਲ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਮਜ਼ਬੂਤ ਇੱਛਾ ਸ਼ਕਤੀ ਕਰਕੇ ਸਾਰੇ ਨਜਾਇਜ਼ ਕਬਜ਼ੇ ਛੁਡਵਾ ਲਏ ਜਾਣਗੇ।