ਕਾਂਗਰਸ ਆਗੂ ਰਾਹੁਲ ਗਾਂਧੀ ਦਾ ਇੱਕ ਵੀਡੀਓ ਮੰਗਲਵਾਰ ਸਵੇਰ ਤੋਂ ਹੀ ਭਾਜਪਾ ਆਗੂਆਂ ਦੇ ਨਿਸ਼ਾਨੇ ‘ਤੇ ਹੈ।

ਇਸ ਵੀਡੀਓ ‘ਚ ਰਾਹੁਲ ਗਾਂਧੀ ਇੱਕ ਪਾਰਟੀ ਵਿੱਚ ਇੱਕ ਔਰਤ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਭਾਜਪਾ ਆਗੂ ਕਪਿਲ ਮਿਸ਼ਰਾ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਦੇ ਹਨ- ਪਛਾਣ ਕੌਣ, ਕੌਣ ਹਨ ਇਹ ਲੋਕ ?

ਭਾਰਤ ਦੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਵੀ ਟਵੀਟ ਕੀਤਾ ਹੈ, “ਪਾਰਟੀਆਂ, ਛੁੱਟੀਆਂ, ਪਲੇਜ਼ਰ ਟਰਿੱਪ, ਨਿੱਜੀ ਵਿਦੇਸ਼ੀ ਯਾਤਰਾਵਾਂ…ਹੁਣ ਇਸ ਦੇਸ਼ ਲਈ ਨਵੀਆਂ ਨਹੀਂ ਹਨ। ਜੇਕਰ ਕੋਈ ਆਮ ਨਾਗਰਿਕ ਅਜਿਹਾ ਕਰੇ ਤਾਂ ਕੋਈ ਸਮੱਸਿਆ ਨਹੀਂ, ਪਰ ਜਦੋਂ ਇੱਕ ਸੰਸਦ ਮੈਂਬਰ ਅਤੇ ਰਾਜਨੀਤਿਕ ਪਾਰਟੀ ਦਾ ਇੱਕ ਮੈਂਬਰ ਅਜਿਹਾ ਕਰਦਾ ਹੈ ਤਾਂ….।”

ਭਾਜਪਾ ਬੁਲਾਰੇ ਸ਼ਹਿਜ਼ਾਦ ਜੈਹਿੰਦ ਨੇ ਵੀ ਟਵੀਟ ਕਰਦਿਆਂ ਕਿਹਾ ਹੈ, “ਰਾਜਸਥਾਨ ਸੜ ਰਿਹਾ ਹੈ, ਪਰ ਬਾਬਾ ਤਾਂ ਪਾਰਟੀ ਕਰ ਰਹੇ ਹਨ। ਕਾਂਗਰਸ ਪਾਰਟੀ ਖ਼ਤਮ ਹੋ ਜਾਵੇਗੀ ਪਰ ਪਾਰਟੀ ਤਾਂ ਇੰਝ ਹੀ ਚੱਲੇਗੀ। ਇਹ ਪਾਰਟੀ ਇਸੇ ਤਰ੍ਹਾਂ ਹੀ ਚੱਲੇਗੀ। ਪਾਰਟੀ ਟਾਈਮ ਨੇਤਾ।”

ਕਾਂਗਰਸ ਆਗੂ ਰਣਦੀਪ ਸੂਰਜੇਵਾਲਾ ਨੇ ਇਸ ਮਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ, “ਰਾਹੁਲ ਗਾਂਧੀ ਸਾਡੇ ਮਿੱਤਰ ਮੁਲਕ ਨੇਪਾਲ ਗਏ ਹਨ ਅਤੇ ਆਪਣੀ ਦੋਸਤ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਗਏ ਹਨ। ਰਾਹੁਲ ਗਾਂਧੀ ਪੀਐੱਮ ਮੋਦੀ ਦੀ ਤਰ੍ਹਾਂ ਬਿਨਾਂ ਬੁਲਾਏ ਮਹਿਮਾਨ ਵੱਜੋਂ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਕੋਲ ਕੇਕ ਕੱਟਣ ਲਈ ਨਹੀਂ ਗਏ ਹਨ।”

ਰਣਦੀਪ ਸਿੰਘ ਸੂਰਜੇਵਾਲਾ ਨੇ ਪ੍ਰੈਸ ਕਾਨਫਰੰਸ ‘ਚ ਕਿਹਾ, “ਜਦੋਂ ਅੱਜ ਸਵੇਰ ਤੱਕ ਮੈਂ ਵੇਖਿਆ ਸੀ ਤਾਂ ਇਸ ਦੇਸ਼ ਦਾ ਕਾਨੂੰਨ ਸੀ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ, ਦੋਸਤ-ਮਿੱਤਰਾਂ ਦੇ ਵਿਆਹ ਸਮਾਗਮਾਂ ‘ਚ ਸੁਤੰਤਰ ਤੌਰ ‘ਤੇ ਸ਼ਾਮਲ ਹੋ ਸਕਦੇ ਹੋ।”

”ਰਾਹੁਲ ਗਾਂਧੀ ਇੱਕ ਨਿੱਜੀ ਸਮਾਗਮ ‘ਚ ਸ਼ਿਰਕਤ ਕਰਨ ਲਈ ਨੇਪਾਲ ਗਏ ਹਨ। ਅੱਜ ਤੱਕ ਇਸ ਦੇਸ਼ ‘ਚ ਦੋਸਤਾਂ ਨਾਲ ਉੱਠਣਾ-ਬੈਠਣਾ, ਸਮਾਗਮਾਂ ‘ਚ ਸ਼ਿਰਕਤ ਕਰਨਾ ਗੁਨਾਹ ਨਹੀਂ ਸੀ।”

”ਹੋ ਸਕਦਾ ਹੈ ਕਿ ਕੱਲ੍ਹ ਤੋਂ ਗ੍ਰਹਿਸਥੀ ਬਣਨਾ, ਵਿਆਹ ਸਮਾਗਮ ‘ਚ ਸ਼ਾਮਲ ਹੋਣਾ ਇੱਕ ਅਪਰਾਧ ਬਣ ਜਾਵੇ, ਕਿਉਂਕਿ ਇਹ ਆਰਐੱਸਐੱਸ ਨੂੰ ਪਸੰਦ ਨਹੀਂ ਹੈ। ਇਸ ਲਈ ਤੁਸੀਂ ਲੋਕ ਜ਼ਰੂਰ ਟਵੀਟ ਕਰਕੇ ਦੱਸ ਦੇਣਾ ਤਾਂ ਕਿ ਅਸੀਂ ਆਪਣਾ ਸਟੇਟਸ ਉਸੇ ਤਰ੍ਹਾਂ ਹੀ ਬਦਲ ਸਕੀਏ।”

ਰਾਹੁਲ ਗਾਂਧੀ ਦੀ ਇਸ ਵੀਡੀਓ ‘ਤੇ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਸਮੇਤ ਹੋਰ ਕਈ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ।


ਹਾਲਾਂਕਿ ਕੁਝ ਅਜਿਹੇ ਲੋਕ ਵੀ ਹਨ ਜੋ ਕਿ ਰਾਹੁਲ ਗਾਂਧੀ ਦੇ ਪਾਰਟੀ ‘ਚ ਮੌਜੂਦ ਰਹਿਣ ‘ਤੇ ਹੋ ਰਹੇ ਹੰਗਾਮੇ ਨੂੰ ਫਜ਼ੂਲ, ਬੇਕਾਰ ਦੱਸ ਰਹੇ ਹਨ।

ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਮਣਿਕਮ ਟੈਗੋਰ ਨੇ ਟਵੀਟ ਕੀਤਾ ਹੈ, “ਜੇਕਰ ਰਾਹੁਲ ਗਾਂਧੀ ਕਿਸੇ ਰਿਸੈਪਸ਼ਨ ‘ਚ ਵਿਖਾਈ ਦੇ ਰਹੇ ਹਨ ਤਾਂ ਇਸ ‘ਚ ਗਲਤ ਕੀ ਹੈ ?””ਸੰਘੀ ਰਾਹੁਲ ਗਾਂਧੀ ਤੋਂ ਇੰਨ੍ਹਾਂ ਕਿਉਂ ਡਰਦੇ ਹਨ? ਸੰਘੀ ਝੂਠ ਕਿਉਂ ਫੈਲਾ ਰਹੇ ਹਨ? ਅਸੀਂ ਸਾਰੇ ਹੀ ਆਪੋ ਆਪਣੇ ਨਿੱਜੀ ਸਮਾਗਮਾਂ ‘ਚ ਸ਼ਿਰਕਤ ਕਰਦੇ ਹਾਂ।” ਨੇਪਾਲ ਦੀ ਵੈੱਬਸਾਈਟ ਕਾਠਮੰਡੂ ਪੋਸਟ ਨੇ ਵੀ ਰਾਹੁਲ ਗਾਂਧੀ ਦੇ ਦੌਰੇ ਦੀ ਖ਼ਬਰ ਛਾਪੀ ਹੈ। ਇਹ ਖ਼ਬਰ ਰਾਹੁਲ ਗਾਂਧੀ ਦੀ ਵੀਡੀਓ ‘ਤੇ ਭਾਜਪਾ ਆਗੂਆਂ ਦੇ ਹੰਗਾਮੇ ਤੋਂ ਪਹਿਲਾਂ ਪ੍ਰਕਾਸ਼ਿਤ ਹੋਈ ਹੈ।

2 ਮਈ ਨੂੰ ਪ੍ਰਕਾਸ਼ਿਤ ਹੋਈ ਇਸ ਖ਼ਬਰ ਅਨੁਸਾਰ, ਰਾਹੁਲ ਗਾਂਧੀ ਆਪਣੇ ਦੋਸਤ ਦੇ ਵਿਆਹ ‘ਚ ਸ਼ਾਮਲ ਹੋਣ ਲਈ ਨੇਪਾਲ ਆਏ ਹਨ ਅਤੇ ਉਹ ਆਪਣੇ ਦੋਸਤਾਂ ਦੇ ਨਾਲ ਕਾਠਮੰਡੂ ਦੇ ਮੈਰੀਅਟ ਹੋਟਲ ‘ਚ ਰੁਕੇ ਹੋਏ ਹਨ। ਰਾਹੁਲ ਗਾਂਧੀ ਸੋਮਵਾਰ ਦੀ ਸ਼ਾਮ 4 ਵਜੇ ਹੀ ਨੇਪਾਲ ਪਹੁੰਚੇ ਹਨ।ਵੈੱਬਸਾਈਟ ਸੂਤਰਾਂ ਦੇ ਹਵਾਲੇ ਨਾਲ ਲਿਖਦੀ ਹੈ- ਰਾਹੁਲ ਗਾਂਧੀ ਤਿੰਨ ਲੋਕਾਂ ਦੇ ਨਾਲ ਨੇਪਾਲ ਆਏ ਹਨ।

ਇਸ ਖ਼ਬਰ ‘ਚ ਲਿਖਿਆ ਹੈ ਕਿ ਰਾਹੁਲ ਗਾਂਧੀ ਦੀ ਮਿੱਤਰ ਦਾ ਨਾਮ ਸੁਮਨਿਮਾ ਉਦਾਸ ਹੈ ਅਤੇ ਉਹ ਸੀਐੱਨਐੱਨ ਦੀ ਸਾਬਕਾ ਪੱਤਰਕਾਰ ਹੈ। ਹੁਣ ਉਸਦਾ ਵਿਆਹ ਨੀਮਾ ਮਾਰਟਿਨ ਸ਼ੇਰਪਾ ਨਾਲ ਹੋ ਰਿਹਾ ਹੈ।ਇਹ ਵਿਆਹ ਮੰਗਲਵਾਰ ਹੋ ਰਿਹਾ ਹੈ ਅਤੇ ਰਿਸੈਪਸ਼ਨ 5 ਮਈ ਨੂੰ ਹੋਵੇਗੀ। ਅਖ਼ਬਾਰ ਇਹ ਵੀ ਲਿਖਦਾ ਹੈ ਕਿ ਹੋਰ ਕਈ ਭਾਰਤੀ ਵੀਵੀਆਈਪੀ ਇਸ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਨੇਪਾਲ ਪਹੁੰਚ ਸਕਦੇ ਹਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੇਵਾ ਲਾਮਸਾਲ ਨੇ ਕਿਹਾ, “ਰਾਹੁਲ ਗਾਂਧੀ ਦਾ ਦੌਰਾ ਰਸਮੀ ਨਹੀਂ ਸੀ, ਇਸ ਲਈ ਇਸ ਦੌਰੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਰਾਹੁਲ ਗਾਂਧੀ ਅਜੇ ਸਰਕਾਰ ‘ਚ ਨਹੀਂ ਹਨ, ਇਸ ਲਈ ਕਿਸੇ ਵੀ ਦੇਸ਼ ਦੀ ਯਾਤਰਾ ਕਰਨ ਤੋਂ ਪਹਿਲਾਂ ਉਸ ਦੇਸ਼ ਨੂੰ ਇਸ ਦੌਰੇ ਦੀ ਜਾਣਕਾਰੀ ਦੇਣਾ ਜ਼ਰੂਰੀ ਨਹੀਂ ਹੈ।”

ਨੇਪਾਲ ਦੀ ਪੁਲਿਸ ਨੂੰ ਵੀ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਨੇਪਾਲ ਪੁਲਿਸ ਦੇ ਸੀਨੀਅਰ ਅਧਿਕਾਰੀ ਕੇਸੀ ਦਾ ਕਹਿਣਾ ਹੈ, “ਸਾਡੇ ਕੋਲ ਸਿਰਫ਼ ਇਹੀ ਜਾਣਕਾਰੀ ਹੈ ਕਿ ਰਾਹੁਲ ਗਾਂਧੀ ਆਪਣੇ ਨਿੱਜੀ ਦੌਰੇ ਤਹਿਤ ਨੇਪਾਲ ਆਏ ਹਨ।”

ਨੇਪਾਲੀ ਅਧਿਕਾਰੀਆਂ ਅਨੁਸਾਰ, ਰਾਹੁਲ ਗਾਂਧੀ ਦੀ ਕਿਸੇ ਆਗੂ ਜਾਂ ਸਰਕਾਰੀ ਅਧਿਕਾਰੀਆਂ ਨਾਲ ਮਿਲਣ ਦੀ ਕੋਈ ਯੋਜਨਾ ਨਹੀਂ ਹੈ।ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਰਾਹੁਲ ਗਾਂਧੀ ਦੇ ਨੇਪਾਲ ਦੌਰੇ ‘ਤੇ ਭਾਜਪਾ ਨੇ ਇਤਰਾਜ਼ ਪ੍ਰਗਟ ਕੀਤਾ ਹੋਵੇ।

ਸਾਲ 2018 ‘ਚ ਵੀ ਰਾਹੁਲ ਗਾਂਧੀ ਕੈਲਾਸ਼ ਮਾਨਸਰੋਵਰ ਦੀ ਯਾਤਰਾ ‘ਤੇ ਗਏ ਸਨ। ਉਦੋਂ ਵੀ ਭਾਜਪਾ ਆਗੂਆਂ ਅਤੇ ਸਮਰਥਕਾਂ ਨੇ ਰਾਹੁਲ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ ਸੀ।