ਪਟਿਆਲਾ ਘਟਨਾ: ਅਦਾਲਤ ਨੇ ਬਰਜਿੰਦਰ ਸਿੰਘ ਪਰਵਾਨਾ ਨੂੰ 9 ਮਈ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ

438

ਕਾਲੀ ਦੇਵੀ ਮੰਦਰ ਨੇੜੇ ਦੋ ਧਿਰਾਂ ਦੇ ਹੋਏ ਆਪਸੀ ਟਕਰਾਅ ਦੇ ਮਾਮਲੇ ‘ਚ ਬਰਜਿੰਦਰ ਸਿੰਘ ਪਰਵਾਨਾ ਨੂੰ 30 ਅਪ੍ਰੈਲ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਟਿਆਲਾ: ਜ਼ਿਲ੍ਹੇ ਵਿਚ ਬੀਤੇ ਦਿਨੀਂ ਹੋਈ ਝੜਪ ਦੇ ਮੁੱਖ ਮੁਲਜ਼ਮ ਦੱਸੇ ਜਾ ਰਹੇ ਬਰਜਿੰਦਰ ਸਿੰਘ ਪਰਵਾਨਾ ਨੂੰ 9 ਮਈ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਟਿਆਲਾ ਪੁਲਿਸ ਨੇ 29 ਅਪ੍ਰੈਲ 2022 ਨੂੰ ਕਾਲੀ ਦੇਵੀ ਮੰਦਰ ਨੇੜੇ ਦੋ ਧਿਰਾਂ ਦੇ ਹੋਏ ਆਪਸੀ ਟਕਰਾਅ ਦੇ ਮਾਮਲੇ ‘ਚ ਲੋੜੀਂਦੇ ਬਰਜਿੰਦਰ ਸਿੰਘ ਪਰਵਾਨਾ ਨੂੰ 30 ਅਪ੍ਰੈਲ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਸੀ।

ਇਸ ਤੋਂ ਬਾਅਦ ਬਰਜਿੰਦਰ ਸਿੰਘ ਪਰਵਾਨਾ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਮਗਰੋਂ ਅਦਾਲਤ ਨੇ ਪਰਵਾਨਾ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ। ਹਿੰਸਕ ਘਟਨਾ ‘ਚ ਨਾਮਜ਼ਦ ਹੋਰ ਵਿਅਕਤੀਆਂ, ਸ਼ਿਵਦੇਵ ਵਾਸੀ ਪਿੰਡ ਬਾਲ ਸਿਕੰਦਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਦਵਿੰਦਰ ਸਿੰਘ ਵਾਸੀ ਜੀਂਦ ਤੇ ਰਾਜਿੰਦਰ ਸਿੰਘ ਵਾਸੀ ਸਮਾਣਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹੁਣ ਤਕ ਕੁਲ 9 ਗ੍ਰਿਫ਼ਤਾਰੀਆਂ ਹੋਈਆਂ ਹਨ।

ਪੰਜਾਬ ਸਰਕਾਰ ਨੇ ਪਟਿਆਲਾ ਘਟਮਾਕ੍ਰਮ ‘ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਪੰਜ ਮੈਂਬਰੀ ਟੀਮ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ। ਇਸ ਟੀਮ ਦੀ ਅਗਵਾਈ ਆਈਪੀਐਸ ਅਧਿਕਾਰੀ ਐਸਪੀ ਮਹਿਤਾਬ ਸਿੰਘ ਕਰਨਗੇ।

ਆਮ ਆਦਮੀ ਪਾਰਟੀ ਭੁੱਲ ਗਈ ਹੈ ਕਿ ਪੰਜਾਬ ‘ਚ ਉਸਦੀ ਸਰਕਾਰ ਹੈ
ਹੁਣ ਜਦੋਂ ਸਾਰੇ ਤੱਥ ਸਾਹਮਣੇ ਆ ਚੁੱਕੇ ਨੇ ਤਾਂ ਵੀ ਆਮ ਆਦਮੀ ਪਾਰਟੀ ਆਵਦੇ ਪੇਜਾਂ ਤੋਂ ਬਰਜਿੰਦਰ ਪਰਵਾਨੇ ਨੂੰ ਮਾਸਟਰ ਮਾਈਂਡ ਭਾਵ ਮੁੱਖ ਦੋਸ਼ੀ ਦੱਸ ਰਹੀ ਹੈ। ਸਿਰਫ ਇੱਕ ਫੋਟੋ ਨੂੰ ਲੈ ਕੇ ਪਰਵਾਨੇ ਨੂੰ ਸਿਰਸੇ ਅਤੇ ਭਾਜਪਾ ਨਾਲ ਜੋੜਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਭਾਜਪਾ ਦਾ ਫਿਰਕੂ ਰਿਕਾਰਡ ਮਾੜਾ ਹੈ ਅਤੇ ਪਰਵਾਨੇ ਨੂੰ ਕਿਵੇਂ ਨਾ ਕਿਵੇਂ ਟੰਗ ਬਾਂਹ ਫੜ ਕੇ ਭਾਜਪਾ ਨਾਲ ਜੋੜ ਕੇ ਲੋਕਾਂ ਦੇ ਮਨਾਂ ‘ਚ ਬਠਾਇਆ ਜਾ ਸਕਦਾ ਕਿ ਮੁੱਖ ਦੋਸ਼ੀ ਪਰਵਾਨਾ ਹੈ ਤੇ ਭਾਜਪਾ ਨੇ ਸਾਰਾ ਕੰਮ ਕਰਵਾਇਆ ਹੈ। ਪਰ ਆਮ ਆਦਮੀ ਪਾਰਟੀ ਭੁੱਲ ਗਈ ਹੈ ਕਿ ਪੰਜਾਬ ‘ਚ ਉਸਦੀ ਸਰਕਾਰ ਹੈ ਤੇ ਪਰਵਾਨੇ ਖਿਲਾਫ ਪਰਚਾ ਵੀ ਪਟਿਆਲੇ ਹੋਇਆ ਹੈ ਤੇ ਪਟਿਆਲਾ ਵੀ ਪੰਜਾਬ ‘ਚ ਹੈ। ਹੇਠਲੀ ਫੋਟੋ ਵੀ ਆਮ ਆਦਮੀ ਪਾਰਟੀ ਦੇ ਪੇਜ ਤੋਂ ਲਈ ਗਈ ਹੈ। ਜੇ ਇਹ ਫੋਟੋ ਸੱਚੀ ਹੈ ਤੇ ਭਾਜਪਾ ਨੇ ਸਾਰਾ ਕੁੱਝ ਪਰਵਾਨੇ ਰਾਹੀਂ ਕੀਤਾ ਹੈ ਤਾਂ ਇਹ ਆਮ ਆਦਮੀ ਪਾਰਟੀ ਦੀ ਜਿੰਮੇਵਾਰੀ ਹੈ ਕਿ ਉਹ ਇਨਾਂ ਇਲਜਾਮਾਂ ਨੂੰ ਸਹੀ ਸਾਬਤ ਕਰੇ।

ਕਿਉਂ ਕਿ ਜੋ ਗੱਲ ਆਮ ਆਦਮੀ ਪਾਰਟੀ ਕਹਿ ਰਹੀ ਹੈ, ਉਹ ਗੱਲ ਪੰਜਾਬ ਪੁਲਿਸ ਨਹੀਂ ਕਹਿ ਰਹੀ। ਹੁਣ ਪੰਜਾਬ ਪੁਲਿਸ ਸਹੀ ਪੜਤਾਲ ਨਹੀਂ ਕਰ ਰਹੀ ਕਿ ਆਮ ਆਦਮੀ ਪਾਰਟੀ ਝੂਠੀ ਹੈ?
ਯਾਦ ਰਹੇ ਕਿ ਜਹਾਂਗੀਰ ਪੁਰੀ ਵਿੱਚ ਹਿੰਦੂਤਵੀ ਭੀੜ ਵਲੋਂ ਮਚਾਏ ਹੁੰੜਦੰਗ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਨੇ ਬੰਗਲਾਦੇਸ਼ੀ ਮੁਸਲਮਾਨਾਂ ‘ਤੇ ਸਾਰੀ ਗੱਲ ਸੁੱਟ ਦਿੱਤੀ ਸੀ ਅਤੇ ਹੁਣ ਇਥੇ ਵੀ ਇਕ ਸਿੱਖ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ।ਜੇ ਇਹ ਇਲਜਾਮ ਪੰਜਾਬ ਪੁਲਿਸ ਸਾਬਤ ਨਹੀਂ ਕਰਦੀ ਤਾਂ ਹੇਠਲੀ ਫੋਟੋ ਸਿਖਾਂ ਦੀ ਕਿਰਦਾਰਕੁਸ਼ੀ ਤੋਂ ਵੱਧ ਕੁੱਝ ਵੀ ਨਹੀਂ।
#ਮਹਿਕਮਾ_ਪੰਜਾਬੀ