ਜਲੰਧਰ: ਹੰਸ ਰਾਜ ਹੰਸ ਪੰਜਾਬ ਦੇ ਸਤਿਕਾਰਯੋਗ ਗਾਇਕ ਤੇ ਸਿਆਸਤਦਾਨ ਹਨ, ਉਨ੍ਹਾਂ ਦੇ ਪੁੱਤਰਾਂ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨੀ ’ਤੇ ਕੀਤਾ ਗਿਆ ਨਾਜਾਇਜ਼ ਕਬਜ਼ਾ ਛੱਡਣ ਲਈ ਬੇਨਤੀ ਕਰਾਂਗੇ। ਇਹ ਪ੍ਰਗਟਾਵਾ ਸੂਬੇ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇਥੇ ਸਰਕਟ ਹਾਊਸ ’ਚ ਸੂਬੇ ਅੰਦਰ ਪੰਚਾਇਤੀ ਤੇ ਪੰਜਾਬ ਸਰਕਾਰ ਦੀਆ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜ਼ੇ ਛੁਡਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਬਾਰੇ ਬੋਲਦਿਆ ਕੀਤਾ। ਉਨ੍ਹਾਂ ਨੇ ਇਹ ਜਵਾਬ ਇਹ ਪੁੱਛੇ ਜਾਣ ’ਤੇ ਦਿੱਤਾ ਕਿ ਕੀ ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਪੁੱਤਰਾਂ ਵੱਲੋਂ ਆਪਣੇ ਪਿੰਡ ਦੀ ਕਰੀਬ 20 ਏਕੜ ਪੰਚਾਇਤੀ ਜ਼ਮੀਨ ’ਤੇ ਕੀਤਾ ਗਿਆ ਕਬਜ਼ਾ ਛੁਡਾਉਣ ਲਈ ਪੰਜਾਬ ਸਰਕਾਰ ਕੀ ਕਰ ਰਹੀ ਹੈ। ਇਸ ਦੇ ਨਾਲ ਹੀ ਜਲੰਧਰ ਦੀ ਇੱਕ ਨਿੱਜੀ ਯੂਨੀਵਰਸਿਟੀ ਵੱਲੋਂ ਵੀ ਪੰਚਾਇਤੀ ਜ਼ਮੀਨ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਬਾਰੇ ਪੁੱਛਣ ’ਤੇ ਪੰਚਾਇਤ ਮੰਤਰੀ ਧਾਲੀਵਾਲ ਨੇ ਕਿਹਾ ਕਿ ਸੂਬੇ ਅੰਦਰ ਪੰਚਾਇਤੀ ਤੇ ਪੰਜਾਬ ਸਰਕਾਰ ਦੀਆ ਜ਼ਮੀਨਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਰ ਹਾਲਤ ’ਚ ਛੁਡਾਏ ਜਾਣਗੇ, ਚਾਹੇ ਕਾਬਜ਼ਕਾਰ ਕਿੰਨਾ ਵੀ ਵੱਡਾ ਸਿਆਸਤਦਾਨ ਜਾਂ ਅਫਸਰਸ਼ਾਹ ਕਿਉਂ ਨਾ ਹੋਵੇ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨਾਜਾਇਜ਼ ਕਬਜ਼ੇ ਛੁਡਾਉਣ ਲਈ ਕਾਬਜ਼ਕਾਰ ਕੋਲੋਂ ਸਹਿਯੋਗ ਮੰਗ ਰਹੀ ਹੈ ਅਤੇ ਇਸ ਦੇ ਨਾਲ ਹੀ ਕਾਨੂੰਨੀ ਕਾਰਵਾਈ ਵੀ ਅਮਲ ’ਚ ਲਿਆਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 25 ਅਪ੍ਰੈਲ ਤੋਂ ਬਾਅਦ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮੋਹਾਲੀ, ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਦੇ ਪਿੰਡਾਂ ’ਚੋਂ ਹੁਣ ਤਕ 100 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਛੁਡਾਈ ਜਾ ਚੁੱਕੀ ਹੈ ਅਤੇ ਅਗਲੇ ਦਿਨਾਂ ਦੌਰਾਨ ਸੈਂਕੜੇ ਏਕੜ ਹੋਰ ਜ਼ਮੀਨ ਕਬਜ਼ਾਮੁਕਤ ਕਰਵਾਈ ਜਾਵੇਗੀ। ਨਾਜਾਇਜ਼ ਕਬਜ਼ੇ ਵਾਲੀ ਪੰਚਾਇਤੀ ਜ਼ਮੀਨ ਦੇ ਰਕਬੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ 2010 ਤਕ ਦੇ ਮਿਲੇ ਅੰਕੜਿਆ ਮੁਤਾਬਕ 50,000 ਏਕੜ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਸਨ। ਉਨ੍ਹਾਂ ਨੇ ਵਿਭਾਗ ਨੂੰ 2021 ਤਕ ਦੇ ਅੰਕੜੇ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਹਨ, ਜਿਸ ਤੋਂ ਸਾਫ ਹੋ ਜਾਵੇਗਾ ਕਿ ਮੌਜੂਦਾ ਸਮੇਂ ਕਿੰਨੀ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਹਨ।