ਹਾਈ ਕੋਰਟ ਵੱਲੋਂ ਬੱਗਾ ਦੀ ਗ੍ਰਿਫ਼ਤਾਰੀ ’ਤੇ 10 ਮਈ ਤੱਕ ਰੋਕ; ਅਗਲੀ ਸੁਣਵਾਈ ਤੱਕ ਕੋਈ ਜਬਰੀ ਕਾਰਵਾਈ ਨਾ ਕਰਨ ਦੇ ਹੁਕਮ

356

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ਨਿਚਰਵਾਰ ਰਾਤ ਨੂੰ ਹੁਕਮ ਦਿੱਤਾ ਕਿ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ, ਜਿਸ ਨੇ ਮੁਹਾਲੀ ਦੀ ਇੱਕ ਅਦਾਲਤ ਵੱਲੋਂ ਜਾਰੀ ਗ੍ਰਿਫਤਾਰੀ ਵਾਰੰਟ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ, ਖ਼ਿਲਾਫ਼ ਸੁਣਵਾਈ ਦੀ ਅਗਲੀ ਤਰੀਕ ਤੱਕ ਕੋਈ ਜਬਰੀ ਕਾਰਵਾਈ ਨਹੀਂ ਕੀਤੀ ਜਾਵੇਗੀ। ਅਦਾਲਤ ਨੇ ਬੱਗਾ ਦੀ ਗ੍ਰਿਫ਼ਤਾਰੀ ’ਤੇ 10 ਮਈ ਤੱਕ ਰੋਕ ਲਾ ਦਿੱਤੀ ਹੈ। ਭਾਜਪਾ ਨੇਤਾ ਤੇਜਿੰਦਰਪਾਲ ਸਿੰਘ ਬੱਗਾ ਨੇ ਪੰਜਾਬ ਦੀ ਮੁਹਾਲੀ ਪੁਲੀਸ ਵੱਲੋਂ ਜਾਰੀ ਗ੍ਰਿਫ਼ਤਾਰੀ ਵਾਰੰਟ ਖ਼ਿਲਾਫ਼ ਪੰਜਾਬ ਤੇ ਹਰਿਆਣਾ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਹਾਈ ਕੋਰਟ ਨੇ ਪਟੀਸ਼ਨ ’ਤੇ ਜਲਦ ਸੁਣਵਾਈ ਦੀ ਇਜ਼ਾਜਤ ਦੇ ਦਿੱਤੀ ਹੈ। ਜਸਟਿਸ ਅਨੂਪ ਚਿਤਕਾਰਾ ਵੱਲੋਂ ਬੱਗਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਹੈ।

ਅਦਾਲਤ ਨੇ ਅਗਲੀ ਸੁਣਵਾਈ ਤੱਕ ਕੋਈ ਜਬਰੀ ਕਰਵਾਈ ਨਾ ਕਰਨ ਲਈ ਆਖਿਆ ਹੈ। ਪਟੀਸ਼ਨ ਵਿੱਚ ਬੱਗਾ ਨੇ ਗ੍ਰਿਫਤਾਰੀ ਵਾਰੰਟਾਂ ਖਿਲਾਫ ਅਰਜ਼ੀ ਲੰਬਿਤ ਹੋਣ ਦੌਰਾਨ ਆਪਣੇ ਖਿਲਾਫ ਜ਼ਬਰਦਸਤੀ ਕਦਮ ਚੁੱਕਣ ’ਤੇ ਰੋਕ ਲਈ ਨਿਰਦੇਸ਼ਾਂ ਦੀ ਮੰਗ ਕੀਤੀ ਹੈ। ਵਕੀਲ ਅਨਿਲ ਮਹਿਤਾ ਰਾਹੀਂ ਦਾਇਰ ਆਪਣੀ ਅਰਜ਼ੀ ਵਿੱਚ ਬੱਗਾ ਨੇ ਦਲੀਲ ਦਿੱਤੀ ਹੈ ਕਿ ਮੁਕੱਦਮੇ ਦਾ ਇੱਕੋ ਇੱਕ ਇਰਾਦਾ ਉਸ ਨੂੰ ਗ੍ਰਿਫ਼ਤਾਰ ਕਰਨਾ ਅਤੇ ਆਪਣੇ ਸਿਆਸੀ ਆਕਾਵਾਂ ਨੂੰ ਸੰਤੁਸ਼ਟ ਕਰਨਾ ਹੈ। ਬੱਗਾ ਨੇ 12 ਮਾਮਲਿਆਂ ’ਚ ਗ੍ਰਿਫਤਾਰੀ ਵਾਰੰਟਾਂ ‘ਤੇ ਰੋਕ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਹੈ ਕਿ ਐਫਆਈਆਰ ਦਰਜ ਕਰਨ ਦਾ ਮਕਸਦ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਅਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਵਿਰੋਧ ਨੂੰ ਦਬਾਉਣਾ ਸੀ। ਬੱਗਾ ਨੇ ਤਰਕ ਦਿੱਤਾ ਕਿ ਉਸ ਖ਼ਿਲਾਫ਼ ਇੱਕੋ-ਇੱਕ ਦੋਸ਼ ਇਹ ਸੀ ਉਸਨੇ 30 ਅਪਰੈਲ ਨੂੰ ਇਲੈੱਕਟ੍ਰੋਨਿਕ ਮੀਡੀਆ ’ਤੇ ਸਿਆਸੀ ਬਹਿਸ ਦੌਰਾਨ ਦਿੱਤਾ ਸੀ। ਪੂਰੀ ਐਫਆਈਆਰ ਨੂੰ ਘੋਖਣ ਤੋਂ ਪਤਾ ਚੱਲਦਾ ਹੈ ਕਿ ਐਫਆਈਆਰ ਵਿੱਚ ਦਰਜ ਧਾਰਾਵਾਂ ਦੇ ਸਬੰਧ ਵਿੱਚ ਕੋਈ ਕੇਸ ਨਹੀਂ ਬਣਾਇਆ ਗਿਆ ਸੀ। ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਅਗਲੀ ਸੁਣਵਾਈ ਤੱਕ ਬੱਗਾ ਖਿ਼ਲਾਫ਼ ਕੋਈ ਵੀ ਜਬਰੀ ਕਾਰਵਾਈ ਨਹੀਂ ਕੀਤੀ ਜਾਵੇਗੀ।

ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਇੱਕ ਹੋਰ ਨਵੇਂ ਵਿਵਾਦ ਵਿਚ ਘਿਰ ਗਈ ਹੈ। ਤਜਿੰਦਰ ਬੱਗਾ ਨੂੰ ਗ੍ਰਿਫ਼ਤਾਰ ਕਰ ਕੇ ਪੰਜਾਬ ਲਿਆਉਣ ਵਾਲਾ ਡੀਐੱਸਪੀ ਕੁਲਜਿੰਦਰ ਸਿੰਘ ਦਾਗੀ ਹੈ। ਇਹ ਦਾਅਵਾ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕੀਤਾ ਹੈ। ਸਿਰਸਾ ਨੇ ਕਿਹਾ ਕਿ ਕੁਲਜਿੰਦਰ ਦੇ ਅਪਰਾਧੀਆਂ ਨਾਲ ਸਬੰਧ ਹਨ। ਉਸ ਦੇ ਸਬੰਧ ਇੱਕ ਬਦਨਾਮ ਨਸ਼ਾ ਤਸਕਰ ਨਾਲ ਹਨ। ਆਮ ਆਦਮੀ ਪਾਰਟੀ ਨੇ ਕੁਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਗੈਰ-ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇਣ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਵਰਤਿਆ।


ਸਿਰਸਾ ਨੇ ਕਿਹਾ ਕਿ ਨਾਂ ਬਦਲਣ ਨਾਲ ਵਿਅਕਤੀ ਦਾ ਅਤੀਤ ਅਤੇ ਉਸ ਦੇ ਬਦਨਾਮ ਕੰਮ ਨਹੀਂ ਬਦਲ ਜਾਂਦੇ। ਡੀਐਸਪੀ ਕੇਐਸ ਸੰਧੂ ਹੀ ਕੁਲਜਿੰਦਰ ਸਿੰਘ ਹਨ। ਤਜਿੰਦਰ ਬੱਗਾ ਨੂੰ ਲੈਣ ਆਏ ਡੀਐਸਪੀ ਕੇਐਸ ਸੰਧੂ ਆਪਣੇ ਮਾੜੇ ਕੰਮਾਂ ਕਾਰਨ ਬਦਨਾਮ ਰਿਹਾ ਹੈ। ਆਪ’ ਸਰਕਾਰ ਨੇ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੂੰ ਚੁੱਕਣ ਲਈ ਇਸ ਬਦਨਾਮ ਪੁਲਿਸ ਅਫਸਰ ਨੂੰ ਚੁਣਿਆ।

ਮਨਜਿੰਦਰ ਸਿਰਸਾ ਨੇ ਦੱਸਿਆ ਕਿ ਭੋਲਾ ਡਰੱਗ ਕੇਸ ਦੇ ਮੁੱਖ ਮੁਲਜ਼ਮ ਸਰਬਜੀਤ ਸਿੰਘ ਦੇ ਕਹਿਣ ’ਤੇ ਕੁਲਜਿੰਦਰ ਸਿੰਘ ਮੁਹਾਲੀ ਦੇ ਡੀਐਸਪੀ ਡਿਟੈਕਟਿਵ ਵਜੋਂ ਤਾਇਨਾਤ ਸੀ। ਸਰਬਜੀਤ ਵੀ ਬਰਖ਼ਾਸਤ ਪੁਲਿਸ ਮੁਲਾਜ਼ਮ ਹੈ। ਜੋ ਕਿ ਕਈ ਸੂਬਿਆਂ ਵਿਚ ਲੋੜੀਂਦਾ ਹੈ। ਇਸ ਵੇਲੇ ਉਹ ਪੰਜਾਬ ਦੀ ਜੇਲ੍ਹ ਵਿਚ ਹੈ ਅਤੇ ਉਸ ਖ਼ਿਲਾਫ਼ ਅੱਧੀ ਦਰਜਨ ਨਸ਼ਾ ਤਸਕਰੀ ਦੇ ਕੇਸ ਚੱਲ ਰਹੇ ਹਨ। ਸਰਬਜੀਤ ਨੇ ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ ਨਾਲ ਆਪਣੀ ਗੱਲਬਾਤ ਦੀ ਲੀਕ ਹੋਈ ਆਡੀਓ ਵਿਚ ਦਾਅਵਾ ਕੀਤਾ ਸੀ ਕਿ ਉਸ ਨੂੰ ਕੁਲਜਿੰਦਰ ‘ਤੇ ਪੂਰਾ ਭਰੋਸਾ ਹੈ। ਉਹ ਕਿਸੇ ਵੀ ਗੈਰ-ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇ ਸਕਦਾ ਹੈ।

ਸਿਰਸਾ ਨੇ ਦਾਅਵਾ ਕੀਤਾ ਕਿ ਕੁਲਜਿੰਦਰ ਸਿੰਘ ਜੇਲ੍ਹ ਵਿਚ ਬੰਦ ਨਸ਼ਾ ਤਸਕਰ ਸਰਬਜੀਤ ਸਿੰਘ ਦੇ ਇਸ਼ਾਰੇ ’ਤੇ ਹੀ ਮੁਹਾਲੀ ਵਿਚ ਤਾਇਨਾਤ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਉਸ ਦੇ ਡਰੱਗ ਸਮੱਗਲਰਾਂ ਅਤੇ ਅੱਤਵਾਦੀਆਂ ਨਾਲ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ। ਸਿਰਸਾ ਨੇ ਇੱਕ ਅਖਬਾਰ ਵਿੱਚ ਕਾਲ ਰਿਕਾਰਡਿੰਗ ਲੀਕ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਸ਼ਾ ਤਸਕਰ ਸਰਬਜੀਤ ਪੰਜਾਬ ਦੇ ਤਤਕਾਲੀ ਡੀਜੀਪੀ ਨੂੰ ਕੁਲਜਿੰਦਰ ਸਿੰਘ ਨੂੰ ਮੋਹਾਲੀ ਦਾ ਡੀਐਸਪੀ ਤਾਇਨਾਤ ਕਰਨ ਲਈ ਕਹਿ ਰਿਹਾ ਹੈ।