ਮਜੀਠੀਆ ਨੂੰ ਨਹੀਂ ਮਿਲੀ ਰਾਹਤ; ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ

730

ਨਵੀਂ ਦਿੱਲੀ, 10 ਮਈ, 2022:ਐਨ.ਡੀ.ਪੀ.ਐਸ.ਐਕਟ 1985 ਤਹਿਤ ਆਪਣੇ ਖਿਲਾਫ਼ ਦਰਜ ਡਰੱਗਜ਼ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ:ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ।

24 ਫ਼ਰਵਰੀ ਤੋਂ ਆਪਣੀ ਗਿਰਫ਼ਤਾਰੀ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਬੰਦ ਸ: ਮਜੀਠੀਆ ਵੱਲੋਂ ਐਫ.ਆਈ.ਆਰ. ਰੱਦ ਕਰਨ ਦੀ ਪਟੀਸ਼ਨ ’ਤੇ ਅੱਜ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਉਨ੍ਹਾਂ ਨੇ 28 ਮਾਰਚ ਨੂੰ ਪਾਈ ਸੀ ਜਿਸ ’ਤੇ ਅੱਜ ਸੁਣਵਾਈ ਹੋਈ।

ਜਸਟਿਸ ਡੀ.ਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਅੱਜ ਇਸ ਪਟੀਸ਼ਨ ਦੀ ਪੈਰਵੀ ਕਰਨ ਲਈ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਸ੍ਰੀ ਕਪਿਲ ਸਿੱਬਲ ਪੇਸ਼ ਹੋਏ ਪਰ ਬੈਂਚ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਇੱਥੇ ਹੀ ਕਿਉਂ, ਤੁਸੀਂ ਐਫ.ਆਈ.ਆਰ. ਰੱਦ ਕਰਵਾਉਣ ਲਈ ਹਾਈ ਕੋਰਟ ਵੀ ਤਾਂ ਜਾ ਸਕਦੇ ਸੀ, ਉਹ ਵੀ ਤਾਂ ਇਕ ਰਾਹ ਸੀ। ਬੈਂਚ ਨੇ ਕਿਹਾ ਕਿ ਮਜੀਠੀਆ ਚਾਹੁਣ ਤਾਂ ਪੰਜਾਬ ਅਤੇ ਹਰਿਆਣਾ ਹਾੲਂਕੋਰਟ ਵਿੱਚ ਇਸ ਸੰਬੰਧੀ ਪਟੀਸ਼ਨ ਪਾ ਸਕਦੇ ਹਨ।

ਯਾਦ ਰਹੇ ਕਿ ਕਾਂਗਰਸ ਸਰਕਾਰ ਦੇ ਹੁੰਦਿਆਂ 20 ਦਸੰਬਰ, 2021 ਨੂੰ ਆਪਣੇ ਖਿਲਾਫ਼ ਦਰਜ ਹੋਏ ਮਾਮਲੇ ਤੋਂ ਬਚਾਅ ਲਈ ਸ੍ਰੀ ਮਜੀਠੀਆ ਨੇ ਪਹਿਲਾਂ ਹਾਈ ਕੋਰਟ ਅਤੇ ਫ਼ਿਰ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ। ਇਸ ਦੌਰਾਨ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 20 ਫ਼ਰਵਰੀ ੂਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤਕ ਲਈ ਰਾਹਤ ਪ੍ਰਦਾਨ ਕਰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ 23 ਫ਼ਰਵਰੀ ਤਕ ਰੋਕ ਲਗਾ ਦਿੱਤੀ ਸੀ ਪਰ ਨਾਲ ਹੀ ਇਹ ਵੀ ਕਿਹਾ ਸੀ ਕਿ ਇਹ ਰਾਹਤ ਖ਼ਤਮ ਹੁੰਦਿਆਂ ਹੀ ਉਹ ਅਦਾਲਤ ਸਾਹਮਣੇ ‘ਸਰੰਡਰ’ ਕਰਨਗੇ। ਇਸੇ ਦੇ ਚੱਲਦਿਆਂ 24 ਫ਼ਰਵਰੀ ਨੂੰ ਅਦਾਲਤ ਅੱਗੇ ਪੇਸ਼ ਹੋਏ ਸ: ਮਜੀਠੀਆ ਦੀ ਗ੍ਰਿਫ਼ਤਾਰੀ ਪੈ ਗਈ ਅਤੇ ਉਦੋਂ ਤੋਂ ਹੁਣ ਤਕ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹਨ।

ਇਸੇ ਦੌਰਾਨ ਆਪਣਾ ਹਲਕਾ ਮਜੀਠਾ ਛੱਡ ਕੇ ਸ: ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦੇਣ ਲਈ ਉਹ ਅੰਮ੍ਰਿਤਸਰ ਪੂਰਬੀ ਤੋਂ ਪਾਰਟੀ ਦੇ ਉਮੀਦਵਾਰ ਬਣੇ ਸਨ ਪਰ ਇਹ ਚੋਣ ਸ: ਮਜੀਠੀਆ ਅਤੇ ਸ: ਸਿੱਧੂ ਦੋਵੇਂ ਹੀ ‘ਆਪ’ ਦੀ ਉਮੀਦਵਾਰ ਸ੍ਰੀਮਤੀ ਜੀਵਨ ਜਿਉਤ ਕੌਰ ਤੋਂ ਹਾਰ ਗਏ ਹਾਲਾਂਕਿ ਹਲਕਾ ਮਜੀਠਾ ਤੋਂ ਸ: ਮਜੀਠੀਆ ਦੀ ਧਰਮਪਤਨੀ ਸ੍ਰੀਮਤੀ ਗਨੀਵ ਕੌਰ ਪਹਿਲੀ ਵਾਰ ਲੜਦੇ ਹੋਏ ਚੋਣ ਜਿੱਤ ਗਏ ਸਨ।

ਇਸੇ ਦੌਰਾਨ ਰਾਜ ਵਿੱਚ ‘ਆਪ’ ਦੀ ਸਰਕਾਰ ਆਉਣ ’ਤੇ ਮੁੱਖ ਮੰਤਰੀ ਸ੍ਰੀ ਭਵਿੰਤ ਮਾਨ ਨੇ 20 ਮਾਰਚ ਨੂੰ ਸ: ਮਜੀਠੀਆ ਨਾਲ ਸੰਬੰਧਤ ਡਰੱਗਜ਼ ਕੇਸ ਦੀ ਜਾਂਚ ਕਰ ਰਹੀ ਐਸ.ਆਈ.ਟੀ.ਬਦਲ ਦਿੱਤੀ ਸੀ।