ਮੋਹਾਲੀ ਧਮਾਕੇ ਲਈ ਵਰਤਿਆ ਲਾਂਚਰ ਬਰਾਮਦ, ਕਈ ਸ਼ੱਕੀ ਹਿਰਾਸਤ ਵਿੱਚ

451

ਮੋਹਾਲੀ, 10 ਮਈ, 2022:ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਹੈਡਕੁਆਰਟਰ ਵਿੱਚ ਸੋਮਵਾਰ ਸ਼ਾਮ ਹੋਏ ਧਮਾਕੇ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਨੇ ਕਿਹਾ ਹੈ ਕਿ ਇਸ ਘਟਨਾ ਲਈ ਵਰਤਿਆ ਗਿਆ ਲਾਂਚਰ ਬਰਾਮਦ ਕਰਨ ਦੇ ਨਾਲ ਨਾਲ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਸ ਦੇ ਨਾਲ ਹੀ ਐਸ.ਐਸ.ਪੀ. ਸ੍ਰੀ ਵਿਵੇਕਸ਼ੀਲ ਸੋਨੀ ਨੇ ਅੱਜ ਕਈ ਚੈਨਲਾਂ ਵੱਲੋਂ ਚਲਾਈ ਜਾ ਰਹੀ ਉਸ ਖ਼ਬਰ ਨੂੰ ਵੀ ਰੱਦ ਕਰ ਦਿੱਤਾ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਮੰਗਲਵਾਰ ਨੂੰ ਇਕ ਹੋਰ ਬੰਬ ਧਮਾਕਾ ਇੰਟੈਲੀਜੈਂਸ ਵਿੰਗ ਦੇ ਹੈਡਕੁਆਰਟਰ ’ਤੇ ਹੋਇਆ ਹੈ। ਉਨ੍ਹਾਂ ਇਸ ਤਰ੍ਹਾਂ ਦੀਆਂ ਨਿਰਾਧਾਰ ਖ਼ਬਰਾਂ ਚਲਾਏ ਜਾਣ ’ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਦੂਸਰਾ ਧਮਾਕਾ ਅੱਜ ਨਹੀਂ ਹੋਇਆ ਅਤੇ ਇਸ ਸੰਬੰਧੀ ਚਲਾਈਆਂ ਗਈਆਂ ਖ਼ਬਰਾਂ ਸਰਾਸਰ ਝੂਠ ਹਨ।

ਯਾਦ ਰਹੇ ਕਿ ਬੀਤੇ ਕਲ੍ਹ ਭਾਵ ਸੋਮਵਾਰ ਸ਼ਾਮ ਨੂੰ ਹੋਏ ਧਮਾਕੇ ਸੰਬੰਧੀ ਪੁਲਿਸ ਨੇ ਸੋਹਾਣਾ ਪੁਲਿਸ ਥਾਣੇ ਵਿੱਚ ਐਫ.ਆਈ.ਆਰ. ਨੰਬਰ 236/22 ਦਰਜ ਕੀਤੀ ਹੈ।

ਪੁਲਿਸ ਨੇ ਅੱਜ ਸ਼ਾਮ ਬੜੀ ਹੀ ਸੰਖ਼ੇਪ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਐਫ.ਆਈ.ਆਰ.ਦੇ ਸੰਬੰਧ ਵਿੱਚ ਨਾ ਕੇਵਲ ਲਾਂਚਰ ਬਰਾਮਦ ਕਰ ਲਿਆ ਗਿਆ ਹੈ ਸਗੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਉਂਜ ਅਜੇ ਪੁਲਿਸ ਨੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਅਧਿਕਾਰਤ ਤੌਰ ’ਤੇ ਨਹੀਂ ਦਿੱਤੀ ਹੈ ਕਿ ਇਹ ਲਾਂਚਰ ਕਿੱਥੋਂ ਬਰਮਦ ਕੀਤਾ ਗਿਆ ਅਤੇ ਪੁੱਛ ਗਿੱਛ ਲਈ ਹਿਰਾਸਤ ਵਿੱਚ ਕਿੰਨੇ ਵਿਅਕਤੀ ਲਏ ਗਏ ਹਨ। ਹਿਰਾਤਸ ਵਿੱਚ ਲਏ ਗਏ ਵਿਅਕਤੀਆਂ ਦੀ ਪਛਾਣ ਬਾਰੇ ਵੀ ਅਜੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।

ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਕੇਸ ਦੇ ਸੰਬੰਧ ਵਿੱਚ ਮਿਲੇ ਸਮੂਹ ਤੱਥਾਂ ਬਾਰੇ ਬਾਰੀਕੀ ਨਾਲ ਛਾਣਬੀਣ ਕਰਕੇ ਇਸ ਕੇਸ ਨੂੰ ਹੱਲ ਕਰਨ ਲਈ ਅੱਗੇ ਵਧਿਆ ਜਾ ਰਿਹਾ ਹੈ।