ਸੰਗਰੂਰ ਪੁਲੀਸ ਦੇ ਐੱਸਪੀ ਅਤੇ ਏਐੱਸਆਈ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ, ਏਐੱਸਆਈ ਗ੍ਰਿਫ਼ਤਾਰ

415

ਸੰਗਰੂਰ, 10 ਮਈ-ਇਥੋਂ ਦੀ ਪੁਲੀਸ ਨੇ ਐੱਸਪੀ ਅਤੇ ਉਸ ਦੇ ਰੀਡਰ ਏਐੱਸਆਈ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕਰਕੇ ਏਐੱਸਆਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਐੱਸਪੀ ਦੀ ਗ੍ਰਿਫ਼ਤਾਰੀ ਬਾਕੀ ਹੈ। ਦੋਵਾਂ ਉਪਰ ਇਰਾਦਾ ਕਤਲ ਦੇ ਕੇਸ ਦੀ ਜਾਂਚ ਦੌਰਾਨ ਮੁਲਜ਼ਮ ਧਿਰ ਕੋਲੋਂ ਤਿੰਨ ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਜ਼ਿਲ੍ਹਾ ਸੰਗਰੂਰ ਅਧੀਨ ਥਾਣਾ ਖਨੌਰੀ ਵਿਖੇ ਗੁਰਮੇਜ ਸਿੰਘ, ਬਲਵਿੰਦਰ ਕੌਰ ਵਾਸੀ ਮੰਡਵੀਂ, ਭੁਪਿੰਦਰ ਸਿੰਘ ਵਾਸੀ ਨਵਾਂਗਾਓ, ਕੋਮਲਜੀਤ ਕੌਰ ਵਾਸੀ ਮੂਨਕ ਅਤੇ ਸ਼ਮਿੰਦਰ ਕੌਰ ਖ਼ਿਲਾਫ਼ ਜ਼ੇਰੇ ਦਫ਼ਾ 307, 326ਏ, 148, 149 ਆਈਪੀਸੀ ਤਹਿਤ ਮਿਤੀ 27-2-2022 ਨੂੰ ਕੇਸ ਦਰਜ ਹੋਇਆ ਸੀ।

ਇਸ ਕੇਸ ਦੀ ਤਫਤੀਸ਼ ਲਈ ਮਹਿੰਗਾ ਸਿੰਘ ਵਲੋਂ ਉਚ ਪੁਲੀਸ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਸੀ, ਜਿਸ ਦੀ ਕਰਨਵੀਰ ਸਿੰਘ ਐੱਸਪੀ ਜਾਂਚ ਸੰਗਰੂਰ ਕੋਲ ਸੀ। ਕੇਸ ਦੀ ਜਾਂਚ ਮੁਲਜ਼ਮ ਧਿਰ ਦੇ ਹੱਕ ਵਿਚ ਕਰਨ ਬਦਲੇ ਰੀਡਰ ਦਵਿੰਦਰ ਸਿੰਘ ਏਐੱਸਆਈ ਵਲੋਂ 3 ਲੱਖ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਇਸ ਕੰਮ ਲਈ ਐੱਸਪੀ ਕਰਨਵੀਰ ਸਿੰਘ ਨਾਲ ਮਿਲਾ ਦਿੱਤਾ। ਇਸ ਮਗਰੋਂ ਰੀਡਰ ਨੇ ਮੁਲਜ਼ਮ ਧਿਰ ਨੂੰ ਫੋਨ ’ਤੇ ਸੁਨੇਹਾ ਦਿੱਤਾ ਕਿ ਕੰਮ ਹੋ ਗਿਆ। ਇਸ ਮਗਰੋਂ ਮੁਲਜ਼ਮ ਧਿਰ ਨਾਲ ਸਬੰਧਤ ਹਸਨਦੀਪ ਸਿੰਘ ਵਾਸੀ ਮੰਡਵੀ ਅਤੇ ਕਿਰਪਾਲ ਸਿੰਘ ਵਾਸੀ ਹਰਿਆਊ ਦੋਵੇਂ ਸੰਗਰੂਰ ਆਏ ਅਤੇ 2 ਅਪਰੈਲ ਨੂੰ ਰੀਡਰ ਦਵਿੰਦਰ ਸਿੰਘ ਨੂੰ ਤਿੰਨ ਲੱਖ ਰੁਪਏ ਲਿਫਾਫ਼ੇ ਵਿਚ ਪਾ ਕੇ ਦੇ ਗਏ।

ਇਸ ਜਾਂਚ ਤੋਂ ਪੀੜਤ ਧਿਰ ਦੇ ਸੰਤੁਸ਼ਟ ਨਾ ਹੋਣ ’ਤੇ ਮਾਮਲੇ ਦੀ ਪੜਤਾਲ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਜਿਨ੍ਹਾਂ ਵਲੋਂ ਜਦੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਸੀ ਤਾਂ ਤਿੰਨ ਲੱਖ ਰੁਪਏ ਦੀ ਕਥਿਤ ਰਿਸ਼ਵਤ ਦੇਣ ਵਾਲੇ ਵਿਅਕਤੀਆਂ ਨੇ ਐੱਸਆਈਟੀ ਅੱਗੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਕਿ ਉਹਨ੍ਹਾਂ ਕੋਲੋਂ ਐੱਸਪੀ ਅਤੇ ਉਸ ਦੇ ਰੀਡਰ ਦਵਿੰਦਰ ਸਿੰਘ ਨੇ ਤਿੰਨ ਲੱਖ ਰੁਪਏ ਰਿਸ਼ਵਤ ਲਈ ਗਈ। ਐੱਸਆਈਟੀ ਦੀ ਪੜਤਾਲ ਮਗਰੋਂ ਜ਼ਿਲ੍ਹਾ ਪੁਲੀਸ ਮੁਖੀ ਵਲੋਂ ਥਾਣਾ ਸਿਟੀ ਪੁਲੀਸ-1 ਦੇ ਐੱਸਐੱਚਓ ਨੂੰ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਮਗਰੋਂ ਥਾਣਾ ਸਿਟੀ-1 ਵਿਚ ਕਰਨਵੀਰ ਸਿੰਘ ਅਤੇ ਉਸ ਦੇ ਰੀਡਰ ਦਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਏਐੱਸਆਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਐੱਸਪੀ ਦੀ ਗ੍ਰਿਫਤਾਰੀ ਬਾਕੀ ਹੈ।