ਮੋਹਾਲੀ ਧਮਾਕਾ – ਗਾਇਕ ਕਰਨ ਔਜਲਾ ਦਾ ਨੇੜਲਾ ਸਾਥੀ ਗ੍ਰਿਫ਼ਤਾਰ

1136

ਮੋਹਾਲੀ : ਮੋਹਾਲੀ ਵਿਖੇ ਇੰਟੈਲੀਜੈਂਸ ਬਿਲਡਿੰਗ ਵਿਚ ਧਮਾਕਾ ਕਰਨ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਦੀ ਟੀਮ ਨੇ ਜਗਦੀਪ ਕੰਗ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਗਦੀਪ ਕੰਗ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਉਸ ਦਾ 9 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ। ਸੂਤਰਾਂ ਅਨੁਸਾਰ ਜਗਦੀਪ ਕੰਗ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ ਨੇੜਲਾ ਸਾਥੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ’ਚ ਜਦੋਂ ਪੁਲਸ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸਨ।

ਜਾਣਕਾਰੀ ਮਿਲੀ ਹੈ ਕਿ ਜਗਦੀਪ ਕੰਗ ਦਾ ਅੱਜ ਸਿਵਲ ਹਸਪਤਾਲ ਫ਼ੇਜ਼ 6 ਮੁਹਾਲੀ ਵਿਖੇ ਮੈਡੀਕਲ ਕਰਵਾਇਆ ਗਿਆ ਹੈ। ਇਸ ਦੌਰਾਨ ਨਿਸ਼ਾਨ ਸਿੰਘ ਨੂੰ ਵੀ ਪੁੱਛਗਿਛ ਲਈ ਲਿਆਂਦਾ ਗਿਆ ਹੈ। ਦੱਸਣਯੋਗ ਹੈ ਕਿ ਨਿਸ਼ਾਨ ਸਿੰਘ ਨੂੰ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹਮਲੇ ਦੇ ਮਾਮਲੇ ’ਚ ਫਰੀਦਕੋਟ ਸੀ. ਆਈ. ਏ. ਸਟਾਫ ਨੇ ਅੰਮ੍ਰਿਤਸਰ ਤੋਂ ਫੜਿਆ ਹੈ। ਉਹ ਦੋ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਨਿਸ਼ਾਨ ਸਿੰਘ ਤਰਨਤਾਰਨ ਦੇ ਭਿੱਖੀਵਿੰਡ ਦੇ ਪਿੰਡ ਕੁੱਲਾ ਦਾ ਰਹਿਣ ਵਾਲਾ ਹੈ।