ਕਾਫ਼ੀ ਦੇਰ ਤੋਂ ”ਸਿੱਖ ਕਿਸਾਨ” ਵਿਰੋਧੀ ਨੈਰੇਟਿਵ ਸਿਰਜੇ ਜਾ ਰਹੇ ਸਨ, ”ਕੁਝ ਕਿਸਾਨਾਂ” ਦੀਆਂ ਗਲਤੀਆਂ (ਨਾੜ ਨੂੰ ਅੱਗ ਲਾਉਣਾ, 10 ਜੂਨ ਨੂੰ ਝੋਨਾ ਲਾਉਣ ਦੀ ਜ਼ਿੱਦ ਕਰਨਾ ਆਦਿਕ) ਨੇ ਉਸ ਨੈਰੇਟਿਵ ਨੂੰ “ਸਾਰੇ ਕਿਸਾਨਾਂ” ਵਿਰੁੱਧ ਭੜਕ ਜਾਣ ਦਾ ਮੌਕਾ ਦਿੱਤਾ, ਹੁਣ ਸਾਰੇ ਵਿਰੋਧੀ, ਜਿਨ੍ਹਾਂ ਵਿੱਚ ਮੋਦੀ ਭਗਤ, ਕੇਜਰੀਵਾਲ ਭਗਤ ਅਤੇ ਅੰਬੇਦਕਰਵਾਦੀਏ (ਦਲਿਤ ਨਹੀਂ) ਸ਼ਾਮਲ ਹਨ, ਆਪਣੇ ਪੁਰਾਣੇ ਨੈਰੇਟਿਵ ਨੂੰ ਸਾਣ ‘ਤੇ ਲਾ ਕੇ “ਸਿੱਖ ਕਿਸਾਨ” ਮਗਰ ਹੱਥ ਧੋ ਕੇ ਪੈ ਗਏ ਹਨ। ਅੱਜ ਕਿਸਾਨਾਂ ਨੂੰ ਕੱਢੀਆਂ ਜਾ ਰਹੀਆਂ ਗਾਲ੍ਹਾਂ ਇਹ ਸਾਂਝਾ ਹਮਲਾ ਹਨ, ਜਿਸ ਵਿੱਚ ਨਕਲੀ-ਅਸਲੀ ਆਈਡੀਆਂ ਖੁੱਲ੍ਹ ਕੇ ਭੜਾਸ ਕੱਢ ਰਹੀਆਂ।

ਅੰਕੜੇ ਕੁਝ ਹੋਰ ਕਹਿ ਰਹੇ। ਇਸ ਸਾਲ ਪੰਜਾਬ ਦੀ ਕੁੱਲ 1 ਕਰੋੜ ਵਾਹੀਯੋਗ ਜ਼ਮੀਨ ‘ਚੋਂ ਲਗਭਗ 86 ਲੱਖ ਏਕੜ ਰਕਬੇ ਹੇਠ ਕਣਕ ਬੀਜੀ ਗਈ ਸੀ।ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਹੁਣ ਤੱਕ ਕਰੀਬ 14,000 ਅੱਗਾਂ ਲੱਗੀਆਂ ਹਨ। ਅੰਦਾਜ਼ਨ ਰਕਬਾ 28,000 ਏਕੜ ਬਣਦਾ ਹੈ, ਜੋ ਕਿ ਕਣਕ ਹੇਠਲੇ ਕੁੱਲ ਰਕਬੇ ਦਾ ਕੇਵਲ 0.325% ਬਣਦਾ ਹੈ।

ਮੇਰੀ ਜਾਚੇ 28,000 ਏਕੜ ਵੀ ਬਹੁਤ ਹੈ, ਏਨੀ ਅੱਗ ਵੀ ਨਹੀਂ ਲੱਗਣੀ ਚਾਹੀਦੀ, ਏਨੀ ਕੁ ਅੱਗ ਨੇ ਵੀ ਇੱਕ ਬੱਚੀ ਦੀ ਜਾਨ ਲਈ, ਧੂੰਏ ‘ਚ ਘਿਰੇ ਇੱਕ ਪਤੀ-ਪਤਨੀ ਹਾਦਸੇ ਦਾ ਸ਼ਿਕਰ ਹੋਕੇ ਜਾਨ ਗਵਾ ਗਏ, 10 ਸਕੂਲੀ ਬੱਚੇ ਮਸਾਂ ਬਚੇ ਤੇ ਹਜ਼ਾਰਾਂ ਚਿੜੀਆਂ-ਜਨੌਰ ਸਮੇਤ ਆਂਡਿਆਂ-ਬੱਚਿਆਂ ਦੇ, ਰਾਖ ਕਰ ਦਿੱਤੇ। ਇਹ ਕਿਸਾਨੀ ਦਾ ਧਰਮ ਨਹੀਂ, ਕਿਸਾਨ ਤਾਂ ਜੀਵਨ ਦਾਤਾ ਹੈ। …………ਪਰ ਜਿਵੇਂ ਕਿ ਮੈਂ ਕਿਹਾ ਕਿ 86 ਲੱਖ ਏਕੜ ‘ਚੋਂ ਸਿਰਫ 28,000 ਏਕੜ ਵਾਲਿਆਂ ਗਲਤੀ ਕੀਤੀ, ਜਾਣੀ ਕਿ 0.325% ਫੀਸਦੀ ਨੇ, ਜਦਕਿ 99.675% ਨੇ ਨਾੜ ਨੂੰ ਅੱਗ ਨਹੀਂ ਲਾਈ ਪਰ ਨੈਰੇਟਿਵ ਸਾਰਿਆਂ ਕਿਸਾਨਾਂ ਉਲਟ ਇਹੀ ਸਿਰਜਿਆ ਗਿਆ ਕਿ ਸਾਰੇ ਮਾੜੇ ਹਨ। ਗਾਲ੍ਹਾਂ ਸਭ ਨੂੰ ਕੱਢੀਆਂ ਜਾ ਰਹੀਆਂ। ਦਰਦ ਕਿਤੇ ਹੋਰ ਹੈ, ਚੀਕਾਂ ਹੋਰ ਵੱਜ ਰਹੀਆਂ।

ਕਿਸਾਨਾਂ ਦੀ ਕਿਰਦਾਰਕੁਸ਼ੀ ਇਸ ਲੈਵਲ ‘ਤੇ ਹੋਈ ਹੈ ਕਿ ਪੂਰੇ ਭਾਰਤ ਦੇ ਵਧੇ ਤਾਪਮਾਨ ਨੂੰ ਕਿਸਾਨਾਂ ਨਾਲ ਜੋੜ ਦਿੱਤਾ, ਗਲੋਬਲ ਵਾਰਮਿੰਗ ਤੱਕ ਦਾ ਕਸੂਰਵਾਰ ਕਿਸਾਨਾਂ ਨੂੰ ਬਣਾ ਦਿੱਤਾ। ਇਹ ਵੱਡੀ ਬੇਈਮਾਨੀ ਹੈ।

ਸੰਘੀ ਏਜੰਡਾ ਪੰਜਾਬ ‘ਚ ਕਿਸਾਨਾਂ ਨੂੰ ਥੱਲੇ ਲਾਉਣਾ ਹੈ, ਕਿਉਂਕਿ ਇਹ ਕਿਸਾਨ ਹੀ ਸਿੱਖੀ ਦੀ ਵੱਡੀ ਧਿਰ ਹਨ। ਸਿੱਖੀ ਨੂੰ ਕਮਜ਼ੋਰ ਕਰਨ ਲਈ ਇਨ੍ਹਾਂ ਨੂੰ ਖਲਨਾਇਕ ਬਣਾਉਣਾ ਸੰਘੀਆਂ ਦੇ ਨਿਸ਼ਾਨੇ ‘ਤੇ ਹੈ। ਸੰਘੀਆਂ ਦੀ ਬੀ ਟੀਮ ਕੇਜਰੀਵਾਲ ਤੇ ਸਮਰਥਕ ਇਸੇ ਲਈ ਸਾਰੇ ਕਿਸਾਨਾਂ ਨੂੰ ਗਾਲ੍ਹਾਂ ਕੱਢ ਅਤੇ ਕਢਵਾ ਰਹੇ ਹਨ। ਨਾਲ ਏ ਟੀਮ ਅਤੇ ਅੰਬੇਦਕਰਵਾਦੀਏ (ਦਲਿਤ ਨਹੀਂ) ਹੋ ਰਹੇ ਹਨ, ਜਿਨ੍ਹਾਂ ਨੂੰ ਪੂਰੇ ਭਾਰਤ ‘ਚ ਦਲਿਤਾਂ ‘ਤੇ ਕੀਤੇ ਗਏ ਹਰ ਜ਼ੁਲਮ ਲਈ ਜ਼ਿੰਮੇਵਾਰ ਪੰਜਾਬ ਦੇ ਸਿੱਖ ਕਿਸਾਨ ਲਗਦੇ ਹਨ, ਬਾਹਮਣ ਬਰੀ ਹੈ। ਇਹ ਸੰਘੀ ਏਜੰਡੇ ਦੇ ਅਗਾਂਹਵਧੂ ਸਿਪਾਹਸਿਲਾਰ ਬਣੇ ਹਨ, ਜਾਣੀਕਿ ਸੀ ਟੀਮ।
ਕਿਸਾਨਾਂ ਨੂੰ ਜਿੰਨਾ ਫਿਕਰ ਸੰਘੀਆਂ ਦੀਆਂ ਏ, ਬੀ ਅਤੇ ਸੀ ਟੀਮਾਂ ਦਾ ਹੋਣਾ ਚਾਹੀਦਾ, ਓਨਾ ਹੀ ਉਨ੍ਹਾਂ ਦੇ ਬਣ ਕੇ ਨਾਲ ਚੱਲ ਰਹੇ ਕਾਮਰੇਡ ਅਤੇ ਸਟੇਟ ਪੱਖੀ ਕਿਸਾਨ ਆਗੂਆਂ ਤੋਂ ਹੋਣਾ ਚਾਹੀਦਾ, ਜਿਨ੍ਹਾਂ ਪਹਿਲਾਂ ਵੀ ਏਡਾ ਵੱਡਾ ਮੋਰਚਾ ਮੰਗਾਂ ਮਨਵਾਏ ਬਿਨਾ ਚੁੱਕ ਲਿਆ ਕਿ ਭੱਜ ਕੇ ਜਾ ਕੇ ਮੁੱਖ ਮੰਤਰੀ ਬਣ ਜਾਈਏ। ਹੁਣ ਵੀ ਇਨ੍ਹਾਂ ਸਿੱਖ ਕਿਸਾਨੀ ਨੂੰ ਸਟੇਟ ਨਾਲ ਭਿੜਵਾ ਕੇ ਖੁਦ ਸਟੇਟ ਦੇ ਪੁਰਜ਼ੇ ਬਣ ਕੇ ਚੱਲਣ ਲੱਗ ਪੈਣਾ। …ਇਨ੍ਹਾਂ ਤੋਂ ਵੀ ਬਚਣਾ ਪੈਣਾ।

ਇਹ ਕਿਸਾਨ ਆਗੂ ਕਿਸਾਨਾਂ ਨੂੰ ਬਿਜਲੀ ਅਤੇ 10 ਜੂਨ ਨੂੰ ਹੀ ਝੋਨਾ ਬੀਜਣ ਦੇ ਮੁੱਦੇ ‘ਤੇ ਗਰਮ ਕਰ ਰਹੇ ਹਨ ਪਰ ਰਾਜਸਥਾਨ ਵਾਲੀ ਨਹਿਰ ਪੱਕੀ ਹੋ ਰਹੀ, ਓਧਰ ਨੂੰ ਮੂੰਹ ਨਹੀਂ ਕਰਦੇ। ਕਦੇ ਮੋਰਚਾ ਨੀ ਲਾਉਂਦੇ ਕਿ ਪੰਜਾਬ ਨੂੰ ਨਹਿਰੀ ਪਾਣੀ ਮਿਲੇ ਤਾਂ ਕਿ ਹੇਠੋਂ ਪਾਣੀ ਕੱਢਣ ਲਈ ਬਿਜਲੀ ਦੀ ਲੋੜ ਹੀ ਘੱਟ ਪਵੇ।

ਅਖੀਰ ‘ਚ ਇਹ ਦੋਵੇਂ ਵੀਡੀਓਜ਼ ਦੇਖ ਲਿਓ:
1. ਸ੍ਰੀ ਦਰਬਾਰ ਸਾਹਿਬ ਤੋਂ ਸਵਾ ਕਿਲੋਮੀਟਰ ਦੂਰ ਭਗਤਾਂਵਾਲੇ ਡੰਪ ਨੂੰ ਸਾਲ ‘ਚੋਂ ਅੱਠ ਮਹੀਨੇ ਅੱਗ ਲੱਗੀ ਰਹਿੰਦੀ, ਮਿਥੇਨ ਗੈਸ ਕਾਰਨ ਆਲੇ ਦੁਆਲੇ ਬਿਮਾਰੀਆਂ ਲੱਗ ਰਹੀਆਂ ਪਰ ਕਿਉਂਕਿ ਇਹ ਅੱਗ ਕਿਸਾਨ ਨੇ ਨਹੀਂ ਲਾਈ, ਇਸ ਲਈ ਇਹ ਮਾੜੀ ਨਹੀਂ। ਅਜਿਹੀ ਹੀ ਅੱਗ ਦਿੱਲੀ ਲੱਗੀ ਹੋਈ ਹੈ। ਪਰ ਕੋਈ ਰੌਲਾ ਨਹੀਂ ਪਾ ਰਿਹਾ। ਨਾ ਦਰਬਾਰੀ ਪੱਤਰਕਾਰ, ਨਾ ਦਰਬਾਰੀ ਚੈਨਲ।

2. ਪਿਛਲੇ ਮੋਰਚੇ ਵੇਲੇ ਇਹ ਸਰਕਾਰੀ ਦੀਪ ਸਿੱਧੂ ਨੂੰ ਕਹੀ ਗਏ ਤੇ ਸਰਕਾਰ ਨਾਲ ਮੀਟਿੰਗਾਂ ਖੁਦ ਕਰਦੇ ਰਹੇ, ਰਾਜੇਵਾਲ, ਕਾਂਤੀ ਤੇ ਹੋਰ। ਖੁਦ ਕਿਸਾਨ ਆਗੂ ਡੱਲੇਵਾਲ ਦੀ ਜ਼ਬਾਨੀ ਸੁਣ ਲਓ।
ਕੁਝ ਵੀ ਕਰਨ ਲੱਗਿਆਂ ਸੋਚਿਓ ਕਿ ਦੋ ਪੁੜਾਂ ਵਿਚਾਲੇ ਪਿਸਣ ਤੋਂ ਬਚ ਕੇ ਸੰਘਰਸ਼ ਕਰਨਾ ਪੈਣਾ, ਜਿਸ ਵਿੱਚ ਘੱਟੋ-ਘੱਟ ਨੁਕਸਾਨ ਕਰਵਾ ਕੇ ਵੱਧ ਖੱਟਿਆ ਜਾ ਸਕੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ