ਸਿੱਧੂ ਮੂਸੇਆਲੇ ਦੇ ਕਤਲ ਦੇ ਬਹੁਤ ਐਂਗਲ ਹਨ, ਜਿਨ੍ਹਾਂ ‘ਚੋਂ ਇੱਕ ਹੈ ਭਾਜਪਾ ਜਾਂ ਏਜੰਸੀਆਂ ਕਹਿ ਲਵੋ ਜਾਂ ਡੋਵਲ ਕਹਿ ਲਵੋ, ਦੀ ਨਵੀਂ ਚਾਲ। ਇਹ ਹੁਣ ਸਪੱਸ਼ਟ ਹੈ ਕਿ ਭਾਜਪਾ ਨੇ ਸਰਸੇ ਵਾਲੇ ਰਾਹੀਂ ਬੇਅਦਬੀਆਂ ਕਰਵਾਈਆਂ, ਅਕਾਲੀ ਭਾਈਵਾਲ਼ ਸਨ, ਮੌਕੇ ‘ਤੇ ਬੋਲੇ ਨਹੀਂ, ਦੋਸ਼ੀ ਪੁਲਿਸੀਆਂ ਨੂੰ ਬਚਾਉਂਦੇ ਰਹੇ, ਭਾਜਪਾ ਨੇ ਇਸ ਵਰਤਾਰੇ ਰਾਹੀਂ ਆਪਣੇ ਭਾਈਵਾਲ਼ ਪੰਜਾਬ ‘ਚ ਖਤਮ ਕਰ ਦਿੱਤੇ।

ਸੰਭਵ ਹੈ ਕਿ ਹੁਣ ਉਹੀ ਕੁਝ ਭਗਵੰਤ ਮਾਨ ਨਾਲ ਹੋ ਰਿਹਾ ਹੋਵੇ। ਬੇਅਦਬੀਆਂ ਦੀ ਥਾਂ ਅਮਨ-ਕਨੂੰਨ ਨੂੰ ਹਥਿਆਰ ਬਣਾਇਆ ਗਿਆ ਹੈ। ਇਸ ਪਿੱਛੇ ਮਨਸ਼ਾ ਭਗਵੰਤ ਨੂੰ ਹਟਾ ਕੇ ਆਪ ਵਿੱਚੋਂ ਕਿਸੇ ਸੰਘੀ ਨੂੰ ਪੰਜਾਬ ਦਾ ਸੂਬੇਦਾਰ ਬਣਾਉਣਾ ਵੀ ਏਜੰਡਾ ਹੋ ਸਕਦਾ ਜਾਂ ਆਪ ਦਾ ਹੀ ਸਫਾਇਆ ਮੁੱਖ ਮਨਸ਼ਾ ਹੋ ਸਕਦਾ। ਪੰਜਾਬ ਵਿਚਲੇ ਤਾਜ਼ਾ ਹਾਲਾਤ ਆਪ ਲਈ ਹਿਮਾਚਲ ਤੇ ਹਰਿਆਣਾ ‘ਚ ਜਿੱਤਣ ਦਾ ਰਾਹ ਤਾਂ ਔਖਾ ਕਰ ਹੀ ਗਏ ਹਨ।

ਮੈਂ ਨੀ ਜਾਣਦਾ ਕਿ ਮੇਰਾ ਇਹ ਤੌਖਲਾ ਕਿੰਨਾ ਕੁ ਸਹੀ ਹੈ ਪਰ ਇਹ ਇੱਕ ਐਂਗਲ ਹੋ ਸਕਦਾ। ਤੇ ਜੇ ਇਹ ਸਹੀ ਐਂਗਲ ਹੈ ਤਾਂ ਪੰਜਾਬ ਕੋਲ ਇਸਦੇ ਕੋਈ ਬਹੁਤੇ ਤੋੜ ਹੈ ਨਹੀਂ, ਬੱਸ ਹਰ ਧਿਰ ਵੱਲੋਂ ਬਹੁਤ ਹੀ ਸਾਵਧਾਨੀ ਵਰਤਣੀ ਕੁਝ ਬਚਾਅ ਕਰ ਸਕਦੀ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


ਮੌਜੂਦਾ ਸਰਕਾਰ ਵੱਲੋਂ ਬੜੇ ਵੱਡੇ ਦਾਅਵੇ ਕਰਦਿਆਂ “ਐਂਟੀ ਗੈਂਗ ਟਾਸਕ ਫੋਰਸ” ਬਣਾਈ ਗਈ ਸੀ। ਨਾ ਇਹ ਸੰਦੀਪ ਨੰਗਲ ਅੰਬੀਆਂ ਦੇ ਅਸਲ ਕਾਤਲ ਫੜ ਸਕੀ ਤੇ ਨਾ ਸਿੱਧੂ ਮੂਸੇਵਾਲੇ ਨੂੰ ਬਚਾ ਸਕੀ।
ਕੋਈ ਜਵਾਬਦੇਹੀ ਕਰੇਗਾ? -ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਪੰਜਾਬ ‘ਚ ਸ਼ਾਂਤੀ ਬਹਾਲੀ ਦੇ ਨਾਮ ਹੇਠ ਪੰਜਾਬ ਦੇ ਕੁਝ ਹੋਰ ਪੁੱਤ ਗੈਂਗਸਟਰ ਕਹਿ ਕੇ ਮਾਰੇ ਜਾ ਸਕਦੇ ਹਨ, ਤੀਜੇ ਘੱਲੂਘਾਰੇ ਦੀ ਯਾਦ ‘ਚ ਇਕੱਤਰ ਹੋਣ ਵਾਲੇ ਨੌਜਵਾਨ ਵੀ ਸਾਵਧਾਨ ਰਹਿਣ।ਇੱਕ ਗੈਂਗਸਟਰ ਤੋਂ ਫੇਸਬੁਕ ਪੋਸਟ ਪਵਾ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਮਾਰੇ ਗਏ ਹਨ। ਸਰਕਾਰ ਅਤੇ ਪੁਲਿਸ ਨੂੰ ਸਾਰੇ ਸਵਾਲਾਂ ਤੋਂ ਬਰੀ ਕਰਨ ਦੀ ਅਤੇ ਅਸਲੀਅਤ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਕਿਓਰਟੀ ਵਾਪਸ ਲੈਣ ਬਾਰੇ ਵੀ ਝੂਠ ਬੇਨਕਾਬ ਹੋ ਗਿਆ ਹੈ। ਮੁੱਖ ਮੰਤਰੀ ਕਹਿ ਰਿਹਾ ਕਿ ਵੀਆਈਪੀਜ਼ ‘ਤੇ ਐਕਸ਼ਨ ਲਿਆ ਤੇ ਡੀਜੀਪੀ ਕਹਿ ਰਿਹਾ ਕਿ ਘੱਲੂਘਾਰੇ ਕਰਕੇ ਕਟੌਤੀ ਕੀਤੀ।
ਨਾਲ ਦੇ ਦੋਵੇਂ ਪੋਸਟਰ ਦੇਖ ਲਓ, ਸੱਚ ਕੌਣ ਬੋਲਦਾ? ਮੁੱਖ ਮੰਤਰੀ ਜਾਂ ਡੀਜੀਪੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਕੀ ਪੰਜਾਬ ਦੇ ਸਾਰੇ ਗਾਇਕਾਂ ਨੂੰ ਸਿੱਧੂ ਮੂਸੇਆਲੇ ਦੇ ਕਤਲ ‘ਤੇ ਹੰਗਾਮੀ ਮੀਟਿੰਗ ਕਰਕੇ ਕੋਈ ਸਾਂਝਾ ਬਿਆਨ ਨਹੀਂ ਸੀ ਦੇਣਾ ਚਾਹੀਦਾ? ਕੋਈ ਸਾਂਝਾ ਵਫ਼ਦ ਬਣਾ ਕੇ ਪ੍ਰੈਸ ਕਾਨਫਰੰਸ ਨਹੀਂ ਸੀ ਕਰਨੀ ਚਾਹੀਦੀ ਜਾਂ ਮੁੱਖ ਮੰਤਰੀ ਨੂੰ ਮਿਲਣ ਦੀ ਮੰਗ ਨਹੀਂ ਸੀ ਕਰਨੀ ਚਾਹੀਦੀ?ਇੱਕ ਕਾਂ ਮਰ ਜਾਵੇ, ਸੈਂਕੜੇ ਕਾਂ ਸਾਰਾ ਦਿਨ ਉਸ ਉੱਤੇ ਉੱਡਦੇ ਕਾਂ ਕਾਂ ਕਰਕੇ ਅਸਮਾਨ ਚੁੱਕ ਲੈੰਦੇ। ਇਹ ਕਾਂਵਾਂ ਤੋਂ ਵੀ ਗਏ ਗੁਜ਼ਰੇ ਨੇ?
ਕਿਹੜੀ ਗੱਲੋੰ ਚੁੱਪ ਹਨ? ਬੱਸ ਕੇਵਲ ਇੰਸਟਾ ‘ਤੇ ਪੋਸਟ ਪਾ ਕੇ ਸਾਰ ਲੈਣਗੇ? ਇਨ੍ਹਾਂ ਕੋਲ ਸਟੇਜਾਂ ਹਨ, ਲੱਖਾਂ ਲੋਕ ਇਨ੍ਹਾਂ ਦੇ ਫੈਨ ਹਨ, ਮਗਰ ਲੱਗਦੇ ਹਨ, ਮਾਂ-ਪਿਓ ਨੂੰ ਇਨਸਾਫ਼ ਦਿਵਾਉਣ ਲਈ ਕੁਝ ਤਾਂ ਕਰੋ। ਬੜੀ ਸ਼ਰਮ ਦੀ ਗੱਲ ਹੈ ਕਿ ਪੁਲਿਸ ਨੂੰ ਐਫਆਈਆਰ ਸਿੱਧੂ ਦੇ ਪਿਤਾ ਨੂੰ ਲਿਖਵਾਉਣੀ ਪਈ, ਜੋ ਵਾਰਦਾਤ ਵੇਲੇ ਮੌਕੇ ‘ਤੇ ਮੌਜੂਦ ਨਹੀਂ ਸੀ ਜਦਕਿ ਲਿਖਵਾਉਣੀ ਉਨ੍ਹਾਂ ਚਸ਼ਮਦੀਦ ਗਵਾਹਾਂ ਨੂੰ ਚਾਹੀਦੀ ਸੀ, ਜਿਨ੍ਹਾਂ ਦੇ ਸਾਹਮਣੇ ਉਸਨੂੰ ਮਾਰਿਆ ਗਿਆ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ