ਪਹਿਲੀ ਗੱਲ ਕਿ ਇਹ ਕੰਮ ਕੱਲੇ ਗੈੰਗਸਟਰਾਂ ਦਾ ਨਹੀੰ, ਨਾ ਕੋਈ ਐਡਾ ਗੈਗਸਟਰ ਜੰਮਿਆ ਕਿ ਸਰਕਾਰੀ ਮਦਦ ਬਿਨਾ ਏਡਾ ਬੰਦਾ ਮਾਰ ਦਵੇ । ਦੂਜਾ ਏਸ ਗੋਲੀ ਦਾ ਨਿਸ਼ਾਨਾ ਕੱਲਾ ਸਿੱਧੂ ਮੂਸੇਵਾਲਾ ਨਹੀੰ ਸੀ , ਨਿਸ਼ਾਨਾ ਉਹ ਸਾਰੇ ਨੇ ਜਿਨਾਂ ਨੇ ਕਨੇਡਾ ਛੱਡ ਪਿੰਡ ਚੁਣਿਆ । ਕਮਜੋਰ ਬੰਦੇ ਦੇਸ ਪੰਜਾਬ ਛੱਡਣ ਦੀਆਂ ਗੱਲਾਂ ਕਰਨ ਵੀ ਲੱਗ ਗਏ , ਜਿਵੇੰ ਅਗਾਂਹ ਅਮਰੀਕਾ ਕਨੇਡਾ ‘ਚ ਮੌਤ ਆਉੰਦੀ ਹੀ ਨਾ ਹੋਵੇ ।
ਤੀਜਾ ਇਹ ਕਿ ਮੂਸੇਵਾਲਾ ਦੇ ਸੰਸਕਾਰ ਤੇ ਪਹੁੰਚਿਆਂ ਨੂੰ ਕਿਤੇ ਉਹਦੇ ਫੈਨ ਜਾਂ ਸਿਆਸੀ ਪਾਰਟੀਆਂ ਦੇ ਸਮਰਥਕ ਨਾ ਸਮਝ ਲਿਉ । ਇਹ ਪੰਜਾਬ ਦੀ ਬੇਚੈਨੀ ਤੁਰੀ ਫਿਰਦੀ ਸਿਵੇ ਸੇਕਦੀ । ਏਸ ਮਰਨਮਿਟੀ ਨੇ ਹੁਣ ਉਹ ਜੰਮਣੇ ਜਿਨਾਂ ਉਥੋੰ ਸ਼ੁਰੂ ਕਰਨੀ ਜਿਥੋੰ ਮੂਸੇਵਾਲੇ ਨੇ ਮੁਕਾਈ ।ਚੌਥਾ, ਕੱਲਾ ਨਾ ਹੋਵੇ ਪੁੱਤ ਜੱਟ ਦਾ । ਬੜਾ ਆਸਰ ਹੁੰਦਾ ਭਰਾਵਾਂ ਦਾ । ਕਿਲੇ ਕਨਾਲਾਂ ‘ਚ ਨਾ ਵੰਡੇ ਜਾਣੋ ਡਰਦੇ ਕਿੱਲੇ ਬੇਅਬਾਦ ਨਾ ਕਰ ਲਿਉ – ਚਰਨਜੀਤ ਸਿੰਘ

ਜਿਹੜੀ ਤਾਕਤ ਤੁਹਾਨੂੰ ਦੱਸ ਰਹੀ ਹੈ ਕਿ ‘ਪਹਿਲੀ ਫੋਟੋ ਵਾਲੇ ਬੰਦੇ’ ਨੇ,,, ‘ਦੂਜੀ ਫੋਟੋ ਵਾਲੇ ਬੰਦੇ’ ਦਾ ਕਤਲ ਕਰਤਾ,,, ਏਸੇ ਨੂੰ ‘ਸਟੇਟ’ ਕਹਿੰਦੇ ਹਨ,,, ਜਿਹੜੀ ਤਾਕਤ ਅਜਿਹੀ ਕਰਤੂਤ ਦਾ ਖ਼ਾਕਾ ਤਿਆਰ ਕਰਦੀ ਹੈ ਓਸਨੂੰ ‘ਡੀਪ ਸਟੇਟ’ ਕਿਹਾ ਜਾਂਦਾ ਹੈ,,, ਇੱਥੇ ਕਹਿਣਾ ਬਣਦਾ ਤਾਂ ਨਹੀਂ ਕਿਉਂਕਿ ਹੁਣ ਸਮਾਂ ਢੁਕਵਾਂ ਨਹੀਂ ਪਰ ਦੂਜਾ ਪੱਖ ਵੇਖਾਂ ਤਾਂ ਮਸਲੇ ਦੀ ਤੰਦ ਜੁੜਦੀ ਹੈ ਜੇ ਸਟੇਟ ਦੀ ਕਾਰਜਪ੍ਰਣਾਲੀ ਦੀ ਗੁਲਝਣ ਨੂੰ ਮੁੱਢਲੇ ਤੌਰ ਤੇ ਸਮਝਣਾ ਹੈ ਤਾਂ ਫਿਰ ‘ਤੀਜੀ ਫੋਟੋ’ ਵੇਖੋ ਆਪਣਾ 2011 ‘ਚ ਲਿਖਿਆ ਡੇਢ ਕੁ ਸੌ ਪੇਜ ਦਾ ਨਾਵਲ ‘ਸਰਕਾਰੀ ਸਾਜ਼ਿਸ਼’ ਹੈ ਜੇ ਸਮਾਂ ਮਿਲੇ ਤਾਂ ਪੜਿਓ,,, ‘ਤੀਜੀ ਫੋਟੋ’ ਸਟੇਟ ਦੀ ਏਨੀ ਕੁ ਵਿਆਖਿਆ ਤਾਂ ਕਰਦੀ ਹੀ ਹੈ ਕਿ ਤੁਸੀਂ ‘ਕੁਛ ਖਾਸ’ ਘਟਨਾਵਾਂ ਨੂੰ ਪਛਾਣ ਸਕੋ

ਮੂਸੇਵਾਲੇ ਦੇ ਕਤਲ਼ ਦੀਆਂ ਕਈ ਪਰਤਾਂ’ਚੋਂ ਇੱਕ ਇਹ ਵੀ ਹੈ ਕਿ ਮੂਸੇਵਾਲਾ ਕਨੇਡਾ ਤੋਂ ਵਾਪਸ ਆ ਕੇ ਪੰਜਾਬ’ਚ ਵਸਿਆ ਸੀ। ਇਸ ਕਤਲ਼ ਰਾਹੀਂ ਸਟੇਟ ਇਹ ਨੈਰੇਟਿਵ ਸਿਰਜਣਾ ਚਾਹੁੰਦੀ ਹੈ ਕਿ ਪੰਜਾਬ ਰਹਿਣ ਲਈ ਸੁਰੱਖਿਅਤ ਨਹੀਂ, ਇੱਥੇ ਵਾਪਸ ਨਾ ਆਉ ਤੇ ਜਿਹੜੇ ਇੱਥੇ ਰਹਿੰਦੇ ਹਨ ਉਹ ਬਾਹਰ ਨਿਕਲਣ ਦਾ ਜੁਗਾੜ ਕਰੋ। ਉਂਝ ਭਾਵੇਂ ਪੰਜਾਬ’ਚ ਭਾਰਤ ਦੀਆਂ ਹੋਰ ਸਟੇਟਾਂ ਮੁਕਾਬਲੇ ਬਹੁਤ ਘੱਟ ਅਪਰਾਧ ਹੋਵੇ।
ਇਹੋ ਜਿਹੀਆਂ ਕਈ ਵੀਡੀਓ ਦੇਖ ਚੁੱਕਿਆ ਹਾਂ ਜਿੱਥੇ ਲੋਕ ਇਹੀ ਗੱਲ ਕਹਿੰਦੇ ਸੁਣੇ ਗਏ ਕਿ ਹੁਣ ਨਹੀੰ ਇੱਥੇ ਰਹਿਣਾ। ਸਟੇਟ ਨੇ ਮਾਪਿਆਂ ਨੂੰ ਲੱਗਣ ਲਾ ਦੇਣਾ ਕਿ ਕਿਵੇਂ ਨਾ ਕਿਵੇਂ ਆਪਣੇ ਜਵਾਕਾਂ ਨੂੰ ਇੱਥੋੰ ਬਾਹਰ ਕੱਢੋ। ਜਿਹੜੇ ਬਾਹਰੋੰ ਵਾਪਸ ਪੰਜਾਬ ਆ ਕੇ ਵੱਸਣਾ ਚਾਹੁੰਦੇ ਹਨ ਉਹਨਾਂ ਲਈ ਵੀ ਇਹ ਸੁਨੇਹੇ ਵਾਂਗ ਹੈ ਕਿ ਤੁਹਾਡਾ ਹਾਲ ਵੀ ਦੀਪ ਸਿੱਧੂ, ਸੰਦੀਪ ਸਿੰਘ ਨੰਗਲ ਅੰਬੀਆਂ ਜਾਂ ਸਿੱਧੂ ਮੂਸੇਵਾਲਾ ਹੋਵੇਗਾ।
ਸਟੇਟ ਚਾਹੁੰਦੀ ਹੈ ਕਿ ਸਿੱਖ ਪੰਜਾਬ ਨੂੰ ਵੇਹਲਾ ਕਰ ਦੇਣ ਅਤੇ ਇੱਥੇ ਲਿਆ ਕੇ ਯੂ.ਪੀ, ਬਿਹਾਰ ਦੇ ਭਈਏ ਵਸਾਏ ਜਾਣ। ਮੂਸੇਵਾਲੇ ਦੇ ਪਿਉ ਨੇ ਥਾਪੀ ਮਾਰ ਕੇ ਸਟੇਟ ਦੇ ਇਸ ਨੈਰੇਟਿਵ ਨੂੰ ਚੈਲਿੰਜ ਵੀ ਕੀਤਾ ਹੈ ਅਤੇ ਪੱਗ ਹੱਥ’ਚ ਫੜ ਕੇ ਪੰਜਾਬ ਦੇ ਪੱਤਾਂ ਨੂੰ ਇਹ ਵੰਗਾਰ ਵੀ ਪਾਈ ਹੈ ਕਿ ਪੁੱਤਰੋਂ ਆਪਣਾ ਪੰਜਾਬ ਸੰਭਾਲ ਲਵੋ। ਜਦੋੰ ਤੱਕ ਪੰਜਾਬ ਆਪਣੀ ਸਿਆਸਤ ਨਹੀਂ ਸਿਰਜਦਾ ਉਦੋੰ ਤੱਕ ਸਟੇਟ ਦਾ ਨੈਰੇਟਿਵ ਤਕੜਾ ਹੀ ਰਹਿਣਾ। ਲੋਕਾਂ ਨੂੰ ਭੇਡ ਬਿਰਤੀ’ਚੋਂ ਕੱਢ ਕੇ ਪੰਜਾਬ ਤੇ ਪੰਥ ਪ੍ਰਸਤ ਬਣਨ ਤੱਕ ਦਾ ਸਫ਼ਰ ਤੈਅ ਕਰਨਾ ਪੈਣਾ।
– ਸਤਵੰਤ ਸਿੰਘ

ਮੂਸੇਵਾਲੇ ਦੇ ਸਿਵੇ ‘ਤੇ ਵੀ ਕਾਂਗਰਸ ਨੇ ਸੇਕੀਆਂ ਰੋਟੀਆਂ! ਪ੍ਰਧਾਨਗੀਆਂ ਚਮਕਾਉਣ ਤੇ ਫ਼ੋਟੋਆਂ ਖਿਚਾਉਣ ਹੀ ਆਏ ਸੀ ਲੀਡਰ?


..ਤੇ ਆਖਿਰ ਉਹ ਟੁਪਾਕ ਵਾਲੀ ਗੱਲ ਵੀ ਵਿਆਹ ਗਿਆ
ਜਦੋੰ ਸਿੱਧੂ ਨੇ ਪੁਲਿਸ ਦੇ ਆਖੇ ਲਗ “ਗੁਰਬਖਸ਼ ਗਵਾਚਾ” ਗਾਇਆ ਤਾਂ ਪਿਪਲ ਸਿੰਘ ਨੇ ਲੇਖ ਲਿਖਿਆ ਕਿ “ਟੁਪਾਕ” ਪੁਲਸ ਦੀਆਂ ਹਦਾਇਤਾ ਤੇ ਗਾ ਕੇ ਨਹੀੰ ਬਣਿਆ ਜਾਂਦਾ ।
ਪਰ ਟੁਪਾਕ ਬਣਨ ਲਈ ਭਰੀ ਜਵਾਨੀ ‘ਚ ਜਹਾਨੋੰ ਜਾਣਾ ਈ ਕਾਫੀ ਨਹੀੰ ਸੀ । ਮੂਸੇਵਾਲੇ ਨੇ ਟੁਪਾਕ ਵਾਲੀ ਰਾਹ ਵੀ ਫੜ ਲਈ ਸੀ । ਹੁਣ ਉਹਦੇ ਗਾਣੇ ਬਦਲ ਗਏ ਸਨ । ਕਾਂਗਰਸ ‘ਚ ਜਾਣ ਦਾ ਕਾਰਣ ਦਸਦਿਆਂ ਇਕ ਇੰਟਰਵਿਊ ‘ਚ ਕਹਿੰਦਾ “ਏਥੇ ਪੁਲਿਸ ਦਾ ASI ਵੀ ਚਾਹੁੰਦਾ ਕਿ ਮੂਸੇ ਵਾਲੇ ਨੂੰ ਜੇਬ ‘ਚ ਪਾ ਕੇ ਘੁੰਮਾਂ” । ਪਰਚਿਆਂ ਦੇ ਚੱਕਰਵਿਊ ਨੂੰ ਤੋੜਨ ਲਈ ਚੁਕਿਆ ਹਰ ਕਦਮ ਪੁੱਠਾ ਪਿਆ । ਪਰ ਹੁਣ ਉਹ ਸਮਝ ਹੀ ਗਿਆ ਸੀ ਕਿ ਇਥੇ ਨਿਆਂ ਨਹੀੰ । ਹੁਣ ਉਹ ਟੁਪਾਕ ਵਾਲੇ ਰਾਹ ‘ਤੇ ਸੀ । ਸਟ‍ਲਿਨਵੀਰ ਸਿੰਘ ਨੇ ਸ਼ਹੀਦੀ ਹਫਤੇ ‘ਚ ਰਲੀਜ ਹੋਣ ਵਾਲੇ ਉਸਦੇ ਗੀਤ SYL ਦੇ ਬੋਲ ਸਾਂਝੇ ਕੀਤੇ ਤਾਂ ਸਾਫ ਹੋ ਗਿਆ ਕਿ ਹੁਣ ਪਿਛੇ ਮੁੜਨ ਵਾਲੇ ਰਾਹ ਤੇ ਕਾਂਟਾ ਮਾਰ ਦਿਤਾ ਸੀ । ਗਾਣੇ ਦੇ ਬੋਲਾਂ ‘ਚ sovereignty, ਭਾਈ ਜਟਾਣਾ, ਦੀਪ ਸਿੱਧੂ, ਬੰਦੀ ਸਿੰਘਾਂ ਦੇ ਬੋਲਾਂ ਦਾ ਜਿਕਰ ਦਸਦਾ ਸੀ ਕਿ ਬੰਦਾ ਲੀਕ ਖਿੱਚ ਗਿਆ । ਸਟਾਲਿਨ ਠੀਕ ਕਹਿੰਦਾ ਉਹਦਾ ਅਸਲ ਘਾਟਾ ਤੇ ਉਦੋਂ ਸਮਝ ਪੈਣਾ ਜਦੋੰ SYL ਗਾਣਾ ਸੁਣਨਾ । ਪਰ ਇਕ ਗੱਲ ਪੱਕੀ ਕਿ ਟੁਪਾਕ ਨਾਲੋੰ ਘੱਟ ਨਹੀੰ ਰਿਹਾ ਉਤੋੰ ਦੀ ਪਾ ਕੇ ਗਿਆ । ਅੱਡ ਗੱਲ ਆ ਕਿ ਲੋਕਾਈ ਕੀ ਯਾਦ ਰੱਖਦੀ, ਪਰ ਆਖਰੀ ਗਾਣਾ ਅਸਲ ‘ਚ ਪੰਜਾਬ ਦਾ ਐੰਥਮ ਆ ।

ਆਹ ਮੀਡੀਆ ਮੂਸੇਵਾਲਾ ਦੇ ਕਤਲ਼ ਨੂੰ ਜਸਟੀਫਾਈ ਕਰ ਰਿਹਾ ਹੈ। ਜਦੋੰ ਦਾ ਰਾਘਵ ਚੱਢੇ ਨੇ ਟਵੀਟ ਕੀਤਾ ਕਿ ਇਹ ਗੈੱਗਵਾਰ ਹੈ ਉਦੋਂ ਦਾ ਮੀਡੀਆ ਸਰਕਾਰ ਨੂੰ ਬਚਾਉਣ ਤੇ ਲੱਗਾ। ਮੂਸੇਵਾਲਾ ਭਲਾ ਕੋਈ ਗੈੱਗਸ਼ਟਰ ਸੀ ? ਉਹ ਗਾਉਣਵਾਲਾ ਸੀ ਤੇ ਉਸ ਦੀ ਸਿਕਊਰਟੀ ਹਟਾ ਕੇ ਉਸ ਦਾ ਸਿਆਸੀ ਕਤਲ਼ ਕੀਤਾ ਗਿਆ। ਜੇਕਰ ਕੋਈ ਗੈੱਗਸ਼ਟਰ ਕਿਸੇ ਨੂੰ ਮਾਰ ਦੇਣ ਕਿ ਉਹ ਗੈੱਗਵਾਰ ਬਣ ਜਾਂਦੀ ਹੈ? ਕੀ ਪਤਾ ਗੈੱਗਸ਼ਟਰਾਂ ਤੇ ਸਰਕਾਰ ਨੇ ਰਲ ਕੇ ਕੰਮ ਕੀਤਾ ਹੋਵੇ। ਜਿਹੜੀ AK-47 ਵਰਤੀ ਗਈ ਕੀ ਉਹ ਸਰਕਾਰੀ ਸੀ ? ਕਿਉਂਕਿ ਇਹ ਹਥਿਆਰ ਤਾਂ ਹੈ ਹੀ ਸਰਕਾਰ ਕੋਲ। ਪਰ ਹੁਣ ਇਹ ਉਸ ਤੋਂ ਵੀ ਮੁੱਕਰ ਰਹੇ ਇਸ ਸਮੇਂ ਸਰਕਾਰ ਨੂੰ ਦਰਜਣਾਂ ਸਵਾਲ ਬਣਦੇ ਹਨ ਪਰ ਇਹ ਵਿਕਾਊ ਮੀਡੀਓ ਇਸ ਕਤਲ਼ ਨੂੰ ਜਸਟੀਫ਼ਾਈ ਕਰ ਰਿਹਾ ਕਿ ਜੇ ਕੋਈ ਵਾਹ ਨਹੀਂ ਚੱਲਦੀ ਤਾਂ ਪੀੜਤ ਦਾ ਨਾਮ ਖਾਲਿਸਤਾਨ ਨਾ ਜੋੜ ਦਵੋ ਫੇਰ ਇਹਨਾਂ ਨੂੰ ਉਸ ਬੰਦੇ ਨੂੰ ਖ਼ਤਮ ਕਰਨ ਦਾ ਕਾਨੂੰਨੀ ਅਧਿਕਾਰ ਮਿਲ ਜਾਂਦਾ। ਪੰਜਾਬ ਦਾ ਮਾਹੌਲ ਤੇਜੀ ਨਾਲ ਖ਼ਰਾਬ ਹੋ ਰਿਹਾ ਜਿਸ’ਚ ਮੀਡੀਆ ਤਾਂ ਵੱਡਾ ਰੋਲ ਹੈ।


– ਸਤਵੰਤ ਸਿੰਘ

ਜੇ ਤੁਹਾਡੀ ਤੁਲਨਾ ਕਰਨ ਦਾ ਅਧਾਰ ਇਹੋ ਬਚਿਆ ਹੈ ਕਿ ਗੀਤਾਂ ਵਿੱਚ ਹਥਿਆਰਾਂ ਤੇ ਬਦਮਾਸ਼ੀ ਦੀ ਗੱਲ ਕਰਦਿਆਂ ਹੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਢ ਬੱਝਿਆ ਹੈ ਤਾਂ ਚੱਪਣੀ ਲੈ ਤੁਹਾਡੀ ਬੌਧਿਕ ਕੰਗਾਲੀ ਅਤੇ ਬੇਈਮਾਨੀ ਨੂੰ ਵੀ ਗੋਤਾ ਲਾਉਣਾ ਚਾਹੀਦਾ ਹੈ ਕਿ ਤੁਹਾਡੀਆਂ ਕਲਮਾਂ ‘ਚ ਛਣਕਣਾ ਕੁਝ ਨਹੀਂ ਬਚਿਆ ਕਿ ਤੁਸੀਂ ਨੌਜਵਾਨਾਂ ਨੂੰ ਕੀਲ ਸਕੋ। ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਤਾਂ ਇਸ ਦੇ ਤੁਸੀਂ ਵੀ ਜ਼ਿੰਮੇਵਾਰ ਹੋ ਕਿ ਤੁਹਾਡੇ ਲਿਖੇ ‘ਚ ਕਣ ਨਹੀਂ ਕਿ ਕੋਈ ਤੁਹਾਡੇ ਮਗਰ ਤੁਰ ਪਵੇ।ਤੁਸੀਂ ਆਪਣੀ ਕਾਇਰਤਾ ਨੂੰ ਹਥਿਆਰਾਂ ਦੇ ਤਿਆਗ ਦਾ ਅਧਾਰ ਬਣਾ ਰਹੇ ਹੋ ਜਦੋਂ ਕਿ ਹਥਿਆਰਾਂ ਨਾਲ ਮੋਹ ਦਾ ਅਖੀਰ ਜੁਲਮ ਢਾਹੁਣਾ ਨਹੀਂ ਹੁੰਦਾ।ਜਿਹੜੇ ਨੌਜਵਾਨ ਕੁਰਾਹੇ ਵੀ ਪਏ ਉਹ ਨਿਰੇ ਗੀਤਾਂ ਦੇ ਪੱਟੇ ਨਹੀਂ ਪਏ।ਉਸ ਵਿੱਚ ਸਿਆਸੀ ਗੁੰਡਾ ਗਠਜੋੜ ਵੀ ਹੈ। ਜ਼ਮੀਨਾਂ ਤੇ ਤੁਰਦੀ ਬਦਮਾਸ਼ੀ ਪੁਲਸੀਆ ਵੀ ਹੈ ਤੇ ਗੈਂਗਸਟਰੀ ਵੀ ਹੈ। ਡਿਜੀਟਲ ਬਦਮਾਸ਼ੀ ਆਈ ਟੀ ਵਿੰਗਾ ਦੀ ਖੜ੍ਹੀ ਕੀਤੀ ਹੈ ਅਤੇ ਇਹ ਹਰ ਪਾਰਟੀ ਦਾ ਵਿੰਗ ਹੈ। ਯੂਨੀਵਰਸਿਟੀ ਕਾਲਜਾਂ ‘ਚ ਸਿਆਸੀ ਅਭਿਆਸ ਦਾ ਮਹੁੱਈਆ ਕਰਵਾਇਆ ਮਾਹੌਲ ਵੀ ਨਹੀਂ ਹੈ ਕਿ ਕੋਈ ਸਿਆਸੀ ਆਗੂ ਜ਼ਮੀਨ ਤੋਂ ਤਰਾਸ਼ਿਆ ਜਾ ਸਕੇ। ਜਿਹੜੇ ਤਰਾਸ਼ੇ ਗਏ ਉਹਨਾਂ ਸਾਰੀਆਂ ਡੋਰਾਂ ਦਿੱਲੀ ਫੜ੍ਹਾ ਛੱਡੀਆਂ ਹਨ।ਸਮਾਜ ਦੀਆਂ ਏਨੀਆਂ ਗੁੰਝਲਦਾਰ ਘੁੰਢੀਆਂ ਹਨ ਕਿ ਤੁਸੀਂ ਫਟ ਟਿੱਪਣੀਆਂ ਕਰਨ ਨੂੰ ਤਿਆਰ ਬਰ ਤਿਆਰ ਹੋ ਜਾਂਦੇ ਹੋ।ਇੱਕ ਹੀ ਪਲ ਤੁਹਾਨੂੰ ਗੈਂਗਸਟਰ ਅਤੇ ਭਗਤ ਸਿੰਘ ਦੇ ਹੱਥ ‘ਚ ਹਥਿਆਰ ਨੂੰ ਪ੍ਰਭਾਸ਼ਿਤ ਕਰਨਾ ਨਹੀਂ ਆਉਂਦਾ ਅਤੇ ਤੁਹਾਡੀਆਂ ਗੱਲਾਂ ਆਪਸ ਵਿੱਚ ਇੱਕ ਦੂਜੇ ਨੂੰ ਕੱਟ ਜਾਂਦੀਆਂ ਹਨ।ਇੱਕ ਚਲਤਾਊ ਜਿਹਾ ਮਾਹੌਲ ਬਣ ਗਿਆ ਹੈ ਕਿ ਤੈਅ ਕਰ ਦਿਓ ਕਿ ਬਾਬਾ ਇੱਕ ਊਚ ਹੈ ਦੂਜੀ ਨੀਚ ਹੈ,ਇੱਕ ਕਾਲਾ ਹੈ ਤਾਂ ਦੂਜੇ ਪਾਸੇ ਚਿੱਟਾ ਹੈ।ਤੁਸੀਂ ਮੰਨ ਕਿਉਂ ਨਹੀਂ ਲੈਂਦੇ ਕਿ ਆਪਣੀ ਵਿਦਵਾਨੀ ਘੋਟਦਿਆਂ ਤੁਹਾਨੂੰ ਸਮਾਜ ਦੀ ਸਹਿਜ ਰਵਾਨਗੀ ਫੜ੍ਹਣੀ ਨਹੀਂ ਆਉਂਦੀ।ਇਹ ਕਿਵੇਂ ਤੈਅ ਕਰ ਦਿਓਗੇ ਕਿ ਚਮਚੇ ਨਾਲ ਖਾਣ ਵਾਲੇ ਤੋਂ ਹੱਥਾਂ ਨਾਲ ਖਾਣ ਵਾਲਾ ਗਵਾਰ ਹੁੰਦਾ ਹੈ ? ਇਹ ਪੈਮਾਨਾ ਤੁਸੀਂ ਤੈਅ ਕਰ ਦਿੱਤਾ ਹੈ।ਬੇਸ਼ੱਕ ਸਿੱਧੂ ਮੂਸੇਵਾਲਾ ਮਾਈ ਭਾਗੋ ਨਾਲ ਤੁਲਨਾ ਕਰਦਾ ਆਪਣੇ ਗੀਤ ‘ਚ ਟਪਲਾ ਖਾਂਦਾ ਹੈ।ਉਹ ਗੁਰਬਖਸ਼ ਗਵਾਚਾ ਹੈ ਸਰਕਾਰੀ ਬੁਲਾਰਾ ਬਣ ਗਾ ਦਿੰਦਾ ਹੈ।ਪਰ ਬੰਦੇ ਦਾ ਸਫ਼ਰ ਤਾਂ ਅੰਦਰ ਦੀ ਰੌਸ਼ਨੀ ਮਹਿਸੂਸ ਕਰਨ ਦਾ ਸੀ। ਉਹਨੇ ਨਸ਼ੇ ਦਾ ਪ੍ਰਚਾਰ ਨਹੀਂ ਕੀਤਾ। ਗੱਲਾਂ ਬਾਰੇ ਡਿਪਲੋਮੈਟਿਕ ਨਹੀਂ ਸੀ, ਸਪੱਸ਼ਟ ਸੀ। ਕੁੜੀਆਂ ਦੀ ਨੁੰਮਾਇਸ਼ ਨਹੀਂ ਦਿਖਾਈ। ਹਥਿਆਰਾਂ ਬਾਰੇ ਉਹਦੀ ਸਮਝ ਪੰਜਾਬ ਦੀ ਮਿੱਟੀ ਵਿਚੋਂ ਆਉਂਦੀ ਸੀ। ਉਹ ਆਪਣੇ ਗੀਤਾਂ ਵਿਚ ਅਜਿਹੇ ਨੌਜਵਾਨ ਨੂੰ ਪੇਸ਼ ਕਰਦਾ ਰਿਹਾ ਜੋ ਗਲਤ ਗੱਲ ਦੇ ਖਿਲਾਫ ਖੜ੍ਹਦਾ ਸੀ। ਉਹਦੇ ਆਖ਼ਰੀ ਗੀਤ ਹੋਰ ਨਿਖਰਕੇ ਆਉਂਦੇ ਹਨ।
ਉਹ ਐੱਸ.ਵਾਈ.ਐੱਲ ਨਾਲ ਆਪਣੇ ਸਿਖਰਲੇ ਐਨਥਮ ਨਾਲ ਉੱਤਰਿਆ ਹੈ।ਏਨੀ ਸਪੱਸ਼ਟਤਾ ਕਿਸੇ ਵੱਡੇ ਬੁੱਧੀਜੀਵੀ ਨੂੰ ਨਹੀਂ ਹੈ।ਇਹਦੇ ਲਈ ਦੀਨ ਦੁਨੀਆਂ ਦੇ ਗਿਆਨ ਦੀ ਲੋੜ ਨਹੀਂ ਹੁੰਦੀ।ਕੁਦਰਤ ਦਾ ਸਿਧਾਂਤ ਹੈ ਕਿ ਜੀਓ ਅਤੇ ਜੀਣ ਦਿਓ।ਇੱਕ ਦੂਜੇ ਦੇ ਸਾਹਵਾਂ ਦਾ ਸਤਿਕਾਰ ਕਰੋ। ਪ੍ਰੋ ਪੂਰਨ ਸਿੰਘ ਦੀ ਕਵਿਤਾ ਜਵਾਨ ਪੰਜਾਬ ਦੇ ਪੰਜਾਬ ਦਾ ਨਿਚੋੜ ਹੈ।ਪੰਜਾਬ ਦੇ ਜਵਾਨ ਪਿਆਰ ਨਾਲ ਗੁਲਾਮੀ ਕਰ ਲੈਣਗੇ ਪਰ ਕਿਸੇ ਦੀ ਟੈਂ ਨਹੀਂ ਮੰਨਦੇ।ਮੌਤ ਨੂੰ ਮਖੌਲਾਂ ਕਰਨ ਦੀ ਗੁੜ੍ਹਤੀ ਪਹਿਲਾ ਮਰਨੁ ਕਬੂਲ ਕਰਕੇ ਜ਼ਿੰਦਗੀ ਦੀ ਆਸ ਛੱਡਣ ਵਿੱਚ ਹੈ।ਜੇ ਤੁਸੀਂ ਮੰਨ ਰਹੇ ਹੋ ਕਿ ਪੰਜਾਬ ਦੀ ਮਿੱਟੀ ਨਾਲ ਧੱਕਾ ਨਹੀਂ ਹੋਇਆ ਅਤੇ ਤੁਸੀਂ ਆਪਣੀ ਕਾਇਰਤਾ ਨੂੰ ਅਹਿੰਸਾ ਕਹਿ ਰਹੇ ਹੋ ਅਤੇ ਸ਼ਸ਼ਤਰ ਦੀ ਜ਼ੁਬਾਨ ਨੂੰ ਹਿੰਸਾ ਮੰਨਦੇ ਹੋ ਤਾਂ ਤੁਹਾਡਾ ਬੌਧਿਕ ਘਾਣ ਹੋ ਚੁੱਕਾ ਹੈ।
~ ਹਰਪ੍ਰੀਤ ਸਿੰਘ ਕਾਹਲੋਂ


ਇਹ ਅਕਸਰ ਕਿਹਾ ਜਾਂਦਾ ਕਿ ਪੰਜਾਬ ਦੇ ਲੋਕ ਪੰਜਾਬ ਨੂੰ ਛੱਡਕੇ ਭੱਜ ਰਹੇ ਆ ਤੇ ਐਥੇ ਕੋਈ ਰਹਿਨਾ ਨਹੀਂ ਚਾਹੁੰਦਾ ਪਰ ਹਕੀਕਤ ਕੁਝ ਹੋਰ ਹੈ। ਇਹ ਸੱਚ ਹੈ ਕਿ ਹਰੇਕ ਨੌਜਵਾਨ ਵਿਦੇਸ਼ ਚੀ ਚਕਾਚੌਂਧ ਦੇਖ ਕੇ ਉਥੇ ਜਾਣਾ ਚਾਹੁੰਦਾ ਜਾਂ ਰੁਜਗਾਰ ਨਾ ਹੋਣ ਕਰਕੇ ਐਥੋਂ ਨਿੱਕਲਣਾ ਚਾਹੁੰਦਾ ਜਾਂ ਲੋਕ ਦੇਖੋ ਦੇਖੀ ਬਾਹਰ ਜਾ ਵੀ ਰਹੇ ਨੇ ਪਰ ਜਦੋਂ ਪਦਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਪੰਜਾਬ ਦਾ ਜੰਮਿਆ ਹਰ ਬਸ਼ਿੰਦਾ ਪੰਜਾਬ ਮੁੜਣ ਦਾ ਚਾਹਵਾਨ ਹੁੰਦਾ। ਪਰ ਬਹੁਤੇ ਪੱਕੇ ਤੌਰ ਤੇ ਪੰਜਾਬ ਵਾਪਸ ਇਸ ਕਰਕੇ ਨਹੀਂ ਜਾਂਦੇ ਕਿ ਉਥੇ ਜਾਕੇ ਕਰਣਗੇ ਕੀ? ਰੋਜਗਾਰ ਤਾਂ ਵਿਦੇਸ਼ ਚ ਹੀ ਹੈ। ਪਰ ਦੀਪ ਸਿੱਧੂ, ਸੰਦੀਪ, ਤੇ ਸਿੱਧੂ ਮੂਸੇਵਾਲਾ ਇਸ ਪਦਾਰਥ ਦੀ ਦੌੜ ਵਿੱਚੋਂ ਬਾਹਰ ਹੋ ਚੁੱਕੇ ਸੀ। ਉਹਨਾਂ ਨੇ ਐਨਾ ਕੁ ਪੈਸਾ ਬਣਾ ਲਿਆ ਸੀ ਕਿ ਸਾਰੀ ਉਮਰ ਵਿਹਲੇ ਬਹਿਕੇ ਖਾਈ ਜਾਣ।ਸੁਭਾਵਿਕ ਤਾਂ ਇਹ ਹੋਣਾ ਚਾਹੀਦਾ ਕਿ ਇਨਸਾਨ ਐਨੇ ਪਦਾਰਥ ਦੀ ਪ੍ਰਾਪਤੀ ਤੋਂ ਬਾਅਦ ਇਸ ਚਕਾਚੌਂਧ ਚ ਹੋਰ ਫੱਸ ਜਾਵੇ ਤੇ ਪੰਜਾਬ ਬਾਰੇ ਭੁੱਲ ਹੀ ਜਾਵੇ। ਜਾਂ ਜਿਵੇਂ ਕਿਹਾ ਜਾਂਦਾ ਕਿ ਪੰਜਾਬ ਚ ਕੋਈ ਰਹਿਣਾ ਨਹੀਂ ਚਾਹੁੰਦਾ ਤਾਂ ਇਹ ਬਿਲਕੁਲ ਵੀ ਵਾਪਸ ਪੰਜਾਬ ਨਾ ਜਾਂਦੇ।
ਪਰ ਹੋਇਆ ਇਸਤੋਂ ਉਲਟ। ਇਸਦਾ ਕਾਰਨ ਇਹ ਹੈ ਕਿ ਪੰਜਾਬ ਸਾਡੇ ਅਵਚੇਤਨ ਮਨ ‘ਚ ਵਸਿਆ ਹੋਇਆ ਹੈ। ਪੰਜਾਬ ਸਿਰਫ ਕੋਈ ਜਗਾਹ ਦਾ ਨਾਮ ਨਹੀਂ ਹੈ। ਜੇ ਪੰਜਾਬ ਮਹਿਜ ਜਗਾਹ ਹੋਵੇ ਤਾਂ ਪੰਜਾਬ ਛੱਡਕੇ ਕਿਸੇ ਹੋਰ ਜਗਾਹ ਵੱਸ ਕੇ ਪੰਜਾਬ ਨੂੰ ਭੁੱਲ ਜਾਣਾ ਬਹੁਤ ਅਸਾਨ ਹੋਣਾ ਚਾਹੀਦਾ। ਜਿਵੇਂ ਕਿ ਬਾਕੀ ਦੁਨਿਆ ਤੋਂ ਲੋਕ ਕਨੇਡਾ ਆਉਂਦੇ ਨੇ ਤਾਂ ਉਹਨਾਂ ਨੂੰ ਆਪਣੀ ਪਿਛਲੀ ਧਰਤੀ ਨਾਲ ਕੋਈ ਜਿਆਦਾ ਜਜ਼ਬਾਤੀ ਲਗਾਅ ਨਹੀਂ ਹੁੰਦਾ। ਪਰ ਪੰਜਾਬ ਅਲੱਗ ਹੈ। ਤੁਸੀਂ ਪੰਜਾਬ ਤੋਂ ਬਾਹਰ ਵੱਸਦੇ ਪੰਜਾਬ ਦੇ ਕਿਸੇ ਵੀ ਬਸ਼ਿੰਦੇ ਕੋਲੋਂ ਪੁੱਛ ਲਿਉ ਕਿ ਪੰਜਾਬ ਵਾਪਸ ਜਾਣ ਦਾ ਮਨ ਹੈ ਤਾਂ 90% ਦਾ ਜਵਾਬ ਹਾਂ ਵਿੱਚ ਹੋਊਗਾ। ਨਹੀਂ ਵਾਲਿਆਂ ਦਾ DNA ਬਦਲਿਆ ਗਿਆ ਹੋਣਾ IVF ਨਾਲ। ਖੈਰ! ਸਾਰ ਇਹੀ ਹੈ ਕਿ ਪੰਜਾਬ ਤੋਂ ਬਿਨਾਂ ਦੁਨਿਆ ਤੇ ਹੋਰ ਕਿਤੇ ਵੀ ਮਾਨਸਿਕ ਸਕੂਨ ਤੇ ਸੰਤੁਸ਼ਟੀ ਨਹੀਂ ਹੈ।
ਪਤੰਗੇ ਹਮੇਸ਼ਾ ਸ਼ਮਾ ਦੇ ਕੋਲ ਆਉਂਦੇ ਰਹਿਣਗੇ
ਅੰਮ੍ਰਿਤਪਾਲ ਸਿੰਘ ਘੋਲੀਆ