ਨਵੀਂ ਦਿੱਲੀ, 3 ਜੂਨ, 2022:ਤਿਹਾੜ ਜੇਲ੍ਹ ਵਿੱਚ ਬੰਦ ਚੱਲ ਰਹੇ ਅਤੇ ਇਸ ਵੇਲੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਰਿਮਾਂਡ ’ਤੇ ਲੈ ਕੇ ਪੁੱਛ ਗਿੱਛ ਦਾ ਸਾਹਮਣਾ ਕਰ ਰਹੇ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੰਨਿਆ ਹੈ ਕਿ ਪੰਜਾਬੀ ਗਾਇਕ ਅਤੇ ਰੈਪਰ ਅਤੇ ਕਾਂਗਰਸ ਦੇ ਨੇਤਾ ਸਿੱਧੂ ਮੂਸੇਵਾਲਾ ਦੀ ਹੱਤਿਆ ਉਸਦੇ ਗੈਂਗ ਨੇ ਹੀ ਕੀਤੀ ਹੈ।

ਖ਼ਬਰ ਏਜੰਸੀ ਆਈ.ਏ.ਐਨ.ਐਸ. ਨੇ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਉਸਦੇ ਗੈਂਗ ਨੇ ਹੀ ਇਸ ਹਮਲੇ ਨੂੰ ਅੰਜਾਮ ਦਿੱਤਾ ਸੀ ਹਾਲਾਂਕਿ ਉਸਨੇ ਇਹ ਵੀ ਕਿਹਾ ਹੈ ਕਿ ਜੇਲ੍ਹ ਵਿੱਚ ਬੰਦ ਹੋਣ ਕਰਕੇ ਉਹ ਸਿੱਧੇ ਤੌਰ ’ਤੇ ਇਸ ਕਤਲਕਾਂਡ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਸ਼ਾਮਲ ਨਹੀਂ ਸੀ।

ਦਿੱਲੀ ਪੁਲਿਸ ਦਾ ਸਪੈਸ਼ਲ ਸੈਲ ਜਿਸਨੇ ਲਾਰੈਂਸ ਬਿਸ਼ਨੋਈ ਦਾ 5 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੋਇਆ ਹੈ ਅਤੇ ਉਸਤੋਂ ਸਿੱਧੂ ਮੂਸੇਵਾਲਾ ਕਤਲਕਾਂਡ ਸੰਬੰਧੀ ਪੁੱਛ ਗਿੱਛਕਰ ਰਹੀ ਹੈ, ਦੇ ਸੂਤਰਾਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਲਾਰੈਂਸ ਬਿਸ਼ਨੋਈ ਪੁਲਿਸ ਨਾਲ ਸਹਿਯੋਗ ਨਹੀਂ ਕਰ ਰਿਹਾ।

ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਆਪਣੇ ਗੈਂਗ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਮੰਨਦਾ ਹੈ ਪਰ ਇਸ ਵਾਰਦਾਤ ਬਾਰੇ ਹੋਰ ਵੇਰਵੇ ਸਾਂਝੇ ਕਰਨ ਨੂੰ ਤਿਆਰ ਨਹੀਂ ਹੈ।

ਯਾਦ ਰਹੇ ਕਿ ਬੀਤੇ ਕਲ੍ਹਹੀ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਕਲ੍ਹ ਇਕ ਟੀ.ਵੀ. ਚੈਨਲ ਨੂੰ ਫ਼ੋਨ ਕਰਕੇ ਇਹ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਹੀ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ ਅਤੇ ਉਸਨੇ ਖ਼ੁਦ ਆਪਣੇ ਹੱਥੀਂ ਮੂਸੇਵਾਲਾ ਦੀ ਹੱਤਿਆ ਕੀਤੀ ਸੀ। ਉਸਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇਹ ਕਤਲ ਕੋਈ ਫ਼ਿਰੌਤੀ ਲਈ ਜਾਂ ਪਬਲਿਸਿਟੀ ਲਈ ਨਹੀਂ ਕੀਤਾ ਸੀ ਸਗੋਂ ਇਹ ਕਤਲ ਯੂਥ ਅਕਾਲੀ ਆਗੂ ਵਿੱਕੀ ਮਿੱਡੂਖ਼ੇੜਾ ਦੇ ਪਿਛਲੇ ਸਾਲ ਅਗਸਤ ਵਿੱਚ ਕੀਤੇ ਗਏ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਵਿੱਕੀ ਮਿੱਡੂਖ਼ੇੜਾ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਦੱਸਿਆ ਜਾਂਦਾ ਸੀ।

ਯਾਦ ਰਹੇ ਕਿ 28 ਸਾਲਾ ਸਿੱਧੂ ਮੂਸੇਵਾਲਾ ਦਾ ਐਤਵਾਰ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਉਸ ਵੇਲੇ ਅਤਿ ਆਧੁਨਿਕ ਹਥਿਆਰਾਂ ਨਾਲ ਤਾਬੜਤੋੜ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ ਜਦ ਉਹ ਆਪਣੀ ਥਾਰ ਗੱਡੀ ਵਿੱਚ ਆਪਣੇ ਦੋ ਦੋਸਤਾਂ ਨਾਲ ਆਪਣੀ ਮਾਸੀ ਦਾ ਪਤਾ ਲੈਣ ਲਈ ਆਪਣੇ ਪਿੰਡ ਮੂਸਾ ਸਥਿਤ ਘਰੋਂ ਨਿਕਲਿਆ ਸੀ।

ਗੋਲੀਬਾਜਰੀ ਤੋਂ ਬਾਅਦ ਮੂਸੇਵਾਲਾ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ। ਖ਼ਬਰ ਹੈ ਕਿ ਇਸ ਘਟਨਾ ਨੂੰ ਅੰਜਾਮ ਦਿੰਦਿਆਂ ਹਮਲਾਵਰਾਂ ਨੇ 30 ਤੋਂ 40 ਗੋਲੀਆਂ ਚਲਾਈਆਂਸਨ ਅਤੇ ਮੂਸੇਵਾਲਾ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਜ਼ਿਕਰ ਆਇਆ ਹੈ ਕਿ ਉਸਦੇ ਸਰੀਰ ’ਤੇ ਗੋਲੀਆਂ ਅਤੇ ਛਰਿਆਂ ਦੇ 19 ਜ਼ਖ਼ਮ ਪਾਏ ਗਏ ਸਨ।

ਇਹ ਵੀ ਵਰਨਣਯੋਗ ਹੈ ਕਿ ਲਾਰੈਂਸ ਬਿਸ਼ਨੋਈ ਜਿਸ ਉੱਤੇ 5 ਦਰਜਨ ਦੇ ਕਰੀਬ ਅਪਰਾਧਕ ਮਾਮਲੇ ਦਰਜ ਹਨ ਇਸ ਵੇਲੇ ਮਕੋਕਾ ਨਾਲ ਸੰਬੰਧਤ ਇਕ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ। ਲਾਰੈਂਸ ਬਿਸ਼ਨੋਈ ’ਤੇ ਪੰਜਾਬ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿੱਚ ਮਾਮਲੇ ਦਰਜ ਹਨ।

ਲਾਰੈਂਸ ਬਿਸ਼ਨੋਈ ਕੌਮੀ ਪੱਧਰ ’ਤੇ ਉਸ ਵੇਲੇ ਚਰਚਾ ਵਿੱਚ ਆਇਆ ਸੀ ਜਦ ਉਸਨੇ ਬਾਲੀਵੁੱਡ ਸਿਤਾਰੇ ਸਲਮਾਨ ਖ਼ਾਨ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ ਸੀ।