ਵਾਤਾਵਰਨ ਤਬਦੀਲੀ : ਗਊਆਂ ਤੋਂ ਨਿਕਲਣ ਵਾਲੀ ਜਿਸ ਗੈਸ ਨੂੰ ਰੋਕਣ ਲਈ ਨਿਊਜ਼ੀਲੈਂਡ ਟੈਕਸ ਲਗਾ ਰਿਹਾ ਉਹ ਕੀ ਹੈ ਤੇ ਕੀ ਅਸਰ ਪਾਉਂਦੀ ਹੈ.ਨਿਊਜ਼ੀਲੈਂਡ ਨੇ ਦੇਸ਼ ਦੇ ਗਰੀਨ ਹਾਊਸ ਗੈਸਾਂ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਨਾਲ ਨਜਿੱਠਣ ਲਈ ਭੇਡਾਂ ਅਤੇ ਪਸ਼ੂਆਂ ਤੋਂ ਨਿਕਲਣ ਵਾਲੀ ਮੀਥੇਨ ਗੈਸ ‘ਤੇ ਟੈਕਸ ਲਗਾਉਣ ਦੀ ਯੋਜਨਾ ਦੀ ਤਜਵੀਜ਼ ਕੀਤੀ ਹੈ।ਇਸ ਤਰ੍ਹਾਂ ਇਹ ਪਹਿਲਾ ਅਜਿਹਾ ਦੇਸ਼ ਬਣ ਜਾਵੇਗਾ ਜੋ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਰੱਖੇ ਜਾਨਵਰਾਂ ਤੋਂ ਨਿਕਲਣ ਵਾਲੀ ਮੀਥੇਨ ਨਿਕਾਸੀ ਲਈ ਚਾਰਜ ਕਰੇਗਾ। New Zealand unveils plans to tax sheep and cow burps .. The New Zealand government announced a draft plan where farmers will have to pay fines for their animals’ emissions starting in 2025.

ਨਿਊਜ਼ੀਲੈਂਡ ਵਿੱਚ ਲਗਭਗ ਇੱਕ ਕਰੋੜ ਪਸ਼ੂਆਂ ਅਤੇ 2.6 ਕਰੋੜ ਭੇਡਾਂ ਦੇ ਨਾਲ ਸਿਰਫ਼ 50 ਲੱਖ ਲੋਕਾਂ ਦੀ ਆਬਾਦੀ ਹੋਵੇਗੀ।ਦੇਸ਼ ਦੇ ਕੁੱਲ ਗਰੀਨ ਹਾਊਸ ਗੈਸਾਂ ਦੇ ਨਿਕਾਸ ਦਾ ਲਗਭਗ ਅੱਧਾ ਹਿੱਸਾ ਖੇਤੀਬਾੜੀ ਤੋਂ ਆਉਂਦਾ ਹੈ, ਇਸ ਵਿੱਚ ਮੁੱਖ ਤੌਰ ‘ਤੇ ਮੀਥੇਨ ਸ਼ਾਮਲ ਹੈ।

ਹਾਲਾਂਕਿ, ਖੇਤੀਬਾੜੀ ਦੇ ਨਿਕਾਸ ਨੂੰ ਪਹਿਲਾਂ ਨਿਊਜ਼ੀਲੈਂਡ ਦੀ ਨਿਕਾਸ ਵਪਾਰ ਯੋਜਨਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ, ਜਿਸ ਦੀ ਉਨ੍ਹਾਂ ਲੋਕਾਂ ਵੱਲੋਂ ਆਲੋਚਨਾ ਕੀਤੀ ਗਈ ਸੀ ਜੋ ਸਰਕਾਰ ਨੂੰ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਵਧੇਰੇ ਕੁਝ ਕਰਨ ਦੀ ਮੰਗ ਕਰਦੇ ਸਨ।

ਨਿਊਜ਼ੀਲੈਂਡ ਦੇ ਵਾਤਾਵਰਨ ਤਬਦੀਲੀ ਸਬੰਧੀ ਮੰਤਰੀ ਜੇਮਜ਼ ਸ਼ਾਅ ਨੇ ਕਿਹਾ, “ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਮੀਥੇਨ ਦੀ ਮਾਤਰਾ ਨੂੰ ਘੱਟ ਕਰਨ ਦੀ ਲੋੜ ਹੈ, ਜੋ ਅਸੀਂ ਵਾਯੂਮੰਡਲ ਵਿੱਚ ਸੁੱਟ ਰਹੇ ਹਾਂ ਅਤੇ ਅਜਿਹੇ ਵਿੱਚ ਇਸ ਨੂੰ ਪੂਰਾ ਕਰਨ ਲਈ ਖੇਤੀਬਾੜੀ ਲਈ ਇੱਕ ਪ੍ਰਭਾਵੀ ਨਿਕਾਸੀ ਕੀਮਤ ਪ੍ਰਣਾਲੀ ਮੁੱਖ ਭੂਮਿਕਾ ਨਿਭਾਏਗੀ।” ਤਜਵੀਜ਼ ਦੇ ਤਹਿਤ ਕਿਸਾਨਾਂ ਨੂੰ 2025 ਤੋਂ ਆਪਣੇ ਗੈਸ ਨਿਕਾਸੀ ਦਾ ਭੁਗਤਾਨ ਕਰਨਾ ਹੋਵੇਗਾ। ਯੋਜਨਾ ਵਿੱਚ ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਗੱਲ ਵੀ ਸ਼ਾਮਲ ਹੈ ਜੋ ਫੀਡ ਐਡਿਟਿਵਜ਼ (ਇੱਕ ਖ਼ਾਸ ਪਦਾਰਥ ਜੋ ਕਿਸੇ ਖ਼ਾਸ ਉਦੇਸ਼ ਲਈ ਘੱਟ ਮਾਤਰਾ ਵਿੱਚ ਕਿਸੇ ਹੋਰ ਪਦਾਰਥ ਵਿੱਚ ਮਿਲਾਇਆ ਜਾਂਦਾ ਹੈ) ਰਾਹੀਂ ਨਿਕਾਸੀ ਨੂੰ ਘਟਾਉਂਦੇ ਹਨ।ਜਦਕਿ ਨਿਕਾਸੀ ਦੀ ਭਰਪਾਈ ਨੂੰ ਪੂਰਾ ਕਰਨ ਲਈ ਖੇਤਾਂ ਵਿੱਚ ਰੁੱਖ ਵੀ ਲਗਾਏ ਜਾ ਸਕਦੇ ਹਨ।ਦੇਸ਼ ਦੇ ਵਾਤਾਵਰਣ ਮੰਤਰਾਲੇ ਨੇ ਕਿਹਾ ਕਿ ਇਸ ਯੋਜਨਾ ਤੋਂ ਇਕੱਠੀ ਹੋਈ ਰਕਮ ਨੂੰ ਕਿਸਾਨਾਂ ਲਈ ਖੋਜ, ਵਿਕਾਸ ਅਤੇ ਸਲਾਹਕਾਰੀ ਸੇਵਾਵਾਂ ਵਿੱਚ ਨਿਵੇਸ਼ ਕੀਤਾ ਜਾਵੇਗਾ।

ਪਿਛਲੇ ਮਹੀਨੇ, ਨਿਊਜ਼ੀਲੈਂਡ ਦੇ ਵਿੱਤ ਮੰਤਰੀ ਨੇ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਪਹਿਲਕਦਮੀਆਂ ਵਜੋਂ 2.9 ਬਿਲੀਅਨ ਨਿਊਜ਼ੀਲੈਂਡ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਇਸ ਨੂੰ ਇੱਕ ਨਿਕਾਸੀ ਵਪਾਰ ਪ੍ਰਣਾਲੀ ਨਾਲ ਫੰਡ ਮਿਲੇਗਾ, ਜੋ ਪ੍ਰਦੂਸ਼ਕਾਂ ‘ਤੇ ਟੈਕਸ ਲਗਾਉਣ ਵਾਲੀ ਹੈ। ਉੱਥੇ ਹੀ ਵੀਰਵਾਰ ਨੂੰ 14 ਟ੍ਰਿਲੀਅਨ ਡਾਲਰ ਦੀ ਜਾਇਦਾਦ ਦਾ ਪ੍ਰਬੰਧਨ ਕਰਨ ਵਾਲੇ ਨਿਵੇਸ਼ਕਾਂ ਨੇ ਸੰਯੁਕਤ ਰਾਸ਼ਟਰ ਨੂੰ ਖੇਤੀਬਾੜੀ ਸੈਕਟਰ ਨੂੰ ਟਿਕਾਊ ਬਣਾਉਣ ਲਈ ਇੱਕ ਵਿਸ਼ਵਵਿਆਪੀ ਯੋਜਨਾ ਬਣਾਉਣ ਦੀ ਅਪੀਲ ਕੀਤੀ ਸੀ।ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਡਾਇਰੈਕਟਰ-ਜਨਰਲ ਨੂੰ ਲਿਖੇ ਪੱਤਰ ਵਿੱਚ, ਐੱਫਏਆਈਆਰਆਰ (FAIRR) ਪਹਿਲਕਦਮੀ ਨੇ ਕਿਹਾ ਕਿ ਏਜੰਸੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਿਕਾਸ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਨੂੰ ਰੋਕਣ ਲਈ ਇੱਕ ਰੋਡ-ਮੈਪ ਬਣਾਉਣ ਲਈ ਅਗਵਾਈ ਕਰਨ ਲਈ ਸਭ ਤੋਂ ਵਧੀਆ ਹੈ।

ਇਹ ਪਹਿਲੀ ਵਾਰ ਰਾਇਟਰਜ਼ ਨਿਊਜ਼ ਏਜੰਸੀ ਵੱਲੋਂ ਰਿਪੋਰਟ ਕੀਤਾ ਗਿਆ ਸੀ। ਕਾਰਬਨ ਡਾਈਆਕਸਾਈਡ (CO2) ਤੋਂ ਬਾਅਦ ਮੀਥੇਨ ਦੂਜੀ ਸਭ ਤੋਂ ਆਮ ਗ੍ਰੀਨ ਹਾਊਸ ਗੈਸ ਹੈ। ਇਹ ਮਨੁੱਖੀ ਗਤੀਵਿਧੀਆਂ ਤੋਂ ਮੌਜੂਦਾ ਤਪਸ਼ (ਗਰਮੀ) ਦੇ ਇੱਕ ਤਿਹਾਈ ਲਈ ਸਭ ਤੋਂ ਸ਼ਕਤੀਸ਼ਾਲੀ ਅਤੇ ਜ਼ਿੰਮੇਵਾਰ ਹੈ। ਇਕੱਲੇ ਕਾਰਬਨ ਡਾਈਆਕਸਾਈਡ ਅਣੂਆਂ ਨਾਲੋਂ ਵਿਅਕਤੀਗਤ ਮੀਥੇਨ ਅਣੂਆਂ ਦਾ ਵਾਯੂਮੰਡਲ ‘ਤੇ ਵਧੇਰੇ ਸ਼ਕਤੀਸ਼ਾਲੀ ਵਾਰਮਿੰਗ ਪ੍ਰਭਾਵ ਹੁੰਦਾ ਹੈ। ਪਿਛਲੇ ਸਾਲ ਗਲਾਸਗੋ ਵਿੱਚ ਹੋਈ ਸੀਓਪੀ26 ਵਾਤਾਵਰਨ ਕਾਨਫਰੰਸ ਵਿੱਚ ਅਮਰੀਕਾ ਅਤੇ ਯੂਰਪੀ ਸੰਘ ਨੇ 2030 ਤੱਕ ਗੈਸ ਦੀ ਨਿਕਾਸੀ ਨੂੰ 30 ਫੀਸਦ ਤੱਕ ਘਟਾਉਣ ਲਈ ਸਹਿਮਤੀ ਦਿੱਤੀ ਸੀ।

ਨਿਊਜ਼ੀਲੈਂਡ ਸਣੇ 100 ਤੋਂ ਵੱਧ ਦੇਸ਼ਾਂ ਨੇ ਵੀ ਪਹਿਲਕਦਮੀ ਲਈ ਹਸਤਾਖ਼ਰ ਕੀਤੇ ਹਨ।ਸੀਐੱਚ4 ਦਾ ਲਗਭਗ 40 ਫੀਸਦ ਕੁਦਰਤੀ ਸਰੋਤਾਂ ਜਿਵੇਂ ਕਿ ਵੈਟਲੈਂਡਜ਼ ਤੋਂ ਆਉਂਦਾ ਹੈ ਪਰ ਹੁਣ ਵੱਡਾ ਹਿੱਸਾ ਮਨੁੱਖੀ ਗਤੀਵਿਧੀਆਂ ਤੋਂ ਆਉਂਦਾ ਹੈ, ਖੇਤੀਬਾੜੀ, ਜਿਵੇਂ ਕਿ ਪਸ਼ੂਆਂ ਅਤੇ ਚੌਲਾਂ ਦੇ ਉਤਪਾਦਨ ਤੋਂ ਲੈ ਕੇ ਕੂੜੇ ਦੇ ਡੰਪ ਕਰਨ ਤੱਕ। ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਕੁਦਰਤੀ ਗੈਸ ਦੇ ਉਤਪਾਦਨ, ਆਵਾਜਾਈ ਅਤੇ ਵਰਤੋਂ ਨਾਲ ਹੈ ਅਤੇ 2008 ਤੋਂ ਮੀਥੇਨ ਦੀ ਨਿਕਾਸੀ ਵਿੱਚ ਇੱਕ ਵੱਡਾ ਵਾਧਾ ਹੋਇਆ ਹੈ।ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਗੈਸ ਲਈ ਫਰੇਕਿੰਗ ਵਿੱਚ ਉਛਾਲ ਨਾਲ ਜੁੜਿਆ ਹੋਇਆ ਹੈ।

ਸਾਲ 2019 ਵਿੱਚ ਵਾਯੂਮੰਡਲ ਵਿੱਚ ਮੀਥੇਨ ਰਿਕਾਰਡ ਪੱਧਰ ‘ਤੇ ਪਹੁੰਚ ਗਈ, ਜੋ ਕਿ ਪੂਰਬ-ਉਦਯੋਗਿਕ ਯੁੱਗ ਦੇ ਮੁਕਾਬਲੇ ਢਾਈ ਗੁਣਾ ਵੱਧ ਸੀ। ਵਿਗਿਆਨੀਆਂ ਦੀ ਚਿੰਤਾ ਇਹ ਹੈ ਕਿ ਜਦੋਂ ਗ੍ਰਹਿ ਨੂੰ ਗਰਮ ਕਰਨ ਦੀ ਗੱਲ ਆਉਂਦੀ ਹੈ ਤਾਂ ਮੀਥੇਨ ਦੀ ਉਹ ਅਸਲ ਸ਼ਕਤੀ ਹੁੰਦੀ ਹੈ। 100 ਸਾਲਾਂ ਦੀ ਮਿਆਦ ਵਿੱਚ ਇਹ ਕਾਰਬਨ ਡਾਈਆਕਸਾਈਡ ਨਾਲੋਂ 28-34 ਗੁਣਾ ਵੱਧ ਗਰਮ ਹੁੰਦਾ ਹੈ। 20 ਸਾਲਾਂ ਦੀ ਮਿਆਦ ਵਿੱਚ ਇਹ ਕਾਰਬਨ ਡਾਈਆਕਸਾਈਡ ਦੇ ਪ੍ਰਤੀ ਪੁੰਜ ਦੇ ਪ੍ਰਤੀ ਯੂਨਿਟ ਨਾਲੋਂ ਲਗਭਗ 84 ਗੁਣਾ ਸ਼ਕਤੀਸ਼ਾਲੀ ਹੈ। ਹਾਲਾਂਕਿ, ਵਾਯੂਮੰਡਲ ਵਿੱਚ ਮੀਥੇਨ ਨਾਲੋਂ ਬਹੁਤ ਜ਼ਿਆਦਾ ਕਾਰਬਨ ਡਾਈਆਕਸਾਈਡ ਹੈ ਅਤੇ ਇਸ ਦੇ ਵਿਅਕਤੀਗਤ ਅਣੂ ਸੈਂਕੜੇ ਸਾਲਾਂ ਤੱਕ ਉੱਥੇ ਰਹਿ ਸਕਦੇ ਹਨ।