ਚੰਡੀਗੜ੍ਹ, 22 ਜੂਨ, 2022:ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਬੀਤੇ ਦਿਨੀਂ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਦੇ ਘਰ ’ਤੇ ਅੱਜ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ।

ਸੰਜੇ ਪੋਪਲੀ ਦੇ ਘਰ ਤੋਂ ਦਸਤਾਵੇਜ਼ ਅਤੇ ਨਕਦੀ ਆਦਿ ਖੰਗਾਲਣ ਲਈ ਉਸਦੇ ਸੈਕਟਰ 11 ਸਥਿਤ ਘਰ ਪੁੱਜੀ ਵਿਜੀਲੈਂਸ ਦੀ ਟੀਮ ਨੂੰ ਤਿੰਨ ਘੰਟੇ ਦੀ ਤਲਾਸ਼ੀ ਦੌਰਾਨ 2 ਹਥਿਆਰ ਅਤੇ 73 ਜ਼ਿੰਦਾ ਕਾਰਤੂਸ ਬਰਾਮਦ ਹੋਏ।

ਇਨ੍ਹਾਂ ਵਿੱਚ ਇਕ 32 ਬੋਰ ਦੀ ਰਿਵਾਲਵਰ ਅਤੇ ਇਕ 22 ਬੋਰ ਦੀ ਪਿਸਟਲ ਸ਼ਾਮਲ ਹੈ। ਅਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਹਥਿਆਰ ਲਾਇਸੰਸੀ ਹਨ ਜਾਂ ਨਹੀਂ ਅਤੇ ਇੰਨੀ ਮਾਤਰਾ ਵਿੱਚ ਕਾਰਤੂਸ ਆਈ.ਏ.ਐਸ. ਅਧਿਕਾਰੀ ਨੇ ਕਿੱਥੋਂ ਅਤੇ ਕਿਵੇਂ ਹਾਸਲ ਕੀਤੇ ਸਨ।

ਵਿਜੀਲੈਂਸ ਨੇ ਇਸ ਮਾਮਲੇ ਵਿੱਚ ਸੈਕਟਰ 11 ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਜਿਸ ਨੇ ਇਹ ਬਰਾਮਦਗੀ ਪਾਉਂਦੇ ਹੋਏ ਸੰਜੇ ਪੋਪਲੀ ਦੇ ਖਿਲਾਫ਼ ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਸੰਜੇ ਪੋਪਲੀ ਇਸ ਵੇਲੇ ਵਿਜੀਲੈਂਸ ਦੀ ਹਿਰਾਸਤ ਵਿੱਚ ਹੈ। ਸੋਮਵਾਰ ਨੂੰ ਉਸਨੂੂੰ ਅਦਾਲਤ ਵਿੱਚ ਪੇਸ਼ ਕਰਕੇ ਵਿਜੀਲੈਂਸ ਨੇ ਉਸਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ।