ਅਮਰੀਕਾ ਦੇ ਟੈਕਸਸ ਦੇ ਸੈਨ ਐਨਟੋਨੀਓ ਦੇ ਬਾਹਰੀ ਇਲਾਕੇ ਵਿੱਚ ਟਰੱਕ ਵਿੱਚ ਘੱਟੋ-ਘੱਟ 46 ਲੋਕਾਂ ਦੀਆਂ ਲਾਸ਼ਾਂ ਮਿਲਣ ਦੀ ਜਾਣਕਾਰੀ ਹੈ। ਇਹ ਲੋਕ ਪਰਵਾਸੀ ਮੰਨੇ ਜਾ ਰਹੇ ਹਨ। ਇੱਕ ਸਥਾਨਕ ਮੀਡੀਆ ਅਦਾਰੇ ਅਨੁਸਾਰ ਕਰੀਬ 16 ਲੋਕਾਂ ਨੂੰ ਪ੍ਰਸ਼ਾਸਨ ਦੇ ਲੋਕ ਵੱਖ-ਵੱਖ ਸਿਹਤ ਕਾਰਨਾਂ ਕਰਕੇ ਹਸਪਤਾਲ ਲੈ ਕੇ ਗਏ ਹਨ।ਇਨ੍ਹਾਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ।
ਸੋਸ਼ਲ ਮੀਡੀਆ ਉੱਪਰ ਜੋ ਤਸਵੀਰਾਂ ਆ ਰਹੀਆਂ ਹਨ,ਉਨ੍ਹਾਂ ਅਨੁਸਾਰ ਐਮਰਜੈਂਸੀ ਵਿਭਾਗ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਇੱਕ ਟਰੱਕ ਦੇ ਆਲੇ-ਦੁਆਲੇ ਖੜ੍ਹੇ ਹਨ। ਚਾਰਲਜ਼ ਹੁੱਡ,ਸੈਨ ਐਨਟੋਨੀਓ ਦੇ ਫਾਇਰ ਵਿਭਾਗ ਦੇ ਮੁਖੀ ਹਨ ਮੁਤਾਬਕ ਟਰੱਕ ਵਿੱਚ ਏਸੀ ਨਹੀਂ ਸੀ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਵਿਵਸਥਾ ਸੀ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਟਰੱਕ ਦੇ ਬਾਹਰ ਇੱਕ ਲਾਸ਼ ਦਿਖਾਈ ਦਿੱਤੀ ਅਤੇ ਇਸ ਤੋਂ ਬਾਅਦ ਦਰਵਾਜ਼ਾ ਖੁੱਲ੍ਹਣ ‘ਤੇ ਹੋਰ ਲਾਸ਼ਾਂ ਵੀ ਨਜ਼ਰ ਆਈਆਂ। ਕੇਸੈਟ ਟੀਵੀ ਚੈਨਲ ਅਨੁਸਾਰ ਇਹ ਟਰੱਕ ਰੇਲ ਦੀਆਂ ਪੱਟੜੀਆਂ ਨੇੜੇ ਸੈਨ ਅਨਟੋਨਿਓ ਦੇ ਦੱਖਣੀ-ਪੱਛਮੀ ਪਾਸੇ ਵੱਲ ਮਿਲਿਆ ਹੈ।
ਨਿਊ ਯੌਰਕ ਟਾਈਮਜ਼ ਅਨੁਸਾਰ ਸੈਨ ਅਨਟੋਨੀਓ ਪੁਲਿਸ ਵਿਭਾਗ ਦੇ ਅਫ਼ਸਰ ਟਰੱਕ ਦੇ ਡਰਾਈਵਰ ਦੀ ਭਾਲ ਕਰ ਰਹੇ ਹਨ ਜੋ ਮੌਕੇ ਤੋਂ ਗਾਇਬ ਹੈ। ਸੈਨ ਅਨਟੋਨੀਓ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਤੋਂ ਤਕਰੀਬਨ 250 ਕਿਲੋਮੀਟਰ ਦੂਰੀ ‘ਤੇ ਹੈ। ਇਸ ਰਸਤੇ ਨੂੰ ਕਈ ਵਾਰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਜਾਣ ਲਈ ਵਰਤਿਆ ਜਾਂਦਾ ਹੈ। ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਪਹੁੰਚ ਰਹੇ ਪਰਵਾਸੀਆਂ ਨੂੰ ਅਕਸਰ ਟਰੱਕਾਂ ਰਾਹੀਂ ਇੱਥੋਂ ਅਮਰੀਕਾ ਭੇਜਿਆ ਜਾਂਦਾ ਹੈ। ਮੈਕਸੀਕੋ ਦੀ ਵਿਦੇਸ਼ ਮੰਤਰੀ ਮਾਰਕੈਲੋ ਇਬ੍ਰਾਡ ਮੁਤਾਬਕ ਹਸਪਤਾਲ ਵਿੱਚ ਭਰਤੀ ਦੋ ਨਾਗਰਿਕ ਗੁਆਟੇਮਾਲਾ ਦੇ ਹਨ।