ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ ਮੂਸੇਵਾਲਾ ‘ਤੇ ਨੇੜਿਓਂ ਗੋਲੀਆਂ ਚਲਾਉਣ ਵਾਲੇ ਸ਼ੂਟਰ ਅੰਕਿਤ ਸੇਰਸਾ ਤੇ ਉਸ ਦੇ ਸਾਥੀ ਸਚਿਨ ਭਿਵਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੇ ਵਿਸ਼ੇਸ਼ ਕਮਿਸ਼ਨਰ ਐਚ.ਜੀ.ਐਸ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਾਡੀਆਂ ਟੀਮਾਂ ਨੇ ਮੱਧ ਪ੍ਰਦੇਸ਼, ਝਾਰਖੰਡ, ਉੱਤਰ ਪ੍ਰਦੇਸ਼, ਹਰਿਆਣਾ, ਗੁਜਰਾਤ ਤੇ ਦਿੱਲੀ ‘ਚ ਛਾਪੇ ਮਾਰੇ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਨੇ ਇਨ੍ਹਾਂ ਦੋਵਾਂ ਨੂੰ 3 ਜੁਲਾਈ ਦੀ ਰਾਤ 11 ਵਜੇ ਦੇ ਕਰੀਬ ਕਸ਼ਮੀਰੀ ਗੇਟ ਨੇੜਿਓਂ ਮਹਾਤਮਾ ਗਾਂਧੀ ਮਾਰਗ ਤੋਂ ਗ੍ਰਿਫ਼ਤਾਰ ਕੀਤਾ। ਦਿੱਲੀ ਪੁਲਿਸ ਨੇ ਇਨ੍ਹਾਂ ਕੋਲੋਂ ਪੰਜਾਬ ਪੁਲਿਸ ਦੀਆਂ ਤਿੰਨ ਵਰਦੀਆਂ ਦੇ ਇਲਾਵਾ ਇਕ 9 ਐਮ.ਐਮ. ਪਿਸਤੌਲ ਨਾਲ 10 ਜ਼ਿੰਦਾ ਕਾਰਤੂਸ, ਇਕ .3 ਐਮ.ਐਮ. ਪਿਸਤੌਲ ਨਾਲ 9 ਜ਼ਿੰਦਾ ਕਾਰਤੂਸ, ਡੋਂਗਲ ਤੇ ਸਿਮ ਕਾਰਡ ਦੇ ਨਾਲ 2 ਮੋਬਾਈਲ ਸੈੱਟ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਲੋੜੀਂਦੇ ਅਪਰਾਧੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਗੈਂਗ ਲਈ ਕੰਮ ਕਰਦੇ ਸੀ।

ਪੁਲਿਸ ਮੁਤਾਬਿਕ ਅੰਕਿਤ ਨੇ ਬਿਲਕੁਲ ਨੇੜੇ ਤੋਂ ਸਿੱਧੂ ਮੂਸੇਵਾਲਾ ‘ਤੇ 6 ਗੋਲੀਆਂ ਚਲਾਈਆਂ ਸੀ। ਘਟਨਾ ਮੌਕੇ ਅੰਕਿਤ ਪ੍ਰਿਅਵਰਤ ਫ਼ੌਜੀ ਦੇ ਨਾਲ ਗੱਡੀ ‘ਚ ਮੌਜੂਦ ਸੀ ਅਤੇ ਸ਼ੁਰੂਆਤ ‘ਚ ਅੰਕਿਤ ਤੇ ਫ਼ੌਜੀ ਦੋਵੇਂ ਇਕੱਠੇ ਹੀ ਭੱਜੇ ਸਨ। ਹਾਲਾਂਕਿ ਪ੍ਰਿਅਵਰਤ ਫ਼ੌਜੀ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਅੰਕਿਤ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਸਚਿਨ ਭਿਵਾਨੀ ‘ਤੇ ਦੋਸ਼ ਹੈ ਕਿ ਉਸ ਨੇ ਮੂਸੇਵਾਲਾ ਮਾਮਲੇ ਦੇ ਚਾਰੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ। ਪੁਲਿਸ ਮੁਤਾਬਿਕ ਸਚਿਨ ਭਿਵਾਨੀ ਰਾਜਸਥਾਨ ‘ਚ ਲਾਰੈਂਸ ਬਿਸ਼ਨੋਈ ਗੈਂਗ ਦਾ ਪੂਰਾ ਕੰਮ ਸੰਭਾਲਦਾ ਸੀ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਸੇਰਸਾ ਪਿੰਡ ਦਾ ਵਸਨੀਕ ਅੰਕਿਤ ਰਾਜਸਥਾਨ ‘ਚ ਹੱਤਿਆ ਦੀ ਕੋਸ਼ਿਸ਼ ਦੇ ਦੋ ਹੋਰ ਮਾਮਲਿਆਂ ‘ਚ ਨਾਮਜ਼ਦ ਹੈ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ‘ਚ ਦਿੱਲੀ ਪੁਲਿਸ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਸ਼ੂਟਰਾਂ ਨੇ ਮਨਾਇਆ ਸੀ ਜਸ਼ਨ, ਲਹਿਰਾਏ ਸਨ ਹਥਿਆਰ
ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਸ਼ੂਟਰਾਂ ‘ਚੋਂ ਇਕ ਸ਼ੂਟਰ ਅੰਕਿਤ ਦੇ ਫੋਨ ਨੂੰ ਸਕੈਨ ਕਰਨ ਤੋਂ ਬਾਅਦ ਮਿਲੀ ਇਕ ਵੀਡੀਓ ‘ਚ ਪਤਾ ਲੱਗਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਤਿਆਰਿਆਂ ਨੇ ਆਪਣੇ ਹਥਿਆਰਾਂ ਨਾਲ ਜਸ਼ਨ ਮਨਾਇਆ ਸੀ। ਵੀਡੀਓ ‘ਚ ਕਾਰ ‘ਚ ਸਵਾਰ ਪੰਜ ਹਮਲਾਵਰ ਹੱਸਦੇ ਵਿਖਾਈ ਦੇ ਰਹੇ ਹਨ ਅਤੇ ਕੈਮਰੇ ਸਾਹਮਣੇ ਆਪਣੇ ਹਥਿਆਰ ਲਹਿਰਾ ਰਹੇ ਹਨ ਅਤੇ ਪਿੱਛੇ ਪੰਜਾਬੀ ਸੰਗੀਤ ਵੱਜ ਰਿਹਾ ਹੈ। ਵੀਡੀਓ ਅੰਕਿਤ ਦੇ ਹੁਣ ਹਟਾ ਦਿੱਤੇ ਗਏ ਇੰਸਟਾਗ੍ਰਾਮ ਹੈਂਡਲ ‘ਤੇ ਪਾਈ ਗਈ ਸੀ।

ਮੌਤ ਤੋਂ ਪਹਿਲਾਂ ਸਿੱਧੂ ਦੀ ਹਵੇਲੀ ਦਾ ਗੇਟ ਖੁੱਲ੍ਹਣ ‘ਤੇ ਕਾਤਿਲਾਂ ਨੂੰ ਕਿਸਦਾ ਆਇਆ ਫ਼ੋਨ ? ਸੁਣੋਂ ਕਿਸਨੇ ਦੱਸਿਆ ਕਿ ਇਕੱਲਾ ਹੀ ਹੈ ਸਿੱਧੂ #DelhiPolice #SidhuMooseWala #Police #Investigation #LawrenceBishnoi

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਅੱਜ ਦਿੱਤੇ ਤਾਜ਼ਾ ਬਿਆਨ ਮਗਰੋਂ ਸਿਆਸਤ ਗਰਮਾਉਣ ਲੱਗੀ ਹੈ | ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਉਨ੍ਹਾਂ ਦੇ ਪੁੱਤਰ ਦੀ ਸੁਰੱਖਿਆ ਵਿਚ ਗੰਭੀਰ ਕੁਤਾਹੀ ਅਤੇ ਇਸ ਕਾਰਨ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਕਰਨ ਦੇ ਸਬੰਧ ਵਿਚ ਲਗਾਏ ਗੰਭੀਰ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ | ਉਨ੍ਹਾਂ ਮੂਸੇਵਾਲਾ ਦੇ ਕਤਲ ਦੀ ਜਾਂਚ ਦੀ ਸੁਸਤ ਰਫ਼ਤਾਰ ‘ਤੇ ਵੀ ਅਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਸੁਰਾਗਹੀਣ ਜਾਪਦੀ ਹੈ ਅਤੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਵਲੋਂ ਕੀਤੇ ਜਾ ਰਹੇ ਦਾਅਵਿਆਂ ‘ਤੇ ਹੀ ਨਿਰਭਰ ਹੈ | ਰੰਧਾਵਾ ਨੇ ਬਲਕੌਰ ਸਿੰਘ ਦੇ ਦੋਸ਼ਾਂ ਦਾ ਸਮਰਥਨ ਕਰਦੇ ਹੋਏ ਮੂਸੇਵਾਲਾ ਦੀ ਸੁਰੱਖਿਆ ਨੂੰ ਘੱਟ ਕਰਨ ਦਾ ਫ਼ੈਸਲਾ ਕਰਨ ਵਾਲਿਆਂ ਲਈ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ | ਉਨ੍ਹਾਂ ਨੇ ਇਸ ਨੂੰ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਦੀ ਵੱਡੀ ਨਾਕਾਮੀ ਦੱਸਿਆ | ਉਨ੍ਹਾਂ ਕਿਹਾ ਕਿ ਜੇਕਰ ਸੂਬਾ ਪੁਲਿਸ ਜ਼ਿੰਮੇਵਾਰੀ ਨਾਲ ਕੰਮ ਕਰਦੀ ਤਾਂ ਉਸ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਸੀ |

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਦੀ ਯਾਦ ‘ਚ ਪਿੰਡ ਬੁਰਜ ਢਿੱਲਵਾਂ ਤੋਂ ਪਿੱਡ ਭੈਣੀ ਚੂਹੜ ਤੱਕ ਸਿੱਧੂ ਮੂਸੇਵਾਲਾ ਯਾਦਗਾਰੀ ਸੰਪਰਕ ਸੜਕ ਦਾ ਉਦਘਾਟਨ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਸਿੱਧੂ ਵਲੋਂ ਕੀਤਾ ਗਿਆ | ਇਸ ਮੌਕੇ ਸਰਪੰਚ ਜਗਦੀਪ ਸਿੰਘ ਢਿੱਲੋਂ ਵੀ ਉਨ੍ਹਾਂ ਨਾਲ ਸਨ | ਜ਼ਿਕਰਯੋਗ ਹੈ ਕਿ ਇਸ ਸੜਕ ਨੂੰ ਸਿੱਧੂ ਮੂਸੇਵਾਲਾ ਵਲੋਂ ਹਲਕਾ ਮਾਨਸਾ ਕਾਂਗਰਸ ਦਾ ਇੰਚਾਰਜ ਲਗਾਏ ਜਾਣ ਸਮੇਂ ਆਪਣੇ ਉਚੇਚੇ ਉਦਮ ਸਦਕਾ ਮਨਜੂਰ ਕਰਵਾਇਆ ਗਿਆ ਸੀ ਜੋ ਕਿ ਹੁਣ ਮੁਕੰਮਲ ਹੋ ਗਈ ਹੈ | ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਖਿਆ ਕਿ ਉਸਦਾ ਪੁੱਤਰ ਸਾਫ਼ ਸੁਥਰੀ ਰਾਜਨੀਤੀ ਕਰਨੀ ਚਾਹੁੰਦਾ ਸੀ ਅਤੇ ਉਸ ਦੀ ਦਿੱਲੀ ਇੱਛਾ ਸੀ ਕਿ ਲੋਕ ਉਸ ਤੋਂ ਗਲੀਆਂ-ਨਾਲੀਆਂ ਦੀਆਂ ਮੰਗਾਂ ਦੀ ਬਜਾਏ ਹਸਪਤਾਲਾਂ, ਕਾਲਜਾਂ, ਯੂਨੀਵਰਸਟਿੀਆਂ ਦੀ ਮੰਗ ਰੱਖਣ ਪ੍ਰੰਤੂ ਇਹ ਸਭ ਵੇਖ ਉਸਦਾ ਮਨ ਉਪਰਾਮ ਹੋ ਜਾਂਦਾ ਸੀ | ਉਨ੍ਹਾਂ ਆਖਿਆ ਕਿ ਚੋਣਾਂ ਦੌਰਾਨ ਵੀ ਉਸ ਦੇ ਪੁੱਤਰ ਉਪਰ ਕਰੀਬ 8 ਵਾਰ ਹਮਲਾ ਹੁੰਦਾ-ਹੁੰਦਾ ਸੁਰੱਖਿਆ ਕਾਰਨਾਂ ਕਾਰਨ ਟਲਿਆ | ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਉਸਦੀ ਸੁਰੱਖਿਆ ਘਟਾਉਣੀ ਹੀ ਸੀ ਤਾਂ ਇਸ ਬਾਰੇ ਜਨਤਕ ਨਹੀਂ ਸੀ ਕਰਨਾ ਚਾਹੀਦਾ ਜਿਸ ਦਾ ਉਸਨੂੰ ਬੇਹੱਦ ਅਫਸੋਸ ਹੈ | ਪਿੰਡ ਬੁਰਜ ਢਿੱਲਵਾਂ ਦੀ ਗਰਾਮ ਪੰਚਾਇਤ ਵਲੋਂ ਬਲਕੌਰ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ‘ਚ ਪਿੰਡ ਵਾਸੀ, ਗਰਾਮ ਪੰਚਾਇਤ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ |