Breaking News
Home / Punjab / ਭਾਜਪਾ ਸਿੱਖਾਂ ਦੀ ਸੰਸਥਾ SAD ਨੂੰ ਕਰਨਾ ਚਾਹੁੰਦੀ ਹੈ ਖ਼ਤਮ – ਸੁਖਬੀਰ ਬਾਦਲ

ਭਾਜਪਾ ਸਿੱਖਾਂ ਦੀ ਸੰਸਥਾ SAD ਨੂੰ ਕਰਨਾ ਚਾਹੁੰਦੀ ਹੈ ਖ਼ਤਮ – ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੀ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਤੇ ਵਿਰੋਧੀਆਂ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੱਲਬਾਤ ਕੀਤੀ।

ਇਸ ਦੌਰਾਨ ਉਨ੍ਹਾਂ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ’ਚ ਜਾਣ ’ਤੇ ਬੋਲਦਿਆਂ ਕਿਹਾ ਕਿ ਸਿਰਸਾ ਦੇ ਸਿਰ ’ਤੇ ਬੰਦੂਕ ਰੱਖੀ ਸੀ ਕਿ ਜੇਲ੍ਹ ’ਚ ਜਾਓ ਜਾਂ ਸਿੱਖ ਪੰਥ, ਇਸ ਕਾਰਨ ਉਹ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਸੁਨੀਲ ਜੋਸ਼ੀ ਨੇ ਕਿਸਾਨੀ ਦੇ ਹੱਕ ’ਚ ਖ਼ੁਦ ਭਾਜਪਾ ਛੱਡੀ ਸੀ ਤੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਸਨ।

ਉਨ੍ਹਾਂ ਕੇਂਦਰ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਰਿਵਾਜ ਬਣ ਗਿਆ ਹੈ ਕਿ ਸਾਰਿਆਂ ’ਤੇ ਪਰਚੇ ਪਾ ਦਿਓ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਈ. ਡੀ., ਇਨਕਮ ਟੈਕਸ, ਨਾਰਕੋਟਿਕਸ ਵਿਭਾਗ ਭੇਜ ਕੇ ਪੋਲੀਟੀਕਲ ਪਾਵਰ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜਿਆ ਹੈ, ਉਹ ਸਿੱਖਾਂ ਦੀ ਪਾਰਟੀ, ਸਿੱਖਾਂ ਦੀ ਸੰਸਥਾ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨਾ ਚਾਹੁੰਦੀ ਹੈ।

ਉਨ੍ਹਾਂ ਦੇ ਮਨ ’ਚ ਏਜੰਡਾ ਬਣ ਗਿਆ ਤੇ ਨਫਰਤ ਬਣ ਗਈ ਕਿ ਅਸੀਂ ਇਨ੍ਹਾਂ ਨੂੰ ਠੋਕਣਾ ਹੈ। ਸਭ ਤੋਂ ਜ਼ਿਆਦਾ ਕਿਸਾਨਾਂ ਦੀ ਲੜਾਈ ਪੰਜਾਬੀਆਂ ਨੇ ਲੜੀ। ਉਨ੍ਹਾਂ ਕਿਹਾ ਕਿ ਸਾਡੇ ਐੱਮ. ਐੱਲ. ਏ. ਰੱਖੜਾ ਦੇ ਭਰਾ ਦਰਸ਼ਨ ਸਿੰਘ ਨੂੰ ਕਿਸਾਨਾਂ ਨਾਲ ਅੰਦੋਲਨ ਦੌਰਾਨ ਖੜ੍ਹਨ ਕਾਰਨ ਭਾਰਤ ’ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਭਾਜਪਾ ਦਾ ਇਹ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਇਸ ਦੌਰਾਨ ਭਾਜਪਾ ਨਾਲ ਗੱਠਜੋੜ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਤੇ ਬਾਅਦ ’ਚ ਗੱਠਜੋੜ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਬਸਪਾ ਨਾਲ ਆਪਣਾ ਗੱਠਜੋੜ ਆਖਿਰ ਤਕ ਨਿਭਾਉਣਗੇ। ਭਾਜਪਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਪੁੱਛਣਗੇ ਤਕ ਨਹੀਂ ਤੇ ਲੋਕਾਂ ਕੋਲ ਸਿਰਫ ਸਾਡਾ ਹੀ ਬਦਲ ਬਚਿਆ ਹੈ।

ਮੁੱਖ ਮੰਤਰੀ ਚੰਨੀ ਦੇ ਐਲਾਨਾਂ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਜਿਥੇ ਵੀ ਜਾਂਦੇ ਹਨ, ਉਥੇ ਆਪਣਾ ਕਿੱਤਾ ਬਦਲ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜ਼ਰੂਰਤ ਹੈ ਇਹੋ ਜਿਹੇ ਇਨਸਾਨ ਦੀ ਜੋ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਵੇ। ਕੇਜਰੀਵਾਲ ਬਾਰੇ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਉਹ ਤਾਂ ਹਵਾਈ ਗੱਲਾਂ ਕਰਦੇ ਹਨ।

Check Also

ਸਾਬਕਾ ਆਈ.ਜੀ. ਰਣਬੀਰ ਸਿੰਘ ਖੱਟੜਾ ਦੇ ਬੇਟੇ ਸਤਬੀਰ ਸਿੰਘ ਖੱਟੜਾ ‘ਸ਼ੂਗਰਫ਼ੈੱਡ’ ਦੇ ਚੇਅਰਮੈਨ ਨਿਯੁਕਤ

ਚੰਡੀਗੜ੍ਹ, 29 ਦਸੰਬਰ, 2021:ਪੰਜਾਬ ਦੀ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ …

%d bloggers like this: