ਕੌਮਨਵੈਲਥ ਖੇਡਾਂ ‘ਚ ਕੈਨੇਡਾ ਵਲੋੰ ਘੁਲੇ ਤਿੰਨੇ ਪੰਜਾਬੀ ਪਹਿਲਵਾਨ ਤਗ਼ਮੇ ਜਿੱਤ ਚੁੱਕੇ ਹਨ। ਅਮਰਵੀਰ ਸਿੰਘ ਢੇਸੀ (ਖਾਲਸਾ ਰੈਸਲਿੰਗ ਕਲੱਬ) ਅਤੇ ਨਿਸ਼ਾਨ ਸਿੰਘ ਰੰਧਾਵਾ (ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ) ਵੱਲੋਂ ਸੋਨੇ ਦੇ ਤਗ਼ਮੇ ਜਿੱਤਣ ਤੋਂ ਬਾਅਦ ਐਬਸਫੋਰਡ ਬੀਸੀ ਦੇ ਜਸਮੀਤ ਸਿੰਘ ਫੂਲਕਾ (ਮੀਰੀ ਪੀਰੀ ਰੈਸਲਿੰਗ ਕਲੱਬ) ਨੇ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਇੰਗਲੈਂਡ ਦੇ ਪੰਜਾਬੀ ਪਹਿਲਵਾਨ ਮਨਧੀਰ ਸਿੰਘ ਕੂਨਰ ਨੇ ਵੀ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ।

ਲਹਿੰਦੇ ਚੜ੍ਹਦੇ ਪੰਜਾਬਾਂ ਅਤੇ ਹਰਿਆਣੇ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ‘ਚ ਚੰਗਾ ਨਾਮ ਕਮਾਇਆ ਹੈ। ਹੁਣ ਨਕਸ਼ੇ ‘ਤੇ ਵੇਖੀਏ ਤਾਂ 1947 ਦੇ ਉਜਾੜੇ ਤੋਂ ਪਹਿਲਾਂ ਇਹ ਸਾਰੇ ਇਲਾਕੇ ਪੰਜਾਬ ਦਾ ਹਿੱਸਾ ਸਨ। ਲਹਿੰਦੇ-ਚੜ੍ਹਦੇ ਵਾਲੇ ਵੀ ਤੇ ਹਰਿਆਣੇ-ਹਿਮਾਚਲ ਵਾਲੇ ਵੀ। ਕੈਨੇਡਾ-ਇੰਗਲੈਂਡ ਵਾਲਿਆਂ ਦੀਆਂ ਜੜ੍ਹਾਂ ਵੀ ਪੰਜਾਬ ‘ਚ ਹੀ ਹਨ। ਇਹ ਸੀ ਪੰਜਾਬ, ਜਿਸਨੇ ਦੁਨੀਆ ਦੇ ਹਰ ਖੇਤਰ ‘ਚ ਝੰਡੀ ਕਰਨੀ ਸੀ ਤੇ ਸ਼ਾਇਦ ਇਸੇ ਕਰਕੇ ਇਸਦੇ ਦੋ ਵਾਰ ਟੋਟੇ ਕੀਤੇ ਗਏ, ਪਹਿਲਾਂ 1947 ਵਿੱਚ ਤੇ ਫਿਰ 1966 ਵਿੱਚ।

ਹੁਣ ਜਦ ਪੰਜਾਬ ਤੇ ਹਰਿਆਣੇ ਦੇ ਖਿਡਾਰੀ ਆਪਣੇ ਪੰਜਾਬੀ ਜਾਂ ਹਰਿਆਣਵੀ ਹੋਣ ‘ਤੇ ਮਾਣ ਕਰਦੇ ਹਨ ਤਾਂ ਇਹ ਤਿਰੰਗੀ ਅੱਖ ਵਾਲੀ ਤਿਰੰਗੀ ਬ੍ਰਿਗੇਡ ਨੂੰ ਮਿਰਚਾਂ ਲੱਗਦੀਆਂ ਕਿ ਮੁਲਕ ਦੀ ਗੱਲ ਕਰੋ, ਆਪਣੇ ਖ਼ਿੱਤੇ ਦੀ ਗੱਲ ਨਾ ਕਰੋ। ਅਖੇ ਇਹਦੇ ਨਾਲ ਪਾੜਾ ਵਧਦਾ।


ਜੇਕਰ ਅੱਜ ਸਰੀ ਤੇ ਐਬਸਫੋਰਡ ਸ਼ਹਿਰਾਂ ਦੇ ਪੰਜਾਬੀ ਕੈਨੇਡਾ ਲਈ ਤਗ਼ਮੇ ਜਿੱਤੇ ਹਨ ਤਾਂ ਸਾਰੇ ਕੈਨੇਡਾ ਵਾਸੀਆਂ ਨੂੰ ਇਨ੍ਹਾਂ ਪਹਿਲਵਾਨਾਂ ਦੇ ਨਾਲ ਨਾਲ ਇਨ੍ਹਾਂ ਸ਼ਹਿਰਾਂ ਤੇ ਬੀਸੀ ਸੂਬੇ ‘ਤੇ ਮਾਣ ਹੈ, ਜਿਨ੍ਹਾਂ ਇਹ ਪੈਦਾ ਕੀਤੇ ਪਰ ਭਾਰਤ ‘ਚ ਤਿਰੰਗੀ ਸੋਚ ਕਹਿੰਦੀ ਹੈ ਕਿ ਜੇ ਤਾਂ ਨਸ਼ੇ ਹਨ ਤਾਂ ਉਡਤਾ ਪੰਜਾਬ ਹੈ ਪਰ ਜੇ ਮੈਡਲ ਜਿੱਤੇ ਹਨ ਤਾਂ ਉਹ ਭਾਰਤ ਦੇ ਹਨ।ਵੈਸੇ ਹਰਿਆਣਾ ਦੇ ਮੁੱਕੇਬਾਜ਼ ਵਜਿੰਦਰ ਸਿੰਘ ਨੇ ਇਸ ਤਿਰੰਗੀ ਅੱਖ ਦੇ ਸੋਹਣਾ ਘਸੁੰਨ ਮਾਰਿਆ, ਇਹ ਕਹਿ ਕੇ ਕਿ, “ਭਾਈ ਸੜੋ ਨਾ ਰੀਸ ਕਰੋ”।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ