ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮਜੀਠੀਆ ਬੋਲੇ-‘ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਘੁੱਟ ਕੇ ਜੱਫੀ ਪਾਵਾਂਗਾ’

573

ਜੇਲ੍ਹ ਤੋਂ ਬਾਹਰ ਆਏ ਬਿਕਰਮ ਮਜੀਠੀਆ ਦਾ ਧਮਾਕੇਦਾਰ ਇੰਟਰਵਿਊ – ‘ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਘੁੱਟ ਕੇ ਜੱਫ਼ੀ ਪਾਵਾਂਗਾ’ – ‘ਨਵਜੋਤ ਸਿੱਧੂ ਦੀ ਤਾਂ ਮੈਨੂੰ ਆਵਾਜ਼ ਤੱਕ ਨਹੀਂ ਆਈ’

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਉਹ ਪਟਿਆਲਾ ਜੇਲ੍ਹ ਤੋਂ ਬਾਹਰ ਆ ਗਏ ਹਨ। ਜੇਲ੍ਹ ਤੋਂ ਬਾਹਰ ਆਉਂਦੀਆਂ ਹੀ ਅਕਾਲੀ ਆਗੂਆਂ ਵੱਲੋਂ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਉਨ੍ਹਾਂ ਖਿਲਾਫ ਪਿਛਲੀ ਕਾਂਗਰਸ ਸਰਕਾਰ ਨੇ ਕੇਸ ਦਰਜ ਕੀਤਾ ਸੀ।

ਬਾਹਰ ਆਉਂਦੇ ਹੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਘੁੱਟ ਕੇ ਜੱਫੀ ਪਾਵਾਂਗਾ। ਮਾਪਿਆਂ ਦੇ ਚਰਨ ਛੂਹ ਕੇ ਆਸ਼ੀਰਵਾਦ ਲਵਾਂਗਾ। ਉਨ੍ਹਾਂ ਕਿਹਾ ਕਿ ਮਾਲਕ ਦੀ ਮੇਰੇ ਉਪਰ ਅਪਾਰ ਬਖਸ਼ਿਸ਼ ਹੋਈ ਹੈ। ਮੇਰੇ ਖਿਲਾਫ ਜੋ ਸਾਜ਼ਿਸ਼ ਹੋਈ, ਉਸ ਦਾ ਜਵਾਬ ਕੋਰਟ ਤੇ ਲੋਕਾਂ ਨੇ ਦੇ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਇਹ ਤਾਂ ਬਹੁਤ ਛੋਟਾ ਜਿਹਾ ਅਤਿਆਚਾਰ ਹੈ। ਜੁਰਮ ਨਾਲ ਕਿਵੇਂ ਟਕਰਾਉਣਾ ਹੈ, ਇਹ ਗੁਰੂ ਸਾਹਿਬ ਸਾਨੂੰ ਸਿਖਾ ਗਏ ਹਨ।

ਮਜੀਠੀਆ ਨੇ ਕੇਂਦਰ ਸਰਕਾਰ ਤੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੰਵਿਧਾਨ ਤੋਂ ਉਪਰ ਕੋਈ ਨਹੀਂ। ਜਿਨ੍ਹਾਂ ਨੇ 25 ਸਾਲ ਜਾਂ ਡਬਲ ਸਜ਼ਾ ਪੂਰੀ ਕਰ ਲਈ, ਉਨ੍ਹਾਂ ਨੂੰ ਵੀ ਸਰਕਾਰ 75ਵੇਂ ਆਜ਼ਾਦੀ ਦਿਹਾੜੇ ‘ਤੇ ਰਿਹਾਅ ਕਰੇ। ਮਜੀਠੀਆ ਨੇ ਕਿਹਾ ਕਿ ਮੇਰੇ ਖਿਲਾਫ ਕਾਂਗਰਸ ਨੇ ਸਾਜ਼ਿਸ਼ ਰਚੀ ਸੀ। ਮੈਨੂੰ ਚੋਣ ਨਾ ਲੜਨ ਦੇਣ ਦੀ ਪੂਰੀ ਪਲਾਨਿੰਗ ਸੀ।

ਦੱਸ ਦੇਈਏ ਕਿ ਸਰਕਾਰ ਨੇ ਪਰਚਾ ਦਰਜ ਕਰਨ ਤੋਂ ਬਾਅਦ ਕੇਸ ਵਿੱਚ ਕੋਈ ਕੰਮ ਨਹੀਂ ਕੀਤਾ। ਅਮਰਪਾਲ ਬੋਨੀ ਨੇ ਸਿਰਫ ਸਕਿਓਰਿਟੀ ਖਾਤਿਰ ਬਿਕਰਮ ‘ਤੇ ਇਲਜ਼ਾਮ ਲਾਏ ਸਨ। ਜਿਸ ਦੇ ਚੱਲਦਿਆਂ ਅਦਾਲਤ ਨੇ ਉਨ੍ਹਾਂ ਦਾ ਪਾਸਪੋਰਟ ਰੱਖ ਕਈ ਸ਼ਰਤਾਂ ਅਧੀਨ ਬਿਕਰਮ ਮਜੀਠੀਆ ਦੀ ਅਰਜ਼ੀ ਮਨਜ਼ੂਰ ਕਰਦੇ ਹੋਏ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ।