ਮੇਰੇ ਪੁੱਤ ਦੇ ਕਤਲ ਲਈ ਕਰੀਬੀ ਦੋਸਤ ਅਤੇ ਕੁੱਝ ਗਾਇਕ ਜ਼ਿੰਮੇਵਾਰ,ਜਲਦ ਉਨਾ ਬਾਰੇ ਕਰਾਂਗਾ ਖੁਲਾਸੇ ,ਇਹ ਲੋਕ ਲਾਉੰਦੇ ਰਹੇ ਹਨ ਗੈੰਗਸਟਰਾ ਕੋਲ ਸ਼ਿਕਾਇਤਾ : ਸਰਦਾਰ ਬਲਕੌਰ ਸਿੰਘ #SidhuMoosewala #PunjabiSinger #Father

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ 80 ਦਿਨਾਂ ਬਾਅਦ ਉਸ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਸਿੱਧੂ ਦੇ ਕਤਲ ਪਿੱਛੇ ਕੁਝ ਗਾਇਕਾਂ ਤੇ ਰਾਜਨੀਤਕ ਆਗੂਆਂ ਦਾ ਹੱਥ ਦੱਸਿਆ ਹੈ। ਨਾਲ ਹੀ ਬਹੁਤ ਜਲਦ ਇਸ ਦਾ ਖ਼ੁਲਾਸਾ ਕਰਨ ਦੀ ਗੱਲ ਆਖੀ ਹੈ।

ਐਤਵਾਰ ਨੂੰ ਮੂਸੇ ਵਾਲਾ ਦੇ ਘਰ ਹਜ਼ਾਰਾਂ ਦੀ ਗਿਣਤੀ ’ਚ ਲੋਕ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮਿਲਣ ਪਹੁੰਚੇ ਸਨ। ਇਸ ਮੌਕੇ ਸਵਰਗੀ ਗਾਇਕ ਦੇ ਪਿਤਾ ਨੇ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸ ਦੇ ਪੁੱਤਰ ਦਾ ਇਸ ਲਈ ਕਤਲ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਥੋੜ੍ਹੇ ਸਮੇਂ ’ਚ ਵਧੇਰੇ ਤਰੱਕੀ ਕਰ ਲਈ ਸੀ।

ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਦੇ ਕਤਲ ਦੇ ਜ਼ਿੰਮੇਵਾਰ ਕੁਝ ਗਾਇਕ ਵੀ ਹਨ, ਜੋ ਨਹੀਂ ਚਾਹੁੰਦੇ ਸਨ ਕਿ ਸਿੱਧੂ ਚੰਗਾ ਗਾਵੇ ਪਰ ਸਿੱਧੂ ਦਾ ਕਤਲ ਕਰਵਾਉਣ ਵਾਲੇ ਇਹ ਗਾਇਕ ਹੁਣ ਕਦੇ ਤਰੱਕੀ ਨਹੀਂ ਕਰਨਗੇ।ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਇਕ ਗਰੁੱਪ ਨੇ ਸਿੱਧੂ ਦੇ ਗੀਤਾਂ ਨੂੰ ਲੈ ਕੇ ਸਾਰਿਆਂ ਨੂੰ ਗੁੰਮਰਾਹ ਕੀਤਾ। ਇਥੋਂ ਤਕ ਕਿ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਗਿਆ। ਇਸ ਦੇ ਚੱਲਦਿਆਂ ਸਿੱਧੂ ਨੇ ਇਕ ਗੀਤ ’ਚ ਕਿਹਾ ਸੀ, ‘‘ਜਿਹੜੇ ਲੋਕ ਆਪਣੀ ਘਰਵਾਲੀ ਨੂੰ ਸੰਭਾਲ ਨਹੀਂ ਸਕਦੇ, ਉਹ ਮੈਨੂੰ ਸਲਾਹ ਦਿੰਦੇ ਹਨ।’’ ਹਾਲਾਂਕਿ ਇਸ ਦਾ ਗਲਤ ਮਤਲਬ ਕੱਢਿਆ ਗਿਆ।

ਘਰ ’ਚ ਮੌਜੂਦ ਲੋਕਾਂ ਨੂੰ ਸਿੱਧੂ ਦੇ ਪਿਤਾ ਨੇ ਕਿਹਾ ਕਿ ਥੋੜ੍ਹੇ ਸਮੇਂ ’ਚ ਕਰੀਅਰ ’ਚ ਮਿਲੀ ਸ਼ੋਹਰਤ ਦੇ ਚੱਲਦਿਆਂ ਕੁਝ ਲੋਕ ਇਹ ਚਾਹੁੰਦੇ ਸਨ ਕਿ ਸਿੱਧੂ ਜੋ ਵੀ ਕਰੇ, ਉਹ ਉਨ੍ਹਾਂ ਦੇ ਮਾਧਿਅਮ ਨਾਲ ਕਰੇ ਪਰ ਉਹ ਜਿੰਨੀ ਦੇਰ ਰਿਹਾ, ਖ਼ੁਦ ਦੇ ਦਮ ’ਤੇ ਰਿਹਾ ਤੇ ਮੇਰੀ ਵੀ ਜਿੰਨੀ ਜ਼ਿੰਦਗੀ ਹੈ, ਇਸੇ ਤਰ੍ਹਾਂ ਰਹਾਂਗਾ।ਉਨ੍ਹਾਂ ਦੱਸਿਆ ਕਿ ਸਿੱਧੂ ਜਦੋਂ ਕੈਨੇਡਾ ’ਚ ਪੜ੍ਹਨ ਗਿਆ ਸੀ ਤਾਂ ਉਸ ਨਾਲ ਕੁਝ ਗਲਤ ਲੋਕ ਜੁੜ ਕੇ ਫਾਇਦਾ ਲੈਣ ਦੀ ਤਾਕ ’ਚ ਰਹੇ। ਸਿੱਧੂ ਦੇ ਪਿਤਾ ਨੇ ਕਿਹਾ ਕਿ ਜਲਦ ਹੀ ਉਹ ਉਨ੍ਹਾਂ ਸਾਰਿਆਂ ਦੇ ਨਾਂ ਲੋਕਾਂ ਸਾਹਮਣੇ ਰੱਖਣਗੇ, ਜੋ ਉਸ ਦੇ ਪੁੱਤਰ ਦੀ ਮੌਤ ਦੇ ਜ਼ਿੰਮੇਵਾਰ ਹਨ।

ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ’ਤੇ ਇਸ ਕਤਲਕਾਂਡ ਨੂੰ ਅੰਜਾਮ ਦੇਣ ਦਾ ਦੋਸ਼ ਹੈ।