ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਨਿੱਤ ਦਿਨ ਖ਼ੁਲਾਸੇ ਹੋ ਰਹੇ ਹਨ। ਸਿੱਧੂ ਮੂਸੇਵਾਲਾ ਦੇ ਦਰਦਨਾਕ ਕਤਲ ਕਾਰਨ ਉਸ ਦੇ ਫ਼ੈਨਜ਼ ਅਜੇ ਵੀ ਸੋਗ ’ਚ ਹਨ। ਇਸੇ ਦਰਮਿਆਨ ਮਰਹੂਮ ਸਿੱਧੂ ਮੂਸੇਵਾਲਾ ਦੇ ਇਕ ਵੱਡੇ ਫੈਨ ਨੇ ਜੇਲ੍ਹ ’ਚ ਬੰਦ ਲਾਰੈਂਸ ਬਿਸ਼ਨੋਈ ਦੇ ਨਾਂ ਇਕ ਚਿੱਠੀ ਲਿਖੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ਚਿੱਠੀ ਲਿਖਦਿਆਂ ਕਿਹਾ ਕਿ ਜੋ ਖ਼ਬਰਾਂ ਸੁਣਨ ’ਚ ਆ ਰਹੀਆਂ ਹਨ, ਉਸ ਤੋਂ ਬਾਅਦ ਮੇਰੇ ਮਨ ’ਚ ਕੁਝ ਵਿਚਾਰ ਆਏ, ਜੋ ਮੈਂ ਇਸ ਚਿੱਠੀ ਰਾਹੀਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। ਫੈਨ ਨੇ ਲਿਖਿਆ ਕਿ 2-3 ਸਾਲਾਂ ਤੋਂ ਮੈਂ ਤੁਹਾਡੇ ਬਾਰੇ ਯੂ-ਟਿਊਬ ’ਤੇ ਜੋ ਕੁਝ ਵੀ ਸੁਣਿਆ ਹੈ, ਮਨ ਨੂੰ ਬਹੁਤ ਦੁੱਖ ਹੁੰਦਾ ਹੈ, ਜੋ ਕੁਝ ਵੀ ਤੁਹਾਡੇ ਨਾਲ ਕਾਲਜ ’ਚ ਹੋਇਆ। ਤੁਹਾਡੇ ਧਰਮ ਨੂੰ ਜੋ ਹੋਇਆ, ਉਸ ਨਾਲ ਬਹੁਤ ਦੁੱਖ ਹੋਇਆ ਹੈ ਪਰ ਜੋ ਹੋਇਆ, ਉਹ ਹੋ ਗਿਆ। ਇਸ ਤਰ੍ਹਾਂ ਕਤਲਾਂ ਨਾਲ ਹਰ ਮਾਂ ਦੀ ਗੋਦ ਉੱਜੜ ਰਹੀ ਹੈ। ਤੁਸੀਂ ਲੋਕ ਆਪਣੇ ਘਰਾਂ ਵੱਲ ਧਿਆਨ ਦਿਓ।


ਉਸ ਨੇ ਲਾਰੈਂਸ ਬਿਸ਼ਨੋਈ ਨੂੰ ਕਿਹਾ ਕਿ ਸਿੱਧੂ ਮੂਸੇਵਾਲਾ ਬਿਨਾਂ ਵੀ. ਵੀ. ਆਈ. ਪੀ. ਦੇ ਸ਼ਰੇਆਮ ਖੁੱਲ੍ਹਾ ਬੱਚਿਆਂ ਨਾਲ ਖੇਡਦਾ ਤੇ ਖੇਤਾਂ ’ਚ ਕੰਮ ਕਰਦਾ ਸੀ। ਜਿਸ ਤਰ੍ਹਾਂ ਉਸ ਨੇ ਰੇਕੀ ਕਰਵਾ ਕੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਹੈ, ਉਹ ਸਭ ਤੋਂ ਕਮਜ਼ੋਰ ਵਿਅਕਤੀ ਵੀ ਕਰ ਸਕਦਾ ਹੈ, ਇਹ ਬਹਾਦਰੀ ਨਹੀਂ ਹੈ। ਇਹ ਤੁਹਾਡੀ ਬਹਾਦਰੀ ਨਹੀਂ ਸਗੋਂ ਡਰਪੋਕ, ਕਮਜ਼ੋਰੀ ਦੀ ਨਿਸ਼ਾਨੀ ਹੈ। ਉਸ ਨੇ ਅੱਗੇ ਲਿਖਿਆ ਕਿ ਜੋ ਦੇਸ਼ਭਗਤ ਦੀ ਟੀ-ਸ਼ਰਟ ਪਾਉਂਦੇ ਹੋ, ਉਹ ਨਾ ਪਾਓ ਕਿਉਂਕਿ ਸੋਚ ਵੱਖਰੀ ਹੈ। ਉਸ ਨੇ ਕਿਹਾ ਕਿ ਮੇਰੀ ਬੇਨਤੀ ਹੈ ਕਿ ਸਾਰੇ ਸ਼ੂਟਰਾਂ ਦੇ ਮਾਂ-ਪਿਓ ਦੀ ਗ਼ਰੀਬੀ ’ਤੇ ਨਜ਼ਰ ਮਾਰੋ। ਉਨ੍ਹਾਂ ਦੇ ਅੱਧੇ ਢਹਿ ਚੁੱਕੇ ਘਰਾਂ ਤੇ ਪੱਲੇਦਾਰੀ ਕਰਨ ਵਾਲੇ ਬਾਪੂਆਂ ਨੂੰ ਸਰਕਾਰ ਵੱਲੋਂ ਮਦਦ ਮੰਗ ਕੇ ਉਨ੍ਹਾਂ ਦੇ ਮੂੰਹਾਂ ’ਚ ਰੋਟੀ ਪਾਓ, ਜਿਨ੍ਹਾਂ ਦੇ ਪੁੱਤ ਨਸ਼ਿਆਂ ਦੀ ਦਲਦਲ ’ਚ ਧੱਕੇ ਕੁਝ ਤਾਂ ਸ਼ਰਮ ਕਰੋ। ਜਿਨ੍ਹਾਂ ਕਤਲਾਂ ਦਾ ਤੁਸੀਂ ਗੈਂਗਸਟਰ ਬਦਲਾ ਲੈ ਰਹੇ ਹੋ, ਉਹ ਵੀ ਸਾਡੇ ਲੀਡਰਾਂ ਨੇ ਹੀ ਕਰਵਾਏ ਹਨ। ਲੀਡਰ ਪਹਿਲਾਂ ਪਿਆਰ ਨਾਲ ਬੋਲ ਕੇ ਬਾਅਦ ’ਚ ਆਪਣੀ ਕੁਰਸੀ ਬਚਾਉਣ ਲਈ ਅਜਿਹਾ ਕਦਮ ਚੁੱਕਦੇ ਹਨ। ਲੀਡਰ ਕਿਸੇ ਵੀ ਸੂਝਵਾਨ ਨੌਜਵਾਨ ਨੂੰ ਉੱਠਣ ਨਹੀਂ ਦਿੰਦੇ ਕਿ ਕਿਤੇ ਉਨ੍ਹਾਂ ਦੀ 75 ਸਾਲਾਂ ਦੀ ਕੁਰਸੀ ਕੋਈ ਖੋਹ ਨਾ ਲਵੇ। ਤੁਹਾਡੇ ਹੀ ਗਰੁੱਪ ਦੇ ਰਾਜਦੀਪ ਨੇ ਸੱਚ ਕਿਹਾ ਸੀ ਕਿ ਸਰਕਾਰਾਂ ਸਾਨੂੰ ਵਰਤਦੀਆਂ ਹਨ। ਤੁਸੀਂ ਜੋ ਵੀ ਬੋਲੋ, ਸੱਚ ਬੋਲੋ, ਸਰਕਾਰ ਕਹੋ ਸ਼ੂਟਰਾਂ ’ਤੇ ਕਾਰਵਾਈ ਕਰੇ, ਸ਼ੂਟਰਾਂ ਨੇ ਇਹ ਕੰਮ ਪੈਸਿਆਂ ਲਈ ਕੀਤਾ ਹੈ। ਜੇ ਦੇਸ਼ ’ਚ ਬੇਰੁਜ਼ਗਾਰੀ ਨਾ ਹੋਵੇ ਤਾਂ ਲੋਕ ਅਜਿਹਾ ਕੰਮ ਕਿਉਂ ਕਰਨ। ਗਰੀਬਾਂ ਨੂੰ ਨਸ਼ਿਆਂ ’ਚ ਨਹੀਂ ਧੱਕਣਾ ਚਾਹੀਦਾ।

ਚਿੱਠੀ ਲਿਖਣ ਵਾਲੇ ਨੇ ਗੈਂਗਸਟਰ ਬਿਸ਼ਨੋਈ ਨੂੰ ਅੱਗੇ ਕਿਹਾ ਕਿ ਜ਼ਿੰਦਗੀ ਬਹੁਤ ਕੀਮਤੀ ਹੈ, ਜੇਕਰ ਗੱਲ ਗਾਣੇ ਦੀ ਹੈ। ਉਸ ਨੇ ‘ਬੰਬੀਹਾ’ ਗੀਤ ਬਾਰੇ ਵੀ ਲਾਰੈਂਸ ਬਿਸ਼ਨੋਈ ਨੂੰ ਗੱਲਾਂ ਕਹੀਆਂ। ਆਪਣੇ ਮਾਂ-ਪਿਓ ’ਤੇ ਤਰਸ ਕਰਦੇ ਹੋਏ ਸੱਚ ਬੋਲੋ ਅਤੇ ਅਸਲੀ ਕਾਤਲਾਂ ਦਾ ਨਾਂ ਸਾਹਮਣੇ ਲਿਆਓ। ਇਕੱਠੇ ਹੋ ਕੇ ਕਾਲੇ ਝੰਡੇ ਚੁੱਕ ਕੇ ਸਰਕਾਰ ਤੋਂ ਇਨਸਾਫ਼ ਮੰਗੋ।