ਸਿੱਖਾਂ ਨੂੰ ਚਿੜਾਉਣ ਲਈ ਕੀਤੀ ਗਈ ਕਾਂਗਰਸੀ ਆਗੂ ਵਲੋਂ ਕਾਰਵਾਈ
ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਸਿੱਖਾਂ ਨੂੰ ਚਿੜਾਉਣ ਵਾਲੇ ਕਾਂਗਰਸੀ ਆਗੂ ਕਰਮਜੀਤ ਗਿੱਲ ਦੀ ਕਰਤੂਤ ਸ੍ਰੀ ਦਰਬਾਰ ਸਾਹਿਬ ਸਮੂਹ ‘ਚ ਲੱਗੇ ਕੈਮਰਿਆਂ ਰਾਹੀਂ ਬਾਹਰ ਆਈ ਹੈ।

ਇਹ ਕਾਂਗਰਸੀ ਆਗੂ ਝੰਡੇ-ਬੁੰਗੇ ਵਾਲੇ ਰਾਹ ਰਾਹੀਂ ਪਰਿਕਰਮਾ ‘ਚ ਦਾਖਲ ਹੋਇਆ। ਉਸ ਵੇਲੇ ਕਰਮਜੀਤ ਗਿੱਲ ਨੇ ਪੂਰੀ ਬਾਂਹ ਦੀ ਚਿੱਟੀ ਕਮੀਜ਼ ਪਾਈ ਸੀ। ਉਸ ਦੇ ਨਾਲ ਦੋ ਸੁਰੱਖਿਆ ਕਰਮੀ ਸਨ, ਜੋ ਬਾ-ਵਰਦੀ ਸਨ ਤੇ ਉਨ੍ਹਾਂ ਤੋਂ ਇਲਾਵਾ ਦੋ ਹੋਰ ਵਿਅਕਤੀ ਬਿਨਾਂ ਵਰਦੀ ਦੇ ਸਨ। ਬਿਨਾਂ ਵਰਦੀ ਵਾਲੇ ਇਸ ਦੇ ਨਾਲ ਪਰਿਕਰਮਾ ਅੰਦਰ ਦਾਖਲ ਹੋਏ। ਸਮਾਂ ਸਵੇਰ 6 ਵੱਜ ਕੇ 8 ਮਿੰਟ ਦਾ ਸੀ।
ਇਨ੍ਹਾਂ ਨੇ ਜੋੜੇ ਆਪਣੀ ਗੱਡੀ ਵਿਚ ਹੀ ਉਤਾਰੇ ਤੇ ਇਹ ਬੰਦਾ ਪੁੱਠੀ ਪਰਿਕਰਮਾ ਕਰਦਾ ਹੋਇਆ ਆਟਾ ਮੰਡੀ ਵਾਲੇ ਰਾਹ ਦੇ ਸਾਹਮਣੇ ਆਣ ਬੈਠਾ, ਇਸ ਦੇ ਸਾਥੀ ਵੀ ਨਾਲ ਹੀ ਬਹਿ ਗਏ। ਸਵੇਰ ਦੀ ਅਰਦਾਸ ਤੋਂ ਬਾਅਦ ਇਨ੍ਹਾਂ ਇਸ਼ਨਾਨ ਕੀਤਾ। ਇਸ਼ਨਾਨ ਤੋਂ ਬਾਅਦ ਕਰਮਜੀਤ ਗਿੱਲ ਨੇ ਜਗਦੀਸ਼ ਟਾਇਟਲਰ ਵਾਲੀ ਟੀ-ਸ਼ਰਟ ਪਾ ਲਈ ਤੇ ਫਿਰ ਇਸ ਨੇ ਆਪਣੇ ਸਾਥੀ ਕੋਲੋਂ ਤਸਵੀਰ ਖਿਚਵਾ ਕੇ, ਟੀ-ਸ਼ਰਟ ਉੱਤੇ ਮੁੜ ਪੂਰੀ ਬਾਂਹ ਦੀ ਕਮੀਜ਼ ਪਾ ਲਈ।

ਜਦ ਇਹ ਟੀ-ਸ਼ਰਟ ਪਾ ਰਿਹਾ ਸੀ ਜਾਂ ਟੀ-ਸ਼ਰਟ ਨੂੰ ਢਕ ਰਿਹਾ ਸੀ ਤਾਂ ਇਸ ਨੇ ਉਸ ਸਮੇਂ ਮੂੰਹ ਸਰੋਵਰ ਵਾਲੇ ਪਾਸੇ ਰੱਖਿਆ। ਸਿਰਫ਼ ਤਸਵੀਰ ਖਿਚਵਾਉਣ ਲਈ ਹੀ ਥੋੜੇ ਜਿਹੇ ਸਮੇਂ ਲਈ ਪਰਿਕਰਮਾ ਵਲ ਮੂੰਹ ਕਰ ਕੇ ਖੜਿਆ।

ਇਹ ਸ਼ਰਾਰਤੀ ਅਨਸਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਨਹੀਂ ਗਿਆ ਬਲਕਿ ਪਰਿਕਰਮਾ ‘ਚੋਂ ਫੋਟੋ ਖਿਚਵਾ ਕੇ ਵਾਪਸ ਆ ਗਿਆ, ਜਿਸਤੋਂ ਉਸਦਾ ਮਕਸਦ ਸਪੱਸ਼ਟ ਹੋ ਗਿਆ ਕਿ ਉਹ ਕੀ ਸਿੱਧ ਕਰਨਾ ਚਾਹੁੰਦਾ ਸੀ।

ਕੁਝ ਤਾਕਤਾਂ ਸਿੱਖ ਭੇਸ ਵਾਲੇ ਦਲਿਤ ਆਗੂਆਂ ਨੂੰ ਅੱਗੇ ਲਾ ਕੇ ਕਈ ਕੋਣਾਂ ਤੋਂ ਸਿੱਖਾਂ ਨਾਲ ਚਿੰਜੜੀ ਛੇੜਨਾ ਚਾਹੁੰਦੀਆਂ ਹਨ, ਭੜਕਾਉਣਾ ਚਾਹੁੰਦੀਆਂ ਹਨ। ਸਿੱਖਾਂ ਦਾ ਭੜਕਣਾ ਹੀ ਇਨ੍ਹਾਂ ਦਾ ਮਨਸ਼ਾ ਪੂਰਾ ਹੋਣਾ ਹੈ, ਇਨ੍ਹਾਂ ਦਾ ਮਨਸ਼ਾ ਪੂਰਾ ਕੀਤੇ ਬਿਨਾ ਇਨ੍ਹਾਂ ਦਾ ਇਲਾਜ ਕਰਨ ਦਾ ਇੱਕ ਹੱਲ ਪੰਜਾਬ ਦੇ ਦੂਰ-ਦੁਰਾਡੇ 10 ਥਾਣਿਆਂ ‘ਚ ਇਹਦੇ ਅਤੇ ਜਗਦੀਸ਼ ਟਾਈਟਲਰ ਖਿਲਾਫ ਮਾਮਲੇ ਦਰਜ ਕਰਵਾਉਣਾ ਅਤੇ ਇਨ੍ਹਾਂ ਦੋਵਾਂ ਨੂੰ ਅਦਾਲਤ ‘ਚ ਲੈ ਕੇ ਜਾਣਾ ਹੈ। ਇੱਕ ਤਰੀਕ ਪੱਟੀ ਪਵੇ, ਦੂਜੀ ਮੱਖੂ, ਤੀਜੀ ਮਾਨਸੇ, ਚੌਥੀ ਪਠਾਨਕੋਟ। ਸਿੱਖ ਵਿਰੋਧੀਆਂ ਨੂੰ ਇਨ੍ਹਾਂ ਦੇ ਕਨੂੰਨ ਨਾਲ ਨੱਥ ਪਾਓ।

ਕੀ ਸਾਡੇ ਕੋਲ ਵਕੀਲਾਂ ਦੀ ਇੱਕ ਵੀ ਟੀਮ ਅਜਿਹੀ ਹੈਨੀ, ਜੋ ਇਹ ਤਰੀਕਾ ਹਰ ਸਿੱਖ ਵਿਰੋਧੀ ਛੋਟੇ-ਵੱਡੇ ਆਗੂ ਅਤੇ ਮੀਡੀਆਕਾਰ ਨਾਲ ਵਰਤੇ?
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ