ਸੁਲਤਾਨਪੁਰ ਲੋਧੀ : ਪੌਂਗ ਡੈਮ ਤੋਂ ਛੱਡੇ ਗਏ ਪਾਣੀ ਨਾਲ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਜਾਣ ਕਾਰਨ ਹੜ੍ਹ ਵਾਲੇ ਹਾਲਾਤ ਪੈਦਾ ਹੋ ਗਏ ਹਨ। ਪਾਣੀ ਦੇ ਵਾਧੇ ਕਾਰਨ ਦਰਿਆ ਬਿਆਸ ਦੇ ਪਾਣੀ ਕਾਰਨ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪਿੰਡ ਪੱਸਨ ਕਦੀਮ ਨੇੜਿਓਂ ਕਿਸਾਨਾਂ ਦਾ ਬਣਾਇਆ ਆਰਜ਼ੀ ਬੰਨ੍ਹ ਟੁੱਟ ਚੁੱਕਾ ਹੈ, ਜਿਸ ਨਾਲ 300 ਏਕੜ ਝੋਨੇ ਦੀ ਫਸਲ ਡੁੱਬ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ। ਪਿੰਡ ਪੱਸਨ ਕਦੀਮ ਦੇ ਕਿਸਾਨ ਆਗੂ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਦਰਿਆ ਬਿਆਸ ’ਚ ਲਗਾਤਾਰ ਪਾਣੀ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਰਜ਼ੀ ਬੰਨ੍ਹ ਦੇ ਟੁੱਟਣ ਤੋਂ ਬਾਅਦ ਵੱਡੇ ਬੰਨ੍ਹ ਨੇੜੇ ਪਾਣੀ ਜ਼ਿਆਦਾ ਭਰ ਰਿਹਾ ਹੈ ।

ਇਸੇ ਹੀ ਤਰ੍ਹਾਂ ਪਿੰਡ ਆਹਲੀਕਲਾਂ ਦੇ ਕਿਸਾਨਾਂ ਨੇ ਦੱਸਿਆ ਕਿ ਪਿਛਲੀ ਰਾਤ ਤੋਂ ਡੇਢ ਫੁੱਟ ਪਾਣੀ ਵਧ ਚੁੱਕਾ ਹੈ ਤੇ ਜੇਕਰ ਹਰੀਕੇ ਹੈਟ ਤੋਂ ਦਰ ਨਾ ਚੁਕਾਏ ਗਏ ਤਾਂ ਇਹ ਘਾਤਕ ਰੂਪ ਧਾਰਨ ਕਰ ਲਵੇਗਾ, ਜਿਸ ਨਾਲ 35 ਪਿੰਡਾਂ ਦਾ ਭਾਰੀ ਨੁਕਸਾਨ ਹੋਵੇਗਾ। ਪਿੰਡ ਆਹਲੀਕਲਾਂ ਦੇ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਕੋਲ ਅ‍ਾਵਾਜ਼ ਉਠਾ ਕੇ ਤੁਰੰਤ ਇਲਾਕੇ ਨੂੰ ਬਚਾਉਣ।

ਕੀ ਕਹਿੰਦੇ ਹਨ ਪੌਂਗ ਡੈਮ ਦੇ ਅਧਿਕਾਰੀ
ਇਸੇ ਦੌਰਾਨ ਪੌਂਗ ਡੈਮ ਅਥਾਰਟੀ ਨੇ ਚਿਤਾਵਨੀ ਜਾਰੀ ਕਰਦਿਆਂ ਦੱਸਿਆ ਹੈ ਕਿ ਕੱਲ੍ਹ 4,22,267 ਕਿਊਸਿਕ ਪਾਣੀ ਡੈਮ ’ਚੋਂ ਛੱਡਿਆ ਗਿਆ ਸੀ, ਜਿਸ ਨਾਲ ਅਤੇ ਡੈਮ ਵਿਚ ਪਾਣੀ ਦਾ ਪੱਧਰ 1372.33 ਫੁੱਟ ਤੱਕ ਪਹੁੰਚ ਗਿਆ ਹੈ। ਪੌਂਗ ਡੈਮ ਵਿਚ ਆ ਰਹੇ ਲਗਾਤਾਰ ਜ਼ਿਆਦਾ ਪਾਣੀ ਦੇ ਕਾਰਨ ਡੈਮ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੌਂਗ ਡੈਮ ਅਥਾਰਟੀ ਵੱਲੋਂ ਵਾਧੂ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਜਾਵੇਗਾ, ਜਿਥੋਂ ਇਹ ਪਾਣੀ ਅੱਗੇ ਬਿਆਸ ਦਰਿਆ ਵਿਚ ਛੱਡਿਆ ਗਿਆ ਹੈ। ਉਨ੍ਹਾਂ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ ਕਿ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧ ਸਕਦਾ ਹੈ।

ਪੌਂਗ ਡੈਮ ਅਥਾਰਟੀ ਵੱਲੋਂ ਜਾਰੀ ਚਿਤਾਵਨੀ ਨੂੰ ਧਿਆਨ ’ਚ ਰੱਖਦੇ ਹੋਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਬਿਆਸ ਦਰਿਆ ਦੇ ਨਜ਼ਦੀਕ ਵਸੋਂ ਨੂੰ ਅਾਗਾਹ ਕੀਤਾ ਹੈ ਕਿ ਉਹ ਪਾਣੀ ਦੀ ਮਾਰ ’ਚ ਆਉਂਦੇ ਨੀਵੇਂ ਇਲਾਕਿਆਂ ਵਿਚ ਨਾ ਜਾਣ। ਜਿਹੜੀ ਵਸੋਂ ਬਿਆਸ ਦਰਿਆ ਦੇ ਨਜ਼ਦੀਕ ਹੈ, ਉਹ ਚੌਕਸ ਰਹੇ ਅਤੇ ਪਾਣੀ ਦਾ ਪੱਧਰ ਵਧਣ ਤੋਂ ਪਹਿਲਾਂ ਹੀ ਸੁਰੱਖਿਅਤ ਥਾਵਾਂ ’ਤੇ ਚਲਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਹਾਲਾਤ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸੁਲਤਾਨਪੁਰ ਲੋਧੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਜ਼ਰੂਰ ਵਧਿਆ ਹੈ ਪਰ ਹਾਲੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਸਰਕਾਰ ਵਲੋਂ ਹਰੀਕੇ ਹੈਟ ਤੋਂ ਚਾਰ ਦਰ ਚੁਕਾਏ ਗਏ ਹਨ : ਸੱਜਣ ਸਿੰਘ
ਅੱਜ ਰਾਤ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਅਰਜੁਨਾ ਐਵਾਰਡੀ ਨੇ ਪਿੰਡ ਆਹਲੀਕਲਾਂ ਦੇ ਕਿਸਾਨਾਂ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀ ਅਪੀਲ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਦੇ ਵੱਖ-ਵੱਖ ਅਧਿਕਾਰੀਆਂ ਨਾਲ ਫੋਨ ’ਤੇ ਸੰਪਰਕ ਕੀਤੇ ਤੇ ਸਬੰਧਿਤ ਮੰਤਰੀ ਸਾਹਿਬਾਨ ਨੂੰ ਵੀ ਅਪੀਲ ਕੀਤੀ। ਸੱਜਣ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਮੇਰੀ ਬੇਨਤੀ ’ਤੇ ਹਰੀਕੇ ਹੈਟ ਤੋਂ ਚਾਰ ਦਰ ਚੁਕਾਏ ਗਏ ਹਨ, ਜਿਸ ਕਾਰਨ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਹਾਂ।