ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਦੋ ਔਰਤਾਂ ਦੇ ਅੱਧ ਨਗਨ ਅਵਸਥਾ ਵਿਚ ਹੋਣ ਅਤੇ ਇੱਕ-ਦੂਜੇ ਨੂੰ ਚੁੰਮਣ ਦੀਆਂ ਫੋਟੋਆਂ ਜਾਰੀ ਹੋਣ ਤੋਂ ਬਾਅਦ ਮਾਫ਼ੀ ਮੰਗੀ ਹੈ। ਇਸ ਤੋਂ ਪਹਿਲਾਂ ਇੱਕ ਵੀਡੀਓ ਵਿੱਚ ਮਾਰਿਨ ਨੂੰ ਆਪਣੇ ਦੋਸਤਾਂ ਨਾਲ ਨੱਚਦੇ ਅਤੇ ਗਾਉਂਦੇ ਹੋਏ ਦੇਖਿਆ ਗਿਆ ਸੀ, ਜਿਸ ਨਾਲ ਬਹਿਸ ਛਿੜ ਗਈ ਸੀ ਕਿ ਕੀ 36 ਸਾਲਾ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਪਾਰਟੀ ਕਰਨ ਦਾ ਅਧਿਕਾਰ ਹੈ ਜਾਂ ਨਹੀਂ। ਮਾਰਿਨ ਨੇ ਪੁਸ਼ਟੀ ਕੀਤੀ ਹੈ ਕਿ ਜੁਲਾਈ ਦੇ ਸ਼ੁਰੂ ਵਿੱਚ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਉਸ ਦੀ ਸਰਕਾਰੀ ਰਿਹਾਇਸ਼ ਦੇ ਬਾਥਰੂਮ ਵਿੱਚ ਲਈ ਗਈ ਤਸਵੀਰ ਵਿੱਚ ਉਹ ਖ਼ੁਦ ਨਹੀਂ ਹੈ ਅਤੇ ਇਹ ਦੋ ਔਰਤਾਂ ਦੀ ਤਸਵੀਰ ਹੈ। ਇਨ੍ਹਾਂ ‘ਚੋਂ ਇਕ ਔਰਤ ਨੇ ਖਬਰਾਂ ਮੁਤਾਬਕ ਖੁਦ ਇਹ ਤਸਵੀਰ ਪਾਈ ਸੀ ਅਤੇ ਬਾਅਦ ‘ਚ ਇਸ ਨੂੰ ਹਟਾ ਲਿਆ ਗਿਆ। ਉਸ ਦੀ ਪਛਾਣ ਸੋਸ਼ਲ ਮੀਡੀਆ ਪ੍ਰਭਾਵਕ ਵਜੋਂ ਹੋਈ ਹੈ। ਫਿਨਲੈਂਡ ਦੇ ਰਾਜ ਪ੍ਰਸਾਰਕ YLE ਦੇ ਅਨੁਸਾਰ, ਮਾਰਿਨ ਨੇ ਮੰਗਲਵਾਰ ਨੂੰ ਕਿਹਾ, ‘ਮੇਰੀ ਰਾਏ ਵਿੱਚ ਇਹ ਤਸਵੀਰ ਸਹੀ ਨਹੀਂ ਹੈ। ਮੈਂ ਇਸ ਲਈ ਮਾਫ਼ੀ ਮੰਗਦੀ ਹਾਂ। ਤਸਵੀਰ ਨਹੀਂ ਲੈਣੀ ਚਾਹੀਦੀ ਸੀ।’


ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਲੀਕ ਹੋਈ ਇੱਕ ਵੀਡੀਓ ਵਿੱਚ ਪ੍ਰਧਾਨ ਮੰਤਰੀ ਮਾਰਿਨ ਇੱਕ ਨਿੱਜੀ ਪਾਰਟੀ ਵਿੱਚ ਦੋਸਤਾਂ ਨਾਲ ਨੱਚਦੇ ਅਤੇ ਗਾਉਂਦੇ ਨਜ਼ਰ ਆ ਰਹੀ ਹੈ। ਕੇਂਦਰੀ-ਖੱਬੇ-ਪੱਖੀ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਅਗਵਾਈ ਕਰਨ ਵਾਲੀ ਮਾਰਿਨ ਨੂੰ ਪਾਰਟੀ ਬਾਰੇ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ: ਕੀ ਪਾਰਟੀ ਵਿੱਚ ਨਸ਼ੀਲੇ ਪਦਾਰਥ ਸਨ? ਕੀ ਉੱਥੇ ਸ਼ਰਾਬ ਸੀ? ਕੀ ਉਹ ਕੰਮ ਕਰ ਰਹੀ ਸੀ ਜਾਂ ਗਰਮੀਆਂ ਦੀਆਂ ਛੁੱਟੀਆਂ ‘ਤੇ ਸੀ? ਕੀ ਪ੍ਰਧਾਨ ਮੰਤਰੀ ਇੰਨੀ ਹੋਸ਼ ਵਿਚ ਸੀ ਕਿ ਕਿਸੇ ਐਮਰਜੈਂਸੀ ਨਾਲ ਨਜਿੱਠਣ ਵਿਚ ਲਈ ਉਹ ਸਮਰਥ ਸੀ? ਪਾਰਟੀ ਵਿੱਚ ਜ਼ਾਹਰ ਤੌਰ ‘ਕੇ ਕਿਸੇ ਨੇ ਇਹ ਵੀਡੀਓ ਬਣਾਈ ਸੀ, ਜੋ ਸੋਸ਼ਲ ਮੀਡੀਆ ‘ਤੇ ਲੀਕ ਹੋ ਗਈ ਅਤੇ ਫਿਨਲੈਂਡ ਦੀ ਮੀਡੀਆ ਦਾ ਇਸ ‘ਤੇ ਧਿਆਨ ਗਿਆ। ਮਾਰਿਨ ਨੇ ਮੰਨਿਆ ਕਿ ਉਸ ਨੇ ਅਤੇ ਉਸਦੇ ਦੋਸਤਾਂ ਨੇ ਇੱਕ ਪਾਰਟੀ ਕੀਤੀ ਸੀ ਅਤੇ ਉਸ ਵਿੱਚ ਸ਼ਰਾਬ ਦੀ ਵਰਤੋਂ ਕੀਤੀ ਗਈ ਸੀ, ਪਰ ਉਸ ਦੀ ਜਾਣਕਾਰੀ ਅਨੁਸਾਰ ਉਥੇ ਕੋਈ ਨਸ਼ੀਲਾ ਪਦਾਰਥ ਸ਼ਾਮਲ ਨਹੀਂ ਸੀ। ਉਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਡਰੱਗ ਬਾਰੇ ਅਟਕਲਾਂ ਨੂੰ ਖ਼ਤਮ ਕਰਨ ਲਈ “ਡਰੱਗ ਟੈਸਟ” ਕਰਵਾਇਆ ਹੈ, ਜਿਸ ਦਾ ਨਤੀਜਾ ਨੈਗੇਟਿਵ ਆਇਆ ਹੈ।

ਫਿਨਲੈਂਡ ਦੀ ਨੌਜਵਾਨ ਪ੍ਰਧਾਨ ਮੰਤਰੀ ਸਨਾ ਮਾਰਿਨ ਇਨ੍ਹੀਂ ਦਿਨੀਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਪਹਿਲਾਂ ਪਾਰਟੀ ਦੀ ਆਪਣੀ ਵੀਡੀਓ ਅਤੇ ਹੁਣ ਕੁਝ ਦੋਸਤਾਂ ਕਾਰਨ ਉਸ ਨੂੰ ਲਗਾਤਾਰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਧਵਾਰ ਨੂੰ ਆਪਣੇ ਬਚਾਅ ‘ਚ ਭਾਸ਼ਣ ਦਿੰਦੇ ਹੋਏ ਸਨਾ ਮਾਰਿਨ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ‘ਚੋਂ ਹੰਝੂ ਨਿਕਲ ਆਏ। ਪ੍ਰਧਾਨ ਮੰਤਰੀ ਸਨਾ ਮਾਰਿਨ ਦੀ ਨਿੱਜੀ ਜ਼ਿੰਦਗੀ ਉਨ੍ਹਾਂ ਲਈ ਮੁਸੀਬਤ ਬਣ ਗਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰਦੀ ਨਜ਼ਰ ਆ ਰਹੀ ਹੈ। ਕੁਝ ਦਿਨਾਂ ਬਾਅਦ, ਇੱਕ ਹੋਰ ਵੀਡੀਓ ਵਿੱਚ ਉਸ ਦੀ ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਹੋਈ ਪਾਰਟੀ ਵਿੱਚ 2 ਟੌਪਲੈੱਸ ਕੁੜੀਆਂ ਇਕ-ਦੂਜੇ ਨੂੰ ‘ਕਿੱਸ’ ਕਰਦੀਆਂ ਦਿਖਾਈ ਦਿੱਤੀਆਂ ਸਨ। ਮਾਰਿਨ ਨੇ ਆਪਣੇ ਦੋਸਤਾਂ ਲਈ ਮੁਆਫੀ ਵੀ ਮੰਗੀ ਹੈ।


‘ਦਿ ਸਨ’ ਦੀ ਖ਼ਬਰ ਮੁਤਾਬਕ ਉੱਤਰੀ ਹੇਲਸਿੰਕੀ ਦੇ ਲਾਹਤੀ ਸ਼ਹਿਰ ‘ਚ ਆਪਣੀ ਪਾਰਟੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੇ ਇਕ ਸਮਾਗਮ ‘ਚ ਸਨਾ ਮਾਰਿਨ ਭਾਵੁਕ ਹੋ ਗਈ ਅਤੇ ਕਿਹਾ, ‘ਮੈਂ ਵੀ ਇਕ ਇਨਸਾਨ ਹਾਂ ਅਤੇ ਕਈ ਮੁਸੀਬਤਾਂ ਦੇ ਵਿਚਕਾਰ ਮੈਂ ਵੀ ਕਦੇ-ਕਦੇ ਖੁਸ਼ੀ ਲਈ ਤਰਸਦੀ ਹਾਂ। ਇਹ ਨਿੱਜੀ ਹੈ, ਇਹੀ ਖੁਸ਼ੀ ਹੈ ਅਤੇ ਇਹੀ ਜ਼ਿੰਦਗੀ ਹੈ।’ ਮਾਰਿਨ ਦਾ ਭਾਸ਼ਣ ਉਸ ‘ਤੇ ਲੱਗੇ ਸਾਰੇ ਦੋਸ਼ਾਂ ਦੇ ਬਚਾਅ ‘ਚ ਸੀ। ਉਸ ਨੇ ਕਿਹਾ, ‘ਮੈਂ ਇੱਕ ਦਿਨ ਵੀ ਕੰਮ ਨਹੀਂ ਛੱਡਿਆ।’ 36 ਸਾਲਾ ਸਨਾ ਮਾਰਿਨ ਇੱਕ ਧੀ ਦੀ ਮਾਂ ਹੈ ਅਤੇ ਦੁਨੀਆ ਦੇ ਸਭ ਤੋਂ ਨੌਜਵਾਨ ਨੇਤਾਵਾਂ ਵਿੱਚ ਸ਼ਾਮਲ ਹੈ।

ਆਪਣੇ ਭਾਸ਼ਣ ਵਿੱਚ, ਮਾਰਿਨ ਨੇ ਕਿਹਾ ਕਿ ਪਿਛਲਾ ਹਫ਼ਤਾ “ਬਹੁਤ ਮੁਸ਼ਕਲ” ਸੀ। ਦੋਸਤਾਂ ਨਾਲ ਡਾਂਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਮੰਨਿਆ ਕਿ ਉਨ੍ਹਾਂ ਨੇ ਥੋੜ੍ਹੀ ਸ਼ਰਾਬ ਪੀਤੀ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਸ ਨੇ ਡਰੱਗਜ਼ ਲਿਆ ਸੀ ਤਾਂ ਉਸ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਡਰੱਗ ਦੀ ਜਾਂਚ ਵੀ ਕਰਵਾਈ, ਜਿਸ ਦੀ ਰਿਪੋਰਟ ਹੁਣ ਨੈਗੇਟਿਵ ਆਈ ਹੈ।