ਫਰਜ਼ੀ ਦਸਤਾਵੇਜ਼ ਦਿਖਾ ਕੇ ਵਿਆਹ ਕਰਵਾਉਣ ਵਾਲਾ ਗਿਰੋਹ ਕਾਬੂ

244

ਫਿਰੋਜ਼ਪੁਰ ਵਿਖੇ ਫਰਜ਼ੀ ਦਸਤਾਵੇਜ਼ ਦਿਖਾ ਕੇ ਵਿਆਹ ਕਰਵਾਉਣ ਵਾਲੇ ਗਿਰੋਹ ਦੇ ਕੁਝ ਮੈਂਬਰਾਂ ਨੂੰ ਅੱਜ ਫਿਰੋਜ਼ਪੁਰ ਛਾਉਣੀ ਦੀ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਗਿਰੋਹ ਪਹਿਲਾਂ ਵਿਆਹ ਲਈ ਮੁੰਡੇ ਵਾਲਿਆਂ ਨੂੰ ਫਰਜ਼ੀ ਦਸਤਾਵੇਜ਼ ਦਿਖਾ ਕੇ ਗੁੰਮਰਾਹ ਕਰਕੇ ਵਿਆਹ ਲਈ ਰਾਜ਼ੀ ਕਰਵਾ ਲੈਂਦਾ ਸੀ। ਜਿਸ ਤੋਂ ਬਾਅਦ ਕੁੜੀ ਲੜਾਈ-ਝਗੜਾ ਕਰਕੇ ਮੁੰਡੇ ਵਾਲਿਆਂ ਨੂੰ ਤੰਗ-ਪਰੇਸ਼ਾਨ ਕਰਦੀ ਸੀ ਫਿਰ ਇਹ ਗਿਰੋਹ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲਦਾ ਸੀ। ਇਸ ਗਿਰੋਹ ਅੰਦਰ ਇਕ ਨਹੀਂ ਬਲਕਿ ਕਈ ਕੁੜੀਆਂ ਸ਼ਾਮਲ ਸਨ ਅਤੇ ਬਾਕੀ ਦੇ ਵਿਅਕਤੀ ਉਸ ਦੇ ਭਰਾ ਜਾਂ ਰਿਸ਼ਤੇਦਾਰ ਬਣ ਕੇ ਉਸ ਦਾ ਸਾਥ ਦਿੰਦੇ ਸਨ। ਇਸ ਸੰਬੰਧੀ ਗੱਲ ਕਰਦਿਆਂ ਸਥਾਨਕ ਪੁਲਸ ਨੇ ਦੱਸਿਆ ਕਿ ਇਸ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ 3 ਫ਼ਰਾਰ ਹਨ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜੀ ਰਹੀ ਹੈ। ਇਸ ਸਾਰੇ ਮਾਮਲੇ ਦੀ ਜਾਂਚ ਏ.ਐੱਸ.ਆਈ। ਸੁਖਦੇਵ ਰਾਜ ਵੱਲੋਂ ਕੀਤੀ ਜਾ ਰਹੀ ਹੈ।

ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੀ ਰਹਿਣ ਵਾਲੀ ਦਰਸ਼ਨਾ ਦੇਵੀ ਪਤਨੀ ਵਜ਼ੀਰ ਚੰਦ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਉਸ ਦੇ ਮੁੰਡੇ ਰਵੀ ਦਾ ਰਿਸ਼ਤਾ ਫਿਰੋਜ਼ਪੁਰ ਦੀ ਰਹਿਣ ਵਾਲੀ ਤਾਰਾ ਨਾਮ ਇਕ ਕੁੜੀ ਨਾਲ ਤੈਅ ਕੀਤਾ ਗਿਆ ਸੀ। ਸਾਰੀ ਗੱਲਬਾਤ ਕਰਨ ਤੋਂ ਬਾਅਦ ਅੱਜ ਉਹ ਵਿਆਹ ਕਰਨ ਲਈ ਆਪਣੇ ਰਿਸ਼ਤੇਦਾਰਾਂ ਸਮੇਤ ਫਿਰੋਜ਼ਪੁਰ ਛਾਉਣੀ ਦੇ ਮੰਦਰ ਪਹੁੰਚੇ। ਜਦੋਂ ਕੁੜੀ ਵਾਲਿਆਂ ਨੇ ਦੁਲਹਣ ਦੇ ਕੁਝ ਦਸਤਾਵੇਜ਼ ਪੰਡਿਤ ਨੂੰ ਦਿਖਾਏ ਤਾਂ ਉਸ ਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਪੰਡਿਤ ਨੇ ਦਾਅਵਾ ਕੀਤਾ ਕਿ ਇਹ ਕੁੜੀ ਕੱਲ੍ਹ ਵੀ ਕਿਸੇ ਹੋਰ ਵਿਅਕਤੀ ਨਾਲ ਵਿਆਹ ਕਰਵਾ ਕੇ ਗਈ ਹੈ। ਜਿਸ ਦੇ ਆਧਾਰ ‘ਤੇ ਮੁੰਡੇ ਵਾਲਿਆਂ ਨੇ ਥਾਣਾ ਕੈਂਟ ਵਿਖੇ ਇਸ ਦੀ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਵਿਚੋਲੇ ਨੇ ਵੀ ਦੱਸਿਆ ਕਿ ਕੁੜੀ ਵਾਲਿਆਂ ਨੇ ਉਸ ਨੂੰ ਰਿਸ਼ਤੇ ਬਦਲੇ 1 ਲੱਖ ਰੁਪਏ ਦੇਣ ਦੀ ਗੱਲ ਹੋਈ ਸੀ।

ਐੱਸ.ਐੱਚ.ਓ. ਨੇ ਦੱਸਿਆ ਕਿ ਪੁਲਸ ਵੱਲੋਂ 4 ਨੇ ਆਪਣਾ ਜ਼ੁਰਮ ਕਬੂਲ ਲਿਆ ਹੈ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ 3 ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਓਮ ਪ੍ਰਕਾਸ਼ ਉਰਫ਼ ਪ੍ਰਕਾਸ਼, ਵੀਨਾ ਸ਼ਰਮਾ ਪਤਨੀ ਦਾਵੇਦਾਰ ਕੁਮਾਰ ਹਾਊਸਿੰਗ ਬੋਰਡ ਕਾਲੋਨੀ ਅੰਬਾਲਾ, ਨੇਹਾ ਪਤਨੀ ਰੋਹਿਤ ਸ਼ਰਮਾ ਵਾਸੀ ਅੰਬਾਲਾ, ਜਸਵਿੰਦਰ ਸਿੰਘ ਗਿੱਲ, ਤਾਰਾ ਅਰੋੜਾ, ਦੀਪ ਪਤਨੀ ਨਾਮਲੂਮ ਅਤੇ ਮੀਤ ਅਰੋੜਾ ਪੁੱਤਰ ਰਾਜਨ ਖ਼ਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ 420, 465, 468, 470, 471 ਅਤੇ 120ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।