ਵਿਦੇਸ਼ੀ ਫੰਡਿੰਗ ਨੂੰ ਲੈ ਕੇ ਡੱਲੇਵਾਲ ਦਾ ਕਿਸਾਨ ਜਥੇਬੰਦੀਆਂ ’ਤੇ ਦੋਸ਼, ਕਿਹਾ-CM ਬਣਨਾ ਚਾਹੁੰਦੇ ਨੇ ਆਗੂ (ਵੀਡੀਓ)

224

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਜਥੇਬੰਦੀਆਂ ’ਤੇ ਵਿਦੇਸ਼ਾਂ ’ਚੋਂ ਹੋਈ ਫੰਡਿੰਗ ਨੂੰ ਲੈ ਕੇ ਗੰਭੀਰ ਦੋਸ਼ ਲਾਏ ਹਨ।ਡੱਲੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ’ਚ ਸ਼ਾਮਲ ਜਥੇਬੰਦੀਆਂ ਵੱਲੋਂ ਵਿਦੇਸ਼ਾਂ ’ਚੋਂ 5-5 ਕਰੋੜ ਰੁਪਏ ਤਕ ਮੰਗਵਾਏ ਗਏ। ਵਿਦੇਸ਼ਾਂ ’ਚੋਂ ਜਥੇਬੰਦੀਆਂ ਵੱਲੋਂ ਬਹੁਤ ਸਾਰੇ ਪੈਸੇ ਭੇਜੇ ਗਏ ਪਰ ਇਕ ਮੈਂ ਹੀ ਹਾਂ, ਜੋ ਦਾਅਵੇ ਨਾਲ ਕਹਿੰਦਾ ਹਾਂ ਕਿ ਇਕ ਰੁਪਿਆ ਨਹੀਂ ਮੰਗਵਾਇਆ।ਉਨ੍ਹਾਂ ਦਾਅਵਾ ਕੀਤਾ ਕਿ ਮੈਂ ਬਾਂਹ ਖੜ੍ਹੀ ਕਰ ਕੇ ਕਹਿ ਸਕਦਾ ਹਾਂ ਕਿ ਕੋਈ ਐੱਨ. ਆਰ. ਆਈ. ਵੀ ਇਹ ਸਿੱਧ ਕਰੇ ਕਿ ਉਨ੍ਹਾਂ ਨੇ ਡੱਲੇਵਾਲ ਨੂੰ 5 ਰੁਪਏ ਵੀ ਭੇਜੇ ਹੋਣ। ਇਸ ਦੌਰਾਨ ਉਨ੍ਹਾਂ ਬਿਨਾਂ ਕਿਸੇ ਕਿਸਾਨ ਆਗੂ ਦਾ ਨਾਂ ਲਏ ਕਿਹਾ ਕਿ ਜਥੇਬੰਦੀਆਂ ਦੇ ਲੋਕ ਮੈਦਾਨ ’ਚ ਮੁੱਖ ਮੰਤਰੀ ਬਣਨ ਲਈ ਉਤਰੇ ਹੋਏ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਮੇਰੇ ਕੋਲ ਇਕ ਵਿਅਕਤੀ ਆਇਆ ਤੇ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਚੋਣਾਂ ’ਚ ਖੜ੍ਹੇ ਹੋਵੋ। ਮੈਂ ਉਸ ਨੂੰ ਕਿਹਾ ਕਿ ਮੇਰੀ ਜਥੇਬੰਦੀ ਦਾ ਸਿਧਾਂਤ ਹੈ ਕਿ ਜਿੰਨਾ ਚਿਰ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦਿੰਦਾ, ਉਦੋਂ ਤਕ ਚੋਣ ਨਹੀਂ ਲੜ ਸਕਦਾ।

ਉਸ ਵਿਅਕਤੀ ਨੇ ਮੈਨੂੰ ਕਿਹਾ ਕਿ ਐੱਨ. ਆਰ. ਆਈ. ਵੀਰ ਕਹਿੰਦੇ ਹਨ ਕਿ ਡੱਲੇਵਾਲ ਨੂੰ ਚੋਣਾਂ ਲੜਨ ਲਈ ਮਨਾਓ ਪਰ ਮੈਂ ਉਸ ਵਿਅਕਤੀ ਨੂੰ ਕਿਹਾ ਕਿ ਕਿਸਾਨ ਅੰਦੋਲਨ ’ਚ ਐੱਨ. ਆਰ. ਆਈ. ਵੀਰਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਤੇ ਮੇਰੀ ਉਨ੍ਹਾਂ ਨੂੰ ਬੇਨਤੀ ਹੈ ਕਿ ਹੁਣ ਵੋਟਾਂ ਕਰਕੇ ਕਿਸਾਨ ਆਗੂਆਂ ਪਿੱਛੇ ਨਾ ਲੱਗੋ ਕਿਉਂਕਿ ਉਨ੍ਹਾਂ ਨੇ ਆਪਣਾ ਘਰ ਵੀ ਦੇਖਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਸੀਂ ਹੋਰ ਅੰਦੋਲਨ ਕਰਾਂਗੇ, ਉਸ ਸਮੇਂ ਜ਼ੋਰ ਲਾ ਦਿਓ। ਹੁਣ ਤੁਸੀਂ ਡਾਲਰਾਂ ਦੀਆਂ ਪੰਡਾਂ ਸਾਡੀ ਖਾਤਿਰ ਨਾ ਸੁੱਟਿਓ ਕਿ ਕਿਸਾਨ ਚੋਣਾਂ ਲੜ ਰਹੇ ਹਨ। ਡੱਲੇਵਾਲ ਨੇ ਕਿਹਾ ਕਿ ਐੱਨ. ਆਰ. ਆਈ. ਵੀਰਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਦਾ ਕੋਈ ਅਸੂਲ ਹੈ, ਇਸ ਲਈ ਅਸੀਂ ਇਹ ਕੰਮ ਨਹੀਂ ਕਰਨਾ।

ਕਿਸਾਨ ਆਗੂਆਂ ਦੀ ਆਪਸੀ ਦੂਸ਼ਣਬਾਜੀ-ਰਾਜੇਵਾਲ ਨੇ ਡੱਲੇਵਾਲ ਨੂੰ ਆਰਐਸਐਸ ਦਾ ਬੰਦਾ ਗਰਦਾਨਿਆ…ਡੱਲੇਵਾਲ ਨੇ ਫੰਡਾਂ ਦੇ ਹਿਸਾਬ ਦੀ ਗੱਲ ਕੀਤੀ ਤਾਂ ਰਾਜੇਵਾਲ ਨੇ ਕਿਹਾ ਕਿ ਡੱਲੇਵਾਲ ਤਾਂ ਆਰਐਸਐਸ ਦਾ ਬੰਦਾ…

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਮੋਰਚੇ ਦੌਰਾਨ ਮਿਲੇ ਫੰਡਾਂ ਦੇ ਹਿਸਾਬ ਦੀ ਗੱਲ ਕੀਤੀ ਤਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਨਵਾਂ ਖੁਲਾਸਾ ਕਰ ਦਿੱਤਾ ਕਿ ਡੱਲੇਵਾਲ ਤਾਂ ਆਰਐਸਐਸ ਨਾਲ ਜੁੜੇ ਹੋਏ ਹਨ।

ਸ. ਰਾਜੇਵਾਲ ਦਾ ਕਹਿਣਾ ਹੈ ਕਿ ਸ. ਡੱਲੇਵਾਲ “ਆਰਐਸਐਸ ਦੇ ਕਿਸਾਨ ਵਿੰਗ – ਭਾਰਤੀ ਕਿਸਾਨ ਸੰਘ” ਦੇ ਮੀਤ ਪ੍ਰਧਾਨ ਹਨ, ਜਿਸਦੇ ਪ੍ਰਧਾਨ ਸ਼ਿਵ ਕੁਮਾਰ ਕੱਕਾ ਜੀ ਹਨ, ਜੋ ਕਿ ਖ਼ੁਦ ਕਿਸਾਨ ਮੋਰਚੇ ‘ਚ ਮੋਹਰੀ ਰਹੇ। ਦੱਸਣਯੋਗ ਹੈ ਕਿ ਹੁਣ ਐਮਐਸਪੀ ਬਾਰੇ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿੱਚ ਵੀ ਕੱਕਾ ਜੀ ਹੋਰੀਂ ਰਾਜੇਵਾਲ ਤੇ ਚੜੂਨੀ ਦੇ ਨਾਲ ਪੰਜ ਮੈਂਬਰੀ ਕਮੇਟੀ ‘ਚ ਸ਼ਾਮਲ ਹਨ। ਮਤਲਬ ਕਿ ਆਰਐਐਸ ਹੁਣ ਵੀ ਵਿੱਚ ਹੀ ਹੈ।

ਦੂਜੇ ਪਾਸੇ ਇਸ ਮੋਰਚੇ ਵਿੱਚ ਸਿਆਸੀ ਆਗੂ ਯੋਗੇਂਦਰ ਯਾਦਵ ਨੂੰ ਵੀ ਅੱਗੇ ਰੱਖਿਆ ਗਿਆ ਸੀ, ਜਿਸ ਬਾਰੇ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਹੁਣ ਸਖ਼ਤ ਟਿੱਪਣੀਆਂ ਕੀਤੀਆਂ ਹਨ।
ਅੱਜ ਤੋਂ ਕਈ ਮਹੀਨੇ ਪਹਿਲਾਂ ਇਨ੍ਹਾਂ ਸਤਰਾਂ ਦੇ ਲੇਖਕ ਨੇ ਕੱਕਾ ਜੀ ਤੇ ਯੋਗੇਂਦਰ ਯਾਦਵ ਬਾਰੇ ਦੱਸਿਆ ਸੀ ਤਾਂ ਉਦੋਂ ਬਹੁਤੇ ਸੱਜਣ ਇਹ ਕਹਿ ਕੇ ਚੁੱਪ ਕਰਾ ਦਿੰਦੇ ਸਨ ਕਿ ਤੁਹਾਨੂੰ ਬਹੁਤ ਪਤਾ, ਲੀਡਰਾਂ ਨੂੰ ਨੀ ਪਤਾ ਕਿ ਇਹ ਬੰਦੇ ਕੌਣ ਹਨ? ਹੁਣ ਉਹੀ ਲੀਡਰ ਖ਼ੁਦ ਦੱਸ ਰਹੇ ਹਨ ਕੱਕਾ ਜੀ ਬਾਰੇ ਵੀ ਤੇ ਯੋਗੇਂਦਰ ਯਾਦਵ ਬਾਰੇ ਵੀ। ਭਾਜਪਾ ਨਾਲ ਗੁਪਤ ਮੀਟਿੰਗਾਂ ਕਰਨ ਵਾਲੇ ਆਗੂਆਂ ਦੇ ਨਾਮ ਵੀ ਲਏ ਜਾ ਰਹੇ ਹਨ, ਸ. ਡੱਲੇਵਾਲ ਵਾਲੀ ਵੀਡੀਓ ‘ਚ।

ਕਿਸਾਨ ਆਗੂ ਸੁਰਜੀਤ ਸਿੰਘ ਫੂਲ ਵੱਲੋਂ ਛੱਬੀ ਜਨਵਰੀ ਨੂੰ ਲਾਲ ਕਿਲੇ ‘ਤੇ ਝੰਡਾ ਝੁਲਾਉਣ ਵਾਲੇ ਨੌਜਵਾਨਾਂ ਦੀ ਹਮਾਇਤ ਕਰਨ ਕਰਕੇ ਵੀ ਕੁਝ ਕਿਸਾਨ ਆਗੂ ਤੇ ਸਮਰਥਕ ਸ. ਫੂਲ ਦੀ ਅਲੋਚਨਾ ਕਰ ਰਹੇ ਹਨ।

ਮੋਰਚਾ ਫ਼ਤਿਹ ਹੋ ਗਿਆ, ਜੇ ਚੁੱਪ ਰਹਿ ਲੈਂਦੇ ਤਾਂ ਚੰਗਾ ਸੀ ਪਰ ਪੰਜਾਬੀਆਂ ਦਾ ਚੁੱਪ ਰਹਿਣਾ ਔਖਾ, ਸੋ ਕਈ ਹੋਰ ਖੁਲਾਸੇ ਵੀ ਹੋ ਸਕਦੇ ਹਨ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ