ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਵਿਦੇਸ਼ ਚਲੇ ਗਏ ਹਨ। ਉਹ ਅੱਜ ਸਵੇਰੇ ਘਰੋਂ ਗਏ ਹਨ ਅਤੇ ਉਨ੍ਹਾਂ ਦੀ ਵਾਪਸੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਂਝ ਉਨ੍ਹਾਂ ਦੇ ਵਿਦੇਸ਼ੀ ਦੌਰੇ ਬਾਰੇ ਪੁਸ਼ਟੀ ਉਨ੍ਹਾਂ ਦੇ ਸਕੇ ਭਰਾ ਚਮਕੌਰ ਸਿੰਘ ਸਿੱਧੂ ਵਲੋਂ ਕੀਤੀ ਗਈ ਹੈ, ਜੋ ਪੰਜਾਬੀ ਗਾਇਕ ਦੇ ਤਾਇਆ ਹਨ। ਉਨ੍ਹਾਂ ਕਿਹਾ ਕਿ ਦੋਵੇਂ ਛੇਤੀ ਵਾਪਸ ਆਉਣਗੇ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ‌ਦੇ ਪਿਤਾ ਬਲਕੌਰ ਸਿੰਘ ਨੇ ਕੁਝ ਦਿਨ ਪਹਿਲਾਂ ਦਸਿਆ ਸੀ ਕਿ ਪੰਜਾਬੀ ਗਾਇਕ ਦੇ ਵਿਦੇਸ਼ ਵਿਚਲੇ ਕਾਰੋਬਾਰ ਨੂੰ ਵੇਖਣ ਲਈ ਉਨ੍ਹਾਂ ਨੂੰ ਵਿਦੇਸ਼ ਯਾਤਰਾ ਕਰਨੀ ਪੈ ਸਕਦੀ ਹੈ। ਸਿੱਧੂ ਮੂਸੇਵਾਲਾ ਦਾ ਕੈਨੇਡਾ ਵਿੱਚ ਵੀ ਕਾਰੋਬਾਰ ਸੀ ਅਤੇ ਉਹ ਕਤਲ ਦੀ ਵਾਰਦਾਤ ਤੋਂ ਹਫ਼ਤਾ ਪਹਿਲਾਂ ਹੀ ਦੁਬਈ ਜਾਕੇ ਆਇਆ ਸੀ।

ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਧਮਕੀ ਦਿੱਤੀ ਹੈ। ਇਹ ਧਮਕੀ ਸਿੱਧੂ ਮੂਸੇਵਾਲਾ ਦੀ ਈ-ਮੇਲ ਰਾਹੀਂ ਦਿੱਤੀ ਗਈ ਹੈ ਪਰਿਵਾਰ ਵੱਲੋਂ ਇਸ ਦੀ ਸੂਚਨਾ ਮਾਨਸਾ ਪੁਲੀਸ ਨੂੰ ਦੇਣ ਤੋਂ ਬਾਅਦ ਪੁਲੀਸ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।

ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਈਮੇਲ ਨੂੰ ਗੂਗਲ ਰਾਹੀਂ ਪੜਤਾਲਿਆ ਜਾ ਰਿਹਾ ਹੈ ਅਤੇ ਪੁਲੀਸ ਨੂੰ ਆਸ ਹੈ ਕਿ ਇਸ ਧਮਕੀ ਦੇ ਅਸਲੀ ਨਕਲੀ ਹੋਣ ਦਾ ਮਾਮਲਾ ਸਾਫ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ‌ਦੇ ਮਾਪਿਆਂ ਦੀ ਸੁਰੱਖਿਆ ਪਹਿਲੇ ਦਿਨ ਤੋਂ ਹੀ ਵਧਾਈ ਹੋਈ ਹੈ। ਧਮਕੀ ਨੂੰ ਸ਼ੂਟਰ ਅਜੈ ਲਾਰੈਂਸ ਨੇ ਸਿੱਧੂ ਮੂਸੇਵਾਲਾ ‌ਦੀ ਈਮੇਲ ਉਤੇ ਭੇਜਿਆ ਹੈ, ਜਿਸ ’ਚ ਚਿਤਾਵਨੀ ਦਿੱਤੀ ਹੈ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪਰੀਆ ਦੀ ਸੁਰੱਖਿਆ ਬਾਰੇ ਕੁਝ ਵੀ ਨਾ ਬੋਲਣ। ਉਨ੍ਹਾਂ ਕਿਹਾ ਕਿ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦਾ ਝੂਠਾ ਮੁਕਾਬਲਾ ਸਿੱਧੂ ਮੂਸੇਵਾਲਾ ‌ਦੇ ਪਿਤਾ ਦੇ ਦਬਾਅ ਕਾਰਨ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਮਾਲਕ ਨਹੀਂ ਹਨ ਕਿ ਕਿਸੇ ਦੀ ਸੁਰੱਖਿਆ ਵਧਾਉਣ ਅਤੇ ਕਿਸੇ ਦੀ ਘਟਾਉਣ ਦੀ ਵਾਰ ਵਾਰ ਗੱਲ ਕਰ ਰਹੇ ਹਨ।