ਜਲੰਧਰ ਦੇ ਬਸਤੀ ਪੀਰਦਾਦ ਦੇ ਨਾਲ ਲਗਦੇ ਪੰਨੂ ਵਿਹਾਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਪਤੀ-ਪਤਨੀ ਦੇ ਵਿਵਾਦ ਦੇ ਚਲਦੇ ਜਿੱਥੇ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲਣ ਦਾ ਡਰਾਮਾ ਰਚਿਆ, ਉਥੇ ਹੀ ਪਤਨੀ ਨੇ ਸੱਚ ‘ਚ ਜ਼ਹਿਰੀਲੀ ਪਦਾਰਥ ਨਿਗਲ ਲਿਆ। ਪਤਨੀ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕਿਰਨਦੀਪ ਕੌਰ ਪਤੀ ਬਲਵਿੰਦਰ ਸਿੰਘ ਹੋਈ ਹੈ।
ਕੁੜੀ ਦੀ ਮਾਂ ਬਲਵਿੰਦਰ ਕੌਰ ਨੇ ਦਸਿਆ ਕਿ ਮ੍ਰਿਤਕ ਕਿਰਨਦੀਪ ਪਿਛਲੇ 4 ਮਹਿਨਿਆਂ ਤੋਂ ਆਪਣੇ ਪਤੀ ਨਾਲ ਲੜ ਕੇ ਆਪਣੇ ਪੇਕੇ ਪਰਿਵਾਰ ਨਾਲ ਜਲੰਧਰ ਵਿਚ ਰਹਿ ਰਹੀ ਸੀ। ਉਕਤ ਕੁੜੀ ਤਰਨਤਾਰਨ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨਾਲ ਵਿਆਹੀ ਹੋਈ ਸੀ। ਕੁਝ ਦਿਨ ਪਹਿਲਾਂ ਪੰਚਾਇਤੀ ਰਾਜੀਨਾਮਾ ਵੀ ਹੋਇਆ ਸੀ, ਜਿੱਥੇ ਪਤੀ ਤੋਂ ਪ੍ਰੇਸ਼ਾਨ ਕਿਰਨਦੀਪ ਨੇ ਪਤੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ।
ਬੀਤੇ ਦਿਨ ਉਸ ਦਾ ਪਤੀ ਘਰ ਆਇਆ ਅਤੇ ਉਸ ਨੂੰ ਮਨਾਉਣ ਲਈ ਜ਼ਹਿਰ ਪੀਣ ਦਾ ਡਰਾਮਾ ਕਰਨ ਲੱਗਾ ਪਰ ਵਿਵਾਦ ਇਨ੍ਹਾਂ ਵੱਧ ਗਿਆ ਕਿ ਜ਼ਹਿਰ ਪਤੀ ਤੋਂ ਫੜ ਕਿਰਨਦੀਪ ਹੀ ਪੀ ਗਈ। ਮੌਕੇ ਉਤੇ ਪਰਿਵਾਰ ਵੱਲੋਂ ਕਿਰਨਦੀਪ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ।
ਸੂਚਨਾ ਮਿਲਦੇ ਮੌਕੇ ‘ਤੇ ਪਹੁੰਚੀ ਪੁਲਸ ਨੇ ਦਸਿਆ ਕਿ ਜੋ ਪਰਿਵਾਰ ਵਾਲੇ ਬਿਆਨ ਦੇਣਗੇ, ਉਨ੍ਹਾਂ ਦੇ ਤਹਿਤ ਜਾਂਚ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ। ਕਿਰਨਦੀਪ ਦੀਆਂ ਦੋ ਧੀਆਂ ਹਨ। ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।