ਕੈਨੇਡਾ ਤੋਂ ਇੱਕ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਪੰਜਾਬੀ ਭਾਈਚਾਰੇ ਲਈ ਇਹ ਬੜੀ ਦੁਖਦਾਈ ਖ਼ਬਰ ਹੈ ਕਿ ਬੁੱਧਵਾਰ ਨੂੰ ਸਰੀ ਵਿੱਚ ਦੋ ਗੁਆਂਢੀਆਂ ਵਿਚਕਾਰ ਹੋਈ ਲੜਾਈ ਵਿਚ ਲੋਕਲ ਫਿਲਮ ਨਿਰਮਾਤਾ ਮਨਬੀਰ (ਮਨੀ) ਅਮਰ ਦੀ ਮੌਤ ਹੋ ਗਈ ਹੈ। ਇਹ ਦੁਖਦਾਈ ਹੈ ਕਿ ਇਹ ਸਥਿਤੀ ਇਸ ਹੱਦ ਤੱਕ ਵੱਧ ਗਈ ਕਿ ਇਕ ਵਿਅਕਤੀ ਦੀ ਜਾਨ ਚਲੀ ਗਈ। ਦੱਸ ਦਈਏ ਕਿ 40 ਸਾਲਾ ਮਨਬੀਰ ਮਨੀ ਸ਼ਹਿਰ ਵਿੱਚ ਗੈਂਗ ਹਿੰਸਾ ਬਾਰੇ ਆਪਣੀਆਂ ਫਿਲਮਾਂ ਅਤੇ ਵਕਾਲਤ ਕਰਕੇ ਜਾਣਿਆ ਜਾਂਦਾ ਸੀ।

ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਨੇ ਕਿਹਾ ਕਿ ਮਨਬੀਰ ਦੀ ਮੌਤ ਬੁੱਧਵਾਰ ਨੂੰ ਦੁਪਹਿਰ 1:50 ਵਜੇ ਦੇ ਕਰੀਬ 61 ਐਵੇਨਿਊ ਦੇ 14100-ਬਲਾਕ ਵਿੱਚ ਹੋਈ। ਆਰਸੀਐਮਪੀ ਨੂੰ ਦੋ ਆਦਮੀਆਂ ਵਿਚਕਾਰ ਲੜਾਈ ਹੋਣ ਦੀ ਸੂਚਨਾ ਮਿਲੀ ਸੀ ਅਤੇ ਜਦੋਂ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਤਾਂ ਅਮਰ ਜ਼ਖਮੀ ਹਾਲਤ ਵਿੱਚ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਘਟਨਾ ਸਥਾਨ ‘ਤੇ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਨਬੀਰ (ਮਨੀ) ਅਮਰ ਨੇ ਆਪਣੀ ਕਵਿਤਾ, ਵਾਰਤਕ, ਦਰਸ਼ਨ, ਪੇਂਟਿੰਗ, ਫੋਟੋਗ੍ਰਾਫੀ, ਵਕਾਲਤ ਅਤੇ ਫਿਲਮ ਨਿਰਮਾਣ ਦੁਆਰਾ ਗੈਂਗ ਹਿੰਸਾ ‘ਤੇ ਰੌਸ਼ਨੀ ਪਾਈ ਅਤੇ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਛੋਹਿਆ। ਦੱਖਣੀ ਏਸ਼ੀਆਈ ਭਾਈਚਾਰੇ ਦੇ ਅੰਦਰ ਗੈਂਗ ਹਿੰਸਾ ‘ਤੇ ਕੇਂਦਰਿਤ “ਏ ਵਾਰੀਅਰਜ਼ ਰਿਲੀਜਨ” ਸਮੇਤ ਕਈ ਦਸਤਾਵੇਜ਼ੀ ਫਿਲਮਾਂ ਦਾ ਉਨ੍ਹਾਂ ਨੇ ਨਿਰਮਾਣ ਕੀਤਾ। “ਦ ਡਿਕ੍ਰੀਪਿਟ” ਫਿਲਮ ਰਾਹੀਂ ਉਸ ਨੇ ਵੈਨਕੂਵਰ ਦੇ ਡਾਊਨਟਾਊਨ ਈਸਟ ਸਾਈਡ ਦੇ ਕਈ ਨਿਵਾਸੀਆਂ ਦੀਆਂ ਕਹਾਣੀਆਂ ਨੂੰ ਆਪਣੇ ਸ਼ਬਦਾਂ ਰਾਹੀਂ ਬਿਆਨ ਕੀਤਾ।

ਉਨਾਂ ਦੀ ਮੌਤ ਉਪਰ ਦੁੱਖ ਪ੍ਰਗਟ ਕਰਦਿਆਂ ਕਿਡਸ ਪਲੇਅ ਫਾਊਂਡੇਸ਼ਨ ਦੇ ਸੰਸਥਾਪਕ ਕੈਲ ਦੋਸਾਂਝ ਨੇ ਕਿਹਾ ਹੈ ਕਿ ਅਮਰ ਦੀ ਮੌਤ ਭਾਈਚਾਰੇ ਲਈ ਇੱਕ ਵੱਡਾ ਘਾਟਾ ਹੈ। ਆਪਣੇ ਟਵਿੱਟਰ ਸੁਨੇਹੇ ਰਾਹੀਂ ਕੈਲ ਦੋਸਾਂਝ ਨੇ ਕਿਹਾ ਹੈ ਕਿ ਮਨੀ ਸਮਾਜ ਪ੍ਰਤੀ ਫਿਕਰਮੰਦ ਕਲਾਕਾਰ ਸੀ, ਜਿਸ ਨੇ ਨੌਜਵਾਨਾਂ ਨੂੰ ਨਸ਼ਿਆਂ, ਗੈਂਗ ਅਤੇ ਅਪਰਾਧ ਦੀ ਜ਼ਿੰਦਗੀ ਤੋਂ ਦੂਰ ਰੱਖਣ ਲਈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਸਨ।