ਅੱਤਵਾਦੀ ਜੋਬਨ ਮਸੀਹ ਮੈਂਟਲ ਹਸਪਤਾਲ ‘ਚ ਭਰਤੀ ਸੀ। ਅੱਤਵਾਦੀ ਮਸੀਹ ਤੋਂ ਹੈਂਡ ਗ੍ਰੇਨੇਡ ਮਿਲੇ ਸੀ। ਗੁਰਦਾਸਪੁਰ ਦੇ ਸਦਰ ਥਾਣੇ ‘ਚ ਮਾਮਲਾ ਦਰਜ ਹੈ। 29 ਅਗਸਤ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਅੰਮ੍ਰਿਤਸਰ ‘ਚ ਨਾਕਾਬੰਦੀ ਕਰਕੇ ਭਾਲ ਜਾਰੀ।
ਅੰਮ੍ਰਿਤਸਰ, 3 ਸਤੰਬਰ – ਅੱਜ ਸਵੇਰੇ ਅੰਮ੍ਰਿਤਸਰ ਦੇ ਵਿੱਦਿਆ ਸਾਗਰ ਮੈਂਟਲ ਹਸਪਤਾਲ ਵਿਚੋਂ ਜੋਬਨ ਮਸੀਹ ਨਾਮਕ ਕੈਦੀ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ। ਜੋਬਨ ਮਸੀਹ ਕੋਲੋਂ ਗੁਰਦਾਸਪੁਰ ਪੁਲਿਸ ਨੇ ਹੈਂਡ ਗਰਨੇਡ ਬਰਾਮਦ ਕੀਤੇ ਸੀ ਜਿਸ ਬਾਬਤ ਇੱਕ ਕੇਸ ਗੁਰਦਾਸਪੁਰ ਥਾਣੇ ਵਿਚ ਦਰਜ ਵੀ ਹੈ। ਜੋਬਨ ਮਸੀਹ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਵਿੱਦਿਆ ਸਾਗਰ ਮੈਂਟਲ ਹਸਪਤਾਲ ਜਨਰਲ ਵਾਰਡ ਵਿੱਚ ਦੇਖ ਰੇਖ ਵਾਸਤੇ ਰੱਖਿਆ ਗਿਆ ਸੀ।
ਵਿੱਦਿਆ ਸਾਗਰ ਮੈਂਟਲ ਹਸਪਤਾਲ ਦੇ ਇੰਚਾਰਜ ਡਾ ਸਵਿੰਦਰ ਸਿੰਘ ਦੇ ਮੁਤਾਬਕ ਇਹ ਘਟਨਾ ਅੱਜ ਸਵੇਰੇ ਤਕਰੀਬਨ ਸੱਤ ਵਜੇ ਦੀ ਹੈ ਜਦੋਂ ਕਿ ਇਹ ਕੈਦੀ ਫ਼ਰਾਰ ਦੱਸਿਆ ਜਾ ਰਿਹਾ ਹੈ ਹਸਪਤਾਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਫ਼ਰਾਰ ਕੈਦੀ ਕਿਸੇ ਵੀ ਸੀਸੀਟੀਵੀ ਕੈਮਰੇ ਚ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਹਸਪਤਾਲ ਵਿਚ ਕਈ ਜਗ੍ਹਾ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਹਨ ਜਿਸ ਦਾ ਫ਼ਾਇਦਾ ਫਰਾਰ ਕੈਦੀ ਵੱਲੋਂ ਚੁੱਕਿਆ ਗਿਆ ਹੈ।
ਪੁਲੀਸ ਥਾਣਾ ਮਜੀਠਾ ਰੋਡ ਵੱਲੋਂ ਚੱਲ ਰਹੀ ਪੜਤਾਲ :
ਫਿਲਹਾਲ ਮਜੀਠਾ ਰੋਡ ਪੁਲੀਸ ਥਾਣੇ ਵੱਲੋਂ ਇਸ ਮਾਮਲੇ ਦੀ ਪੜਤਾਲ ਚੱਲ ਰਹੀ ਹੈ। ਐਸਐਚਓ ਥਾਣਾ ਮਜੀਠਾ ਰੋਡ ਹਰਿੰਦਰ ਸਿੰਘ ਨੇ ਦੱਸਿਆ ਕਿ ਸਬੰਧਤ ਵਿਅਕਤੀਆਂ ਦੇ ਬਿਆਨ ਦਰਜ ਕਰਵਾਏ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਕੁਝ ਸਥਿਤੀ ਸਪੱਸ਼ਟ ਹੋ ਸਕੇਗੀ।