ਪਟਿਆਲਾ ਦੇ ਸ਼ੀਸ਼ ਮਹਿਲ ਦੇ ਨਜ਼ਦੀਕ ਨਦੀ ਕਿਨਾਰੇ ਬਣੀ ਪੁਰਾਤਨ ਦਰਗਾਹ ‘ਤੇ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਬੇਅਦਬੀ ਕੀਤੀ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੇਅਰ ਬਿੱਟੂ ਗੱਡੀ ‘ਚ ਸਵਾਰ ਹੋ ਕੇ ਦਰਗਾਹ ਵਾਲੀ ਜਗ੍ਹਾ ‘ਤੇ ਪਹੁੰਚਦੇ ਹਨ, ਜਿੱਥੇ ਕਿ ਉਹ ਆਪਣੀ ਗੱਡੀ ‘ਚੋਂ ਉਤਰਦੇ ਸਾਰ ਕੋਈ ਗੱਲ ਨਹੀਂ ਕਰਦੇ ਤੇ ਸਿੱਧਾ ਜਾ ਕੇ ਪਹਿਲਾਂ ਕੰਧ ਨੂੰ ਡੇਗ ਦਿੰਦੇ ਹਨ ਅਤੇ ਫਿਰ ਦਰਗਾਹ ‘ਤੇ ਚੜ੍ਹ ਕੇ ਬਾਬਾ ਜੀ ਦੀ ਚਾਦਰ ਨੂੰ ਪਾੜ ਦਿੰਦੇ ਹਨ ਅਤੇ ਦੂਰ ਸੁੱਟ ਦਿੰਦੇ ਹਨ। ਇਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ।

ਇਸ ਦਰਗਾਹ ‘ਤੇ ਜੋ ਸੇਵਾ ਕਰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ ਕਿ ਉਨ੍ਹਾਂ ਨੇ ਇਸ ਬੇਅਦਬੀ ਨੂੰ ਕਿਉਂ ਅੰਜਾਮ ਦਿੱਤਾ ਪਰ ਇਸ ਬੇਅਦਬੀ ਕਾਰਨ ਸਾਨੂੰ ਬਹੁਤ ਠੇਸ ਪਹੁੰਚੀ ਹੈ। ਇਹ ਖਵਾਜਾ ਪੀਰ ਬਾਬਾ ਜੀ ਦੀ ਪੁਰਾਤਨ ਦਰਗਾਹ ਹੈ, ਜਿਸ ‘ਤੇ ਬੇਅਦਬੀ ਹੋਈ ਹੈ। ਅਸੀਂ ਮੰਗ ਕਰਦੇ ਹਾਂ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ‘ਤੇ ਸਖਤ ਕਾਰਵਾਈ ਹੋਵੇ। ਦੂਜੇ ਪਾਸੇ ਮੇਅਰ ਬਿੱਟੂ ਦਾ ਕਹਿਣਾ ਹੈ ਕਿ ਮੈਂ ਕੋਈ ਵੀ ਗਲਤੀ ਨਹੀਂ ਕੀਤੀ। ਮੈਂ ਜੋ ਕੀਤਾ ਹੈ, ਸਹੀ ਕੀਤਾ ਹੈ। ਅਸੀਂ ਪਟਿਆਲਾ ਨੂੰ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਆਉਣਾ ਹੈ, ਜੇਕਰ ਇਸੇ ਤਰ੍ਹਾਂ ਸੜਕਾਂ ‘ਤੇ ਕਬਜ਼ੇ ਹੁੰਦੇ ਰਹੇ ਤਾਂ ਅਸੀਂ ਕਿਸ ਤਰ੍ਹਾਂ ਅੱਗੇ ਵਧਾਂਗੇ। ਇਹ ਕੋਈ ਪੁਰਾਤਨ ਦਰਗਾਹ ਨਹੀਂ, 2 ਦਿਨ ਪਹਿਲਾਂ ਬਣੀ ਹੋਈ ਦਰਗਾਹ ਹੈ, ਜਿਸ ਨੂੰ ਮੈਂ ਤੋੜਿਆ ਹੈ।