ਪਹਿਲਾਂ ਵੀ ਚਰਚਾ ‘ਚ ਰਹੀ ਹੈ CU; ਅਧਿਆਪਕਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਮਾਮਲੇ ‘ਚ ਮੁਲਜ਼ਮ ਨੇ ਪ੍ਰਬੰਧਕਾਂ ‘ਤੇ ਲਾਈ ਗੰਭੀਰ ਦੋਸ਼

ਇਸ ਵਿਦਿਆਰਥੀ ‘ਤੇ ਯੂਨੀਵਰਸਿਟੀ ਦੇ ਡਾਇਰੈਕਟਰ ਦੀ ਮੇਲ ਆਈਡੀ ਹੈਕ ਕਰਨ ਦਾ ਦੋਸ਼ ਹੈ। ਮੇਲ ਆਈਡੀ ਨੂੰ ਹੈਕ ਕਰਨ ਤੋਂ ਬਾਅਦ ਕੁਝ ਫੋਟੋਆਂ ਨਾਲ ਛੇੜਛਾੜ ਕਰਕੇ ਇਸ ਨੂੰ ਇਤਰਾਜ਼ਯੋਗ ਬਣਾ ਕੇ ਅਪਲੋਡ ਕੀਤਾ ਗਿਆ ਅਤੇ ਇਸ ਨੂੰ ਕਈ ਹੋਰ ਵਿਦਿਆਰਥੀਆਂ ਤੱਕ ਪਹੁੰਚਾਇਆ ਗਿਆ।

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਵੀਡੀਓ ਵਾਇਰਲ ਦਾ ਮਾਮਲਾ ਜਿਥੇ ਦੇਸ਼ ਭਰ ਵਿੱਚ ਫੈਲ ਗਿਆ ਹੈ ਅਤੇ ਲੋਕਾਂ ਨੂੰ ਵੀ ਸ਼ਰਮਸਾਰ ਹੋਣਾ ਪਿਆ ਹੈ। ਮਾਮਲੇ ਵਿੱਚ ਵਿਦਿਆਰਥਣਾਂ ਦੇ ਖੁਦਕੁਸ਼ੀ ਕਰਨ ਦੀਆਂ ਅਫਵਾਹਾਂ ਤੋਂ ਲੈ ਕੇ ਵੀਡੀਓ ਵਾਇਰਲ ਕਰਨ ਤੱਕ ਖੂਬ ਹੰਗਾਮਾ ਹੋਇਆ ਹੈ, ਜਿਸ ‘ਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਸਮੇਤ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਕਹਿ ਚੁੱਕੇ ਹਨ ਕਿ ਵਿਦਿਆਰਥਣਾਂ ਦੇ ਖੁਦਕੁਸ਼ੀ ਦਾ ਮਾਮਲਾ ਸਿਰਫ਼ ਅਫਵਾਹਾਂ ਸਨ। ਉਧਰ, ਵਿਦਿਆਰਥੀਆਂ ਵੱਲੋਂ ਇਹ ਦੋਸ਼ ਵੀ ਲਾਏ ਗਏ ਕਿ ਯੂਨੀਵਰਸਿਟੀ ਪ੍ਰਬੰਧਕ ਜਾਣ ਬੁੱਝ ਕੇ ਮਾਮਲੇ ਨੂੰ ਦਬਾ ਰਹੇ ਹਨ। ਪਰੰਤੂ ਜੇਕਰ ਯੂਨੀਵਰਸਿਟੀ ਨਾਲ ਸਬੰਧਤ ਇਸ ਸਾਲ ਦੇ ਸ਼ੁਰੂਆਤੀ ਸਮੇਂ ‘ਤੇ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸਤੋਂ ਪਹਿਲਾਂ ਵੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਜਿਹੇ ਮਾਮਲੇ ਨੂੰ ਲੈ ਕੇ ਚਰਚਾ ਵਿੱਚ ਰਹੀ ਸੀ।

ਜਾਣਕਾਰੀ ਅਨੁਸਾਰ ਇਹ ਮਾਮਲਾ ਫਰਵਰੀ ਮਹੀਨੇ ਦਾ ਹੈ, ਜਦੋਂ ਇੱਕ ਵਿਦਿਆਰਥੀ ਵੱਲੋਂ ਮਰਦ ਅਤੇ ਔਰਤ ਅਧਿਆਪਕਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਉਸ ਉਪਰ ਬਾਕਾਇਦਾ ਪੁਲਿਸ ਐਫਆਈਆਰ ਵੀ ਦਰਜ ਹੈ ਅਤੇ ਹੁਣ ਜੂਨ ਮਹੀਨੇ ਵਿੱਚ ਵਿਦਿਆਰਥੀ ਨੂੰ ਜਮਾਨਤ ਮਿਲੀ ਹੈ।ਇਸ ਵਿਦਿਆਰਥੀ ‘ਤੇ ਯੂਨੀਵਰਸਿਟੀ ਦੇ ਡਾਇਰੈਕਟਰ ਦੀ ਮੇਲ ਆਈਡੀ ਹੈਕ ਕਰਨ ਦਾ ਦੋਸ਼ ਹੈ। ਮੇਲ ਆਈਡੀ ਨੂੰ ਹੈਕ ਕਰਨ ਤੋਂ ਬਾਅਦ ਕੁਝ ਫੋਟੋਆਂ ਨਾਲ ਛੇੜਛਾੜ ਕਰਕੇ ਇਸ ਨੂੰ ਇਤਰਾਜ਼ਯੋਗ ਬਣਾ ਕੇ ਅਪਲੋਡ ਕੀਤਾ ਗਿਆ ਅਤੇ ਇਸ ਨੂੰ ਕਈ ਹੋਰ ਵਿਦਿਆਰਥੀਆਂ ਤੱਕ ਪਹੁੰਚਾਇਆ ਗਿਆ।

26 ਫਰਵਰੀ ਨੂੰ ਸਾਈਬਰ ਕ੍ਰਾਈਮ ਥਾਣੇ ‘ਚ ਵਿਦਿਆਰਥਣ ਦੇ ਖਿਲਾਫ ਆਈ.ਪੀ.ਸੀ. ਐਕਟ ਦੀ ਧਾਰਾ-354 ਡੀ, 509 ਅਤੇ 120-ਬੀ, ਆਈ.ਟੀ. ਐਕਟ ਦੀ ਧਾਰਾ-66 (ਸੀ), 67 (ਏ) ਅਤੇ ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਪ੍ਰਬੰਧਨ) ਐਕਟ ਦੀ ਧਾਰਾ 6 ਤਹਿਤ ਐਫ.ਆਈ.ਆਰ. ਦਰਜ ਕਰਵਾਈ ਗਈ।

‘ਯੂਨੀਵਰਸਿਟੀ ‘ਚ ਪਹਿਲਾਂ ਹੀ ਚੱਲ ਰਿਹਾ ਸੀ ਇਹ ਸਭ ਕੁੱਝ”

ਦੂਜੇ ਪਾਸੇ ਹਾਈਕੋਰਟ ਤੋਂ ਬਕਾਇਦਾ ਜ਼ਮਾਨਤ ਮਿਲਣ ਤੋਂ ਬਾਅਦ ਇਸ ਵਿਦਿਆਰਥੀ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਵਿਦਿਆਰਥੀ ਨੇ ਕਈ ਗੰਭੀਰ ਦੋਸ਼ ਲਾਏ ਹਨ।

ਵਿਦਿਆਰਥੀ ਦਾ ਕਹਿਣਾ ਹੈ ਕਿ ਯੂਨੀਵਰਸਿਟੀ ‘ਚ ਅਜਿਹਾ ਕੁਝ ਪਹਿਲਾਂ ਤੋਂ ਹੀ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਸ਼ਿਕਾਇਤਾਂ ਆਈਆਂ ਸਨ, ਜਿਸ ਵਿੱਚ ਅਸ਼ਲੀਲ ਮੈਸੇਜ ਅਤੇ ਫੋਟੋਆਂ ਫੈਲਾਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਜਿਨ੍ਹਾਂ ਦਾ ਕਦੇ ਧਿਆਨ ਵੀ ਨਹੀਂ ਗਿਆ। ਬਾਅਦ ਵਿੱਚ ਉਸ ਨੂੰ ਇਸ ਕੇਸ ਵਿੱਚ ਫਸਾਇਆ ਗਿਆ।