ਮੁੰਬਈ : ਮੁਹਾਲੀ ਦੀ ਇਕ ਨਿੱਜੀ ਯੂਨੀਵਰਸਿਟੀ ਵਾਂਗ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਬੰਬੇ (ਆਈ.ਆਈ.ਟੀ.) ’ਚ ਵੀ ਇਕ ਵਿਦਿਆਰਥਣ ਨੇ ਬਾਥਰੂਮ ਦੀ ਖਿੜਕੀ ’ਚੋਂ ਉਸ ਦਾ ਐੱਮ.ਐੱਮ.ਐੱਸ. ਬਣਾਉਣ ਦੇ ਇਲਜ਼ਾਮ ਲਾਏ ਹਨ। ਅਜਿਹੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਆਈ. ਆਈ. ਟੀ. ਬੰਬੇ ਵਰਗੇ ਨਾਮੀ ਸੰਸਥਾਨ ’ਚ ਹੜਕੰਪ ਮਚ ਗਿਆ ਹੈ। ਫਿਲਹਾਲ ਪਵਈ ਪੁਲਸ ਨੇ ਇਸ ਮਾਮਲੇ ’ਚ ਪਿੰਟੂ ਗਰੀਆ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਸਥਾਨਕ ਪਵਈ ਥਾਣੇ ਦੇ ਸੀਨੀਅਰ ਪੁਲਸ ਕਪਤਾਨ ਬੁੱਧਨ ਸਾਵੰਤ ਨੇ ਦੱਸਿਆ ਕਿ ਇਸ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਯੂਨੀਵਰਸਿਟੀ ਦੀ ਕੰਟੀਨ ’ਚ ਕੰਮ ਕਰਦਾ ਹੈ।

ਸੂਤਰਾਂ ਮੁਤਾਬਕ ਆਈ.ਆਈ.ਟੀ. ਪਵਈ ਦੇ ਮਹਿਲਾ ਹੋਸਟਲ ਦੇ ਬਾਥਰੂਮ ਦੀ ਖਿੜਕੀ ਤੋਂ ਇਕ ਵਿਅਕਤੀ ਨੂੰ ਐੱਮ.ਐੱਮ.ਐੱਸ. ਬਣਾਉਂਦੇ ਦੇਖਿਆ ਗਿਆ। ਵਿਦਿਆਰਥਣ ਨੇ ਇਸ ਬਾਰੇ ਹੋਸਟਲ ਕੌਂਸਲ ਅਤੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਸੀ। ਹੋਸਟਲ ਮੈਨੇਜਮੈਂਟ ਦੀ ਸ਼ਿਕਾਇਤ ’ਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਹੋਰ ਹੋਸਟਲਾਂ ’ਚ ਵੀ ਅਜਿਹੀ ਘਟਨਾ ਵਾਪਰ ਸਕਦੀ ਹੈ।

ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਹੀ ਸਥਿਤੀ ਦਾ ਪਤਾ ਲੱਗੇਗਾ। ਡੀਨ (ਵਿਦਿਆਰਥੀ ਮਾਮਲੇ), ਆਈ.ਆਈ.ਟੀ. ਬੰਬੇ ਪ੍ਰੋ. ਤਪਨੇਂਦੂ ਕੁੰਡੂ ਨੇ ਦੱਸਿਆ ਕਿ ਵਿਦਿਆਰਥਣ ਦੀ ਸ਼ਿਕਾਇਤ ਤੋਂ ਬਾਅਦ ਸੰਸਥਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬਾਹਰਲੇ ਪਾਸੇ ਤੋਂ ਬਾਥਰੂਮ ਨੂੰ ਜਾਣ ਵਾਲੀ ਸੜਕ ਨੂੰ ਸੀਲ ਕਰ ਦਿੱਤਾ ਗਿਆ ਹੈ। ਐੱਚ.-10 ਦੀ ਜਾਂਚ ਤੋਂ ਬਾਅਦ ਅਹਿਮ ਥਾਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਅਤੇ ਲਾਈਟਾਂ ਲਗਾਈਆਂ ਗਈਆਂ ਹਨ। ਡੀਨ ਨੇ ਦੱਸਿਆ ਕਿ ਰਾਤ ਦੀ ਕੰਟੀਨ ਪੁਰਸ਼ ਕਰਮਚਾਰੀ ਚਲਾਉਂਦੇ ਸਨ। ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਕੰਟੀਨ ’ਚ ਸਿਰਫ਼ ਮਹਿਲਾ ਸਟਾਫ਼ ਹੀ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।