ਭਾਰਤ ਦੇ ਸਭ ਤੋਂ ਸਫ਼ਲ ਸਪਿਨਰਾਂ ਵਿਚੋਂ ਇਕ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਪੰਜਾਬ ਦੇ 41 ਸਾਲਾ ਖਿਡਾਰੀ ਨੇ ਆਪਣੇ ਸ਼ਾਨਦਾਰ ਕਰੀਅਰ ‘ਚ 103 ਟੈਸਟ ਮੈਚਾਂ ‘ਚ 417 ਵਿਕਟਾਂ, 236 ਵਨਡੇ ਮੈਚਾਂ ‘ਚ 269 ਵਿਕਟਾਂ ਅਤੇ 28 ਟੀ-20 ਆਈ ਮੈਚਾਂ ‘ਚ 25 ਵਿਕਟਾਂ ਹਾਸਲ ਕੀਤੀਆਂ ਹਨ।

ਹਰਭਜਨ ਨੇ ਟਵਿਟਰ ’ਤੇ ਲਿਖਿਆ, ‘ਮੈਂ ਉਸ ਖੇਡ ਨੂੰ ਅਲਵਿਦਾ ਆਖ ਰਿਹਾ ਹਾਂ, ਜਿਸ ਨੇ ਮੈਨੂੰ ਜੀਵਨ ਵਿਚ ਸਭ ਕੁੱਝ ਦਿੱਤਾ ਹੈ, ਸਾਰੀਆਂ ਚੰਗੀਆਂ ਚੀਜ਼ਾਂ ਵੀ ਖ਼ਤਮ ਹੋ ਜਾਂਦੀਆਂ ਹਨ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਸ 23 ਸਾਲ ਦੇ ਲੰਬੇ ਸਫ਼ਰ ਨੂੰ ਬਿਹਤਰੀਨ ਅਤੇ ਯਾਦਗਾਰ ਬਣਾਇਆ। ਤੁਹਾਡਾ ਤਹਿ ਦਿਲੋਂ ਧੰਨਵਾਦ।’

ਹਰਭਜਨ ਨੇ 1998 ‘ਚ ਸ਼ਾਰਜਾਹ ‘ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਵਨਡੇ ਮੈਚ ਨਾਲ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਨ੍ਹਾਂ ਨੇ ਭਾਰਤ ਲਈ ਮਾਰਚ 2016 ਵਿਚ ਢਾਕਾ ਵਿਚ ਸੰਯੁਕਤ ਅਰਬ ਅਮੀਰਾਤ ਦੇ ਖ਼ਿਲਾਫ਼ T20 ਅੰਤਰਰਾਸ਼ਟਰੀ ਵਿਚ ਆਪਣਾ ਆਖ਼ਰੀ ਮੈਚ ਖੇਡਿਆ ਸੀ। ਉਨ੍ਹਾਂ ਨੇ ਮਾਰਚ 2001 ਵਿਚ ਆਸਟਰੇਲੀਆ ਵਿਰੁੱਧ 3 ਟੈਸਟ ਮੈਚਾਂ ਦੀ ਲੜੀ ਵਿਚ 32 ਵਿਕਟਾਂ ਲਈਆਂ ਸਨ, ਜਿਸ ਵਿਚ ਇਕ ਭਾਰਤੀ ਵੱਲੋਂ ਪਹਿਲੀ ਟੈਸਟ ਹੈਟ੍ਰਿਕ ਵੀ ਸ਼ਾਮਲ ਸੀ। ਇਹ ਉਸ ਦੇ ਸ਼ਾਨਦਾਰ ਕਰੀਅਰ ਦੇ ਸਭ ਤੋਂ ਯਾਦਗਾਰ ਪਲਾਂ ਵਿਚੋਂ ਇਕ ਹੈ। ਹਰਭਜਨ ਸਿੰਘ ਉਨ੍ਹਾਂ ਕੁੱਝ ਖਿਡਾਰੀਆਂ ਵਿਚ ਸ਼ਾਮਲ ਹਨ, ਜੋ 2007 (ਟੀ20) ਅਤੇ 2011 ਵਿਚ ਭਾਰਤ ਦੀ ਇਤਿਹਾਸਕ ਵਿਸ਼ਵ ਕੱਪ ਜਿੱਤ ਦਾ ਹਿੱਸਾ ਰਹੇ ਹਨ।