ਐਸ.ਜੀ.ਪੀ.ਸੀ. ਮੈਂਬਰ ਭਾਈ ਹਰਦੀਪ ਸਿੰਘ ਅਤੇ ਇਲਾਕੇ ਦੀ ਸੰਗਤ ਵੱਲੋਂ ਸ੫ਤ ਵਿਰੋਧ – ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਨਿਲਾਮੀ ਦੀ ਕਾਰਵਾਈ ਰੋਕਣ ਲਈ ਕਿਹਾ

ਪਿਛਲੇ 12 ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੀ ਸੈਣੀਮਾਜਰਾ ਵਿਚਲੀ ਜ਼ਮੀਨ ਵਿਚੋਂ 9 ਕਿੱਲੇ ਨਿਲਾਮ ਕੀਤੇ ਜਾਣ ਦੀ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ ਜਿਸ ਦਾ ਐਸ.ਜੀ.ਪੀ.ਸੀ ਦੇ ਸਥਾਨਕ ਮੈਂਬਰ ਹਰਦੀਪ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਹਰਦੀਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਜੋ ਕਿ ਇਸ ਜ਼ਮੀਨ ਨੂੰ ਵੇਚਣ ਖਿਲਾਫ ਪਿਛਲੇ 12 ਸਾਲਾਂ ਤੋਂ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ, ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਇਕ ਵੱਖਰੀ ਹਾਈ ਪਾਵਰ ਕਮੇਟੀ ਬਣਾ ਕੇ ਗਮਾਡਾ ਤੋਂ ਇਸ ਸਬੰਧੀ ਐਲ.ਓ.ਆਈ. ਹਾਸਿਲ ਕਰ ਲਈਆਂ ਹਨ ਜਿਸ ਨੂੰ ਹੁਣ ਨਿਲਾਮ ਕਰਨ ਲਈ 26 ਸਤੰਬਰ ਨੂੰ ਸਵੇਰੇ 11 ਵਜੇ ਬੋਲੀ ਰੱਖੀ ਹੈ। ਉਨ੍ਹਾਂ ਕਿਹਾ ਕਿ ਦਾਨ ਵਿੱਚ ਪ੍ਰਾਪਤ ਹੋਈ ਜ਼ਮੀਨ ਨੂੰ ਵੇਚਣ ਦਾ ਇਹ ਮੰਦਭਾਗਾ ਕਾਰਾ ਸ਼੍ਰੋਮਣੀ ਕਮੇਟੀ ਦੇ ਮੱਥੇ ਤੇ ਕਲੰਕ ਹੋਵੇਗਾ।

ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਟੈਂਡ ਹਮੇਸ਼ਾਂ ਇਹੋ ਰਿਹਾ ਹੈ ਕਿ ਜ਼ਮੀਨ ਦੇ ਬਦਲੇ ਜ਼ਮੀਨ ਹੀ ਇੱਕ ਥਾਂ ਤੇ ਗਮਾਡਾ ਵੱਲੋਂ ਲਈ ਜਾਵੇ ਅਤੇ ਉਸ ਥਾਂ ਤੇ ਹਸਪਤਾਲ ਜਾਂ ਕੋਈ ਹੋਰ ਲੋਕਾਂ ਦੇ ਹਿੱਤ ਲਈ ਪ੍ਰਾਜੈਕਟ ਬਣਾਇਆ ਜਾਵੇ। ਅਜਿਹੀ ਹੀ ਕਾਰਵਾਈ ਜਨਵਰੀ 2021 ਵਿੱਚ ਵੀ ਆਰੰਭੀ ਗਈ ਸੀ ਜਿਸ ਉੱਤੇ ਰੋਕ ਲਗਾਉਣ ਲਈ ਅਸੀਂ ਭਰਪੂਰ ਯਤਨ ਕੀਤੇ ਅਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿਚ ਇਸ ਵਿਰੁੱਧ ਮਤਾ ਪੁਆਇਆ। ਗੁਰਦੁਆਰਾ ਅੰਬ ਸਾਹਿਬ ਦੀ ਜਾਇਦਾਦ ਸਬ ਕਮੇਟੀ ਦੇ ਕਾਰਵਾਈ ਰਜਿਸਟਰ ਉਪਰ ਲਿਖਤੀ ਤੌਰ ਤੇ ਆਪਣਾ ਵਿਰੋਧ ਦਰਜ ਕੀਤਾ ।

ਪਰ ਆਪਣੇ ਨਿੱਜੀ ਮਨੋਰਥਾਂ ਨੂੰ ਮੁੱਖ ਰੱਖਣ ਵਾਲੇ ਕੁਝ ਅਹੁਦੇਦਾਰ, ਉਨ੍ਹਾਂ ਦੇ ਕਰਿੰਦੇ ਅਤੇ ਕੁਝ ਮੁਲਾਜ਼ਮ ਜ਼ਮੀਨ ਵੇਚਣ ਦੀਆਂ ਅੰਦਰਖਾਤੇ ਲਗਾਤਾਰ ਕੋਸ਼ਿਸ਼ਾਂ ਕਰਦੇ ਆ ਰਹੇ ਹਨ।

ਹਰਦੀਪ ਸਿੰਘ ਨੇ ਕਿਹਾ ਕਿ ਜੇਕਰ ਜ਼ਮੀਨ ਨਿਲਾਮ ਕੀਤੀ ਜਾਂਦੀ ਹੈ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਮੱਥੇ ਤੇ ਕਲੰਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਜ਼ਮੀਨ ਦੀ ਨਿਲਾਮੀ ਤੁਰੰਤ ਰੋਕਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਸੁਚੇਤ ਰਹਿਣ ਅਤੇ 26 ਸਤੰਬਰ ਨੂੰ ਸਵੇਰੇ 10.30 ਵਜੇ ਪਿੰਡ ਸੈਣੀਮਾਜਰਾ ਵਿਖੇ ਨਿਲਾਮੀ ਵਾਲੀ ਥਾਂ ਤੇ ਪਹੁੰਚ ਕੇ ਆਪਣਾ ਵਿਰੋਧ ਦਰਜ ਕਰਵਾਉਣ।

ਹਰਦੀਪ ਸਿੰਘ ਨੇ ਕਿਹਾ ਕਿ ਸੰਗਤ ਨੇ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਨੁਮਾਇੰਦਗੀ ਦੀ ਜੋ ਸੇਵਾ ਉਨ੍ਹਾਂ ਨੂੰ ਬਖਸ਼ੀ ਹੈ, ਉਨ੍ਹਾਂ ਹਮੇਸ਼ਾ ਸੁਹਿਰਦਤਾ ਅਤੇ ਤਨਦੇਹੀ ਨਾਲ ਇਸ ਸੇਵਾ ਨੂੰ ਨਿਭਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਜਿਹੜੇ ਗੁਰਸਿੱਖ ਚੰਗੀ ਭਾਵਨਾ ਨਾਲ ਸਿੱਖ ਪੰਥ ਦੀ ਸੇਵਾ ਕਰਨਾ ਚਾਹੁੰਦੇ ਹਨ, ਉਹ ਉਨ੍ਹਾਂ ਦਾ ਭਰਪੂਰ ਸਹਿਯੋਗ ਕਰਨਗੇ।