13,800 ਕਰੋੜ ਰੁਪਏ ਦੀ ਸੰਪਤੀ ਨਾਲ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਟਰਾਈਡੈਂਟ ਗਰੁੱਪ ਦੇ ਰਾਜਿੰਦਰ ਗੁਪਤਾ – ਇਹ ਖੁਲਾਸਾ ਹਾਲ ਹੀ ਵਿਚ ਆਈਆਈਐੱਫ਼ਐੱਲ ਵੈਲਥ ਹੁਰੁਨ ਇੰਡੀਆ ਰਿਚ ਲਿਸਟ 2022 ਵਿਚ ਹੋਇਆ ਹੈ

ਮੁਹਾਲੀ: ਪੰਜਾਬ ਦੇ ਪ੍ਰਮੁੱਖ ਕੱਪੜਾ ਉਦਯੋਗਾਂ ’ਚੋਂ ਇਕ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਤੇ ਮੌਜੂਦਾ ਪ੍ਰਧਾਨ ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਕਰੀਬ 13,800 ਕਰੋੜ ਰੁਪਏ ਦੀ ਸੰਪਤੀ ਨਾਲ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹਨ। ਇਹ ਖੁਲਾਸਾ ਹਾਲ ਹੀ ਵਿਚ ਆਈਆਈਐੱਫ਼ਐੱਲ ਵੈਲਥ ਹੁਰੁਨ ਇੰਡੀਆ ਰਿਚ ਲਿਸਟ 2022 ਵਿਚ ਹੋਇਆ ਹੈ। ਦੇਸ਼ ਦੇ 122 ਸ਼ਹਿਰਾਂ ’ਚੋਂ 1,103 ਭਾਰਤੀਆਂ ਦੀ ਇਸ ਸੂਚੀ ’ਚ ਪੰਜਾਬ ਦੇ 7 ਉਦਯੋਗਪਤੀ ਸ਼ਾਮਲ ਕੀਤੇ ਗਏ ਹਨ। ਇਤਫ਼ਾਕ ਦੀ ਗੱਲ ਕਿ ਇਹ ਸਾਰੇ 7 ਸੂਬੇ ਦੀ ਵਿੱਤੀ ਰਾਜਧਾਨੀ ਲੁਧਿਆਣਾ ਦੇ ਰਹਿਣ ਵਾਲੇ ਹਨ।

ਜ਼ਿਕਰਯੋਗ ਹੈ ਕਿ ਇਸ ਸੂਚੀ ਵਿੱਚ ਘੱਟੋ-ਘੱਟ 1,000 ਕਰੋੜ ਰੁਪਏ ਦੀ ਸੰਪਤੀ ਵਾਲਿਆਂ ਨੂੰ ਹੀ ਸ਼ਾਮਲ ਕੀਤਾ ਜਾਂਦਾ ਹੈ।

ਸੂਚੀ ਵਿਚ ਅਮੀਰ ਵਿਅਕਤੀਆਂ ਦੀ ਸਭ ਤੋਂ ਵੱਧ ਸੰਖਿਆ ਵਾਲੇ ਸ਼ਹਿਰਾਂ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਲੁਧਿਆਣਾ ਸੱਤ ਐਂਟਰੀਆਂ ਦੇ ਨਾਲ ਦੇਸ਼ ਵਿਚ 16ਵੇਂ ਸਥਾਨ ‘ਤੇ ਹੈ। ਮੁੰਬਈ 283 ਅਮੀਰਾਂ ਦੀ ਸੂਚੀ ਦੇ ਨਾਲ ਸਿਖ਼ਰ ‘ਤੇ ਹੈ, ਇਸ ਦੇ ਬਾਅਦ ਦਿੱਲੀ ਦਾ ਸਥਾਨ ਆਉਂਦਾ ਹੈ ਜਿਹੜਾ 185 ਅਮੀਰਾਂ ਦੇ ਨਾਲ ਦੇਸ਼ ਦਾ ਦੂਜਾ ਸਭ ਤੋਂ ਅਮੀਰ ਸ਼ਹਿਰ ਹੈ।

ਕੈਬਨਿਟ ਰੈਂਕ ਸਰਕਾਰੀ ਖਜ਼ਾਨੇ ਲਈ ਮਹਿੰਗਾ ਸੌਦਾ ! ਮਾਨ ਸਰਕਾਰ ‘ਚ ਟਰਾਈਡੈਂਟ ਗਰੁੱਪ ਦੇ ਰਾਜਿੰਦਰ ਗੁਪਤਾ, ਸੋਨਾਲੀਕਾ ਗਰੁੱਪ ਦੇ ਅਮਿਤ ਸਾਗਰ ਮਿੱਤਲ ਅਤੇ ਕੇਨਰਾ ਬੈਂਕ ਦੇ ਸਾਬਕਾ ਡਾਇਰੈਕਟਰ ਸੁਨੀਲ ਗੁਪਤਾ ਨੂੰ ਕੈਬਨਿਟ ਰੈਂਕ ਦਿੱਤਾ ਗਿਆ ।ਪੰਜਾਬ ਸਰਕਾਰ ਨੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਦੇਸ਼ ਦੇ ਉੱਘੇ ਉਦਯੋਗਪਤੀ ਪਦਮਸ਼੍ਰੀ ਡਾ. ਰਾਜਿੰਦਰ ਗੁਪਤਾ ਨੂੰ ਮੁੜ ਰਾਜ ਇਕਨਾਮਿਕ ਪਾਲਿਸੀ ਅਤੇ ਯੋਜਨਾ ਬੋਰਡ ਦਾ ਤੁਰੰਤ ਪ੍ਰਭਾਵ ਨਾਲ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਦੇ ਅਹੁਦੇ ਦੀ ਮਿਆਦ 3 ਸਾਲ ਹੋਵੇਗੀ। ਜ਼ਿਕਰਯੋਗ ਹੈ ਕਿ ਪਦਮ ਸ਼੍ਰੀ ਡਾ. ਰਾਜਿੰਦਰ ਗੁਪਤਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਵੇਲੇ ਤੇ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ‘ਚ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਯੋਜਨਾ ਬੋਰਡ ਨੂੰ ਭੰਗ ਕਰਕੇ ਉਸ ਦੀ ਜਗ੍ਹਾ ਰਾਜ ਇਕਾਨਮਿਕ ਪਾਲਿਸੀ ਅਤੇ ਯੋਜਨਾ ਬੋਰਡ ਦਾ ਗਠਨ ਕੀਤਾ ਸੀ, ਜਿਸ ਦਾ ਅੱਜ ਡਾ. ਰਾਜਿੰਦਰ ਗੁਪਤਾ ਨੂੰ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।