ਐੱਮਪੀ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਖਿਲਾਫ਼ ਕ੍ਰਿਮੀਨਲ ਡੈਫਾਮੇਸ਼ਨ ਤਹਿਤ ਕੇਸ ਦਾਇਰ ਕੀਤਾ ਹੈ। ਈਮਾਨ ਸਿੰਘ ਦੇ ਵਕੀਲ ਐਡਵੋਕੇਟ ਏਐੱਸ ਸੁਖੀਜਾ ਨੇ ਦੱਸਿਆ ਹੈ ਕਿ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਨੇ ਇਸ ਮਾਮਲੇ ‘ਚ ਬਿਆਨ ਦਰਜ ਕਰਵਾਉਣ ਲਈ 5 ਨਵੰਬਰ ਦੀ ਤਰੀਕ ਤੈਅ ਕੀਤੀ ਹੈ।
ਆਪਣੀ ਸ਼ਿਕਾਇਤ ‘ਚ ਈਮਾਨ ਸਿੰਘ ਮਾਨ ਨੇ ਕਿਹਾ ਹੈ ਕਿ 29 ਜੁਲਾਈ ਨੂੰ ਇਕ ਕਾਨਫਰੰਸ ਦੌਰਾਨ ਭਗਵੰਤ ਮਾਨ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਉੱਤੇ 125 ਏਕੜ ਜ਼ਮੀਨ ਦੱਬਣ ਦਾ ਦੋਸ਼ ਲਗਾਇਆ ਸੀ ਜੋ ਕਿ ਬਿਲਕੁਲ ਬੇਬੁਨਿਆਦ ਹੈ। ਉਨ੍ਹਾਂ ਦੇ ਵਕੀਲ ਦਾ ਦਾਅਵਾ ਹੈ ਕਿ ਛੋਟੀ ਅਤੇ ਵੱਡੀ ਨੱਗਲ ਵਿਚ ਈਮਾਨ ਸਿੰਘ ਦੇ ਨਾਂ ਉੱਤੇ 5 ਬਿਘੇ 14 ਵਿਸਵੇ ਜ਼ਮੀਨ ਬੋਲਦੀ ਹੈ ਜਿਸ ਦੀ ਫਰਦ ਅਦਾਲਤ ਅੱਗੇ ਪੇਸ਼ ਕੀਤੀ ਗਈ ਹੈ। ਮਾਨ ਦੇ ਦਾਦਾ ਜੀ ਨੇ ਇਹ ਜ਼ਮੀਨ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤੀ ਸੀ। ਵਕੀਲ ਨੇ ਕਿਹਾ ਕਿ ਪੰਚਾਇਤ ਮੰਤਰੀ ਵੱਲੋਂ ਜਾਣਬੁੱਝ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ।
ਇਸ ਲਈ ਮੀਡੀਆ ਰਾਹੀਂ ਈਮਾਨ ਸਿੰਘ ਮਾਨ ਦੀ ਮਾਣਹਾਨੀ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਕਿਰਦਾਰ ‘ਤੇ ਵੀ ਭਾਰੀ ਸੱਟ ਵੱਜੀ ਹੈ ਜਿਸ ਵਿਚ ਅਦਾਲਤ ਨੇ ਈਮਾਨ ਸਿੰਘ ਮਾਨ ਨੂੰ 5 ਨਵੰਬਰ ਨੂੰ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ।
ਸਿਮਰਨਜੀਤ ਸਿੰਘ ਮਾਨ ਨੇ ਭਗਵੰਤ ਮਾਨ ‘ਤੇ ਕੀਤਾ ਮਾਣਹਾਨੀ ਦਾ ਮੁਕੱਦਮਾ- ਜ਼ਮੀਨੀ ਝਗੜੇ ‘ਚ CM ਭਗਵੰਤ ਮਾਨ ਤੇ ਪੰਚਾਇਤ ਮੰਤਰੀ ਧਾਲੀਵਾਲ ਖਿਲਾਫ਼ ਅਦਾਲਤ ‘ਚ ਕੇਸ ਦਾਇਰ