ਅੰਮ੍ਰਿਤਸਰ ਪੁਲਿਸ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। 15 ਸਾਲ ਪਹਿਲਾਂ ਮਰੇ ਹੋਏ ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਪਤਾ ਲੱਗਣ ‘ਤੇ ਅੰਮ੍ਰਿਤਸਰ ਪੁਲਿਸ ਬੌਖਲਾਈ ਹੋਈ ਮਾਮਲੇ ਨੂੰ ਸੁਲਝਾਉਣ ਲੱਗੀ ਹੈ ਤੇ ਇਸ ਤੋਂ ਇਲਾਵਾ ਉਸ ਕੋਲ ਮੀਡੀਆ ਨੂੰ ਦੇਣ ਵਾਸਤੇ ਕੋਈ ਜਵਾਬ ਨਹੀਂ ਹੈ।

ਮਾਮਲੇ ਵਿਚ ਮ੍ਰਿਤਕ ਦੇ ਲੜਕੇ ਤੇ ਪਤਨੀ ਨੂੰ ਵੀ ਸ਼ਾਮਲ ਕੀਤਾ ਗਿਆ। ਸ਼ਿਕਾਇਤ ਉਸ ਦੀ ਨੂੰਹ ਦੀ ਸੀ। ਲੜਕੇ ਦੀ ਗ੍ਰਿਫਤਾਰੀ ਦੇ ਬਾਅਦ ਪੀੜਤ ਪਰਿਵਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਦੀ ਲਾਪ੍ਰਵਾਹੀ ਦਾ ਖੁਲਾਸਾ ਕੀਤਾ।

28 ਸਤੰਬਰ 2022 ਨੂੰ ਥਾਣਾ ਵੂਮੈਨ ਸੈੱਲ ਦੀ ਪੁਲਿਸ ਨੇ ਸਿਮਰਨਜੀਤ ਕੌਰ ਦੀ ਸ਼ਿਕਾਇਤ ‘ਤੇ ਉਸ ਦੇ ਪਤੀ ਅਰਸ਼ਦੀਪ ਸਿੰਘ, 15 ਸਾਲ ਪਹਿਲਾਂ ਮਰ ਚੁੱਕੇ ਉਸ ਦੇ ਸਹੁਰੇ ਹਰਜੀਤ ਸਿੰਘ ਵਿਸ਼ਵਾਸ ਮਨਦੀਪ ਕੌਰ ਵਾਸੀ ਸਰਪੰਚ ਵਾਲੀ ਗਲੀ ਪਾਈ ਮਾਨਸਿੰਘ ਰੋਡ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 9, 10 11 ਪ੍ਰੋਹਿਬਿਸ਼ਨ ਆਫ ਚਾਈਲਡ ਮੈਰਿਜ ਐਕਟ 2006 ਅਧੀਨ ਅਪਰਾਧਕ ਮਾਮਲਾ ਦਰਜ ਕਰ ਦਿੱਤਾ।

ਅੱਜ ਸਵੇਰੇ ਛਾਪੇਮਾਰੀ ਕਰਕੇ ਪੁਲਿਸ ਨੇ ਮਾਮਲੇ ਵਿਚ ਸ਼ਾਮਲ ਅਰਸ਼ਦੀਪ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ। ਤਿੰਨਾਂ ‘ਤੇ ਸਿਮਰਨਜੀਤ ਕੌਰ ਨੇ ਦੋਸ਼ ਲਗਾਏ ਕਿ ਜਦੋਂ ਉਸ ਦਾ ਵਿਆਹ ਅਰਸ਼ਦੀਪ ਸਿੰਘ ਨਾਲ ਹੋਇਆ ਸੀ ਉਦੋਂ ਉਸ ਦੀ ਉਮਰ 16 ਸਾਲ 4 ਮਹੀਨੇ ਸੀ। ਨਾਬਾਲਗ ਹੋਣ ਦੇ ਬਾਵਜੂਦ ਉਸ ਦਾ ਵਿਆਹ ਹੋਇਆ ਜਿਸ ਬਾਰੇ ਦੋਸ਼ੀ ਜਾਣਦੇ ਸਨ ਪਰ ਪੁਲਿਸ ਨੇ ਬਿਨਾਂ ਕਿਸੇ ਜਾਂਚ ਦੇ ਸਿਮਰਨਜੀਤ ਕੌਰ ਵੱਲੋਂ ਲਿਖਵਾਏ ਗਏ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਦਿੱਤਾ। ਅੱਜ ਜਦੋਂ ਅਰਸ਼ਦੀਪ ਸਿੰਘ ਨੂੰ ਪੁਲਿਸ ਗ੍ਰਿਫਤਾਰ ਕਰਕੇ ਥਾਣੇ ਲੈ ਕੇ ਗਈ ਤੇ ਉਸ ਦੇ ਪਿਤਾ ਤੇ ਮਾਤਾ ਬਾਰੇ ਪੁੱਛਿਆ ਤਾਂ ਉਸ ਸਮੇਂ ਪੁਲਿਸ ਦੇ ਪਸੀਨੇ ਛੁਟਣ ਲੱਗੇ ਜਦੋਂ ਅਰਸ਼ਦੀਪ ਨੇ ਦੱਸਿਆ ਕਿ 15 ਸਾਲ ਪਹਿਲਾਂ ਪਰਚੇ ਵਿਚ ਸ਼ਾਮਲ ਕੀਤੇ ਗਏ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਐੱਫਆਈਆਰ ਦਰਜ ਕੀਤੀ ਗਈ ਹੈ। ਜਾਂਚ ਵਿਚ ਜੋ ਵੀ ਸਾਹਮਣੇ ਆਏਗਾ ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪਰਚੇ ਵਿਚ ਸ਼ਾਮਲ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਿਸ ਦਾ ਡੈੱਥ ਸਰਟੀਫਿਕੇਟ ਲਿਆ ਜਾਵੇਗਾ।